‘ਰੈੱਡ ਕਰਾਸ ਦਿਵਸ ਤੇ ਵਿਸ਼ੇਸ਼’, ਮੌਜੂਦਾ ਦੌਰ ਵਿੱਚ ਮਨੁੱਖਤਾ ਦੀ ਭਲਾਈ ਲਈ ਰੈੱਡ ਕਰਾਸ ਦੀ ਜ਼ਿੰਮੇਵਾਰੀ ਹੋਰ ਵਧੀ!

503

ਅੱਜ 8 ਮਈ ਦਾ ਦਿਨ ਪੂਰੇ ਵਿਸ਼ਵ ਵਿਚ ਰੈੱਡ ਕਰਾਸ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਹ ਦਿਹਾੜਾ ਰੈੱਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਦੇ ਜਨਮ ਦਿਨ ਨੂੰ ਸਮਰਪਿਤ ਕਰਕੇ ਮਨਾਇਆ ਜਾਂਦਾ ਹੈ ।ਰੈੱਡ ਕਰਾਸ ਦਾ ਨਾਮ ਆਉਂਦਿਆਂ ਹੀ ਸਾਡੇ ਸਾਹਮਣੇ ਮਨੁੱਖੀ ਸੇਵਾ ਦੀ ਭਾਵਨਾ ਪੈਦਾ ਹੋ ਜਾਂਦੀ ਹੈ, ਕਿਉਂਕਿ ਇਸ ਸੰਸਥਾ ਦਾ ਜਨਮ ਹੀ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ ਸੰਭਾਲ ਕਰਨਾ, ਵਿਸ਼ਵ ਵਿੱਚ ਕੁਦਰਤੀ ਆਫ਼ਤਾਂ, ਹੜ੍ਹਾਂ ,ਸੋਕੇ ,ਭੂਚਾਲ ਅਤੇ ਭਿਅੰਕਰ  ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਬਿਨਾਂ ਕਿਸੇ ਭੇਦ ਭਾਵ, ਜਾਤ ਪਾਤ ,ਨਸਲ ,ਕੌਮ, ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨਾ ਹੈ ।

ਮੌਜੂਦਾ ਦੌਰ ਵਿੱਚ ਜਦੋਂ ਪੂਰਾ ਵਿਸ਼ਵ ਕੋਵਿਡ -19 ਦੇ ਕਹਿਰ ਨਾਲ ਭਿਅੰਕਰ ਮਹਾਂਮਾਰੀ ਨਾਲ ਜੂਝ ਰਿਹਾ ਹੈ ,ਤਾਂ ਉਸ ਮੌਕੇ ਅਜਿਹੀ ਸੰਸਥਾ ਅਤੇ ਉਸ ਦੇ ਮੈਂਬਰਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਕਿਉਂਕਿ ਇਸ ਦਾ ਉਦੇਸ਼ ਹੀ ਮਨੁੱਖੀ ਮੁਸੀਬਤ ਨੂੰ ਘੱਟ ਕਰਨਾ ਹੈ ,ਪੂਰਾ ਵਿਸ਼ਵ ਅੱਜ ਇੱਕ ਹੀ ਕਿਸਮ ਦੀ ਬਿਮਾਰੀ ਖ਼ਿਲਾਫ਼ ਲੜ ਰਿਹਾ ਹੈ ,ਤਾਂ ਉਸ ਮੌਕੇ ਰੈੱਡ ਕਰਾਸ ਸੁਸਾਇਟੀ ਜਿਸ ਦੀਆਂ 195 ਤੋਂ ਵੱਧ ਦੇਸ਼ਾਂ ਵਿੱਚ ਸ਼ਾਖਾਵਾਂ ਹਨ ,ਜੋ ਪੂਰੇ ਵਿਸ਼ਵ ਨੂੰ ਮਨੁੱਖਤਾ ਦੀ ਭਲਾਈ ਵਿੱਚ ਲੱਗੀਆਂ ਸਮਾਜ ਸੇਵੀ ਸੰਸਥਾਵਾਂ ਲਈ ਵਿਸ਼ਵ ਵਿਆਪੀ ਸੇਧ ਦੇ ਕੇ ਮੋਹਰੀ ਰੋਲ ਅਦਾ ਕਰ ਸਕਦੀ ਹੈ ।ਅਜਿਹੇ ਉਪਰਾਲੇ ਕੁੱਝ ਹੱਦ ਤੱਕ ਕੀਤੇ ਵੀ ਜਾ ਰਹੇ ਹਨ।

ਪੰਜਾਬ ਦੀ ਪਵਿੱਤਰ ਧਰਤੀ ਤੇ ਤਾਂ ਇਹ ਮਨੁੱਖਤਾ ਦੀ ਸੇਵਾ ਦੀ ਭਾਵਨਾ ਭਾਈ ਘਨੱਈਆ ਜੀ ਨੇ ਸੈਂਕੜੇ ਸਾਲ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਵਿਰੁੱਧ ਹੋਈ ਲੜਾਈ ਮੌਕੇ ਜ਼ਖ਼ਮੀ ਸਿਪਾਹੀਆਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਪਾਣੀ ਪੀਲਾ ਅਤੇ ਮਰਹਮ ਪੱਟੀ ਕਰਕੇ, ਅਜਿਹੀ ਹੀ ਸੋਚ ਅਤੇ ਭਾਵਨਾ ਦੀ ਜੋਤ ਨੂੰ ਰੌਸ਼ਨ ਕੀਤਾ ਸੀ ਅਤੇ ਮਨੁੱਖਤਾ ਦੀ ਰੱਜ ਕੇ ਸੇਵਾ ਕੀਤੀ । ਮਨੁੱਖੀ ਸੇਵਾ ਦੀ ਅਜਿਹੀ ਮਿਸਾਲ ਪੂਰੇ ਵਿਸ਼ਵ ਵਿੱਚ ਸਰਵ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਿਚ ਸਫਲ ਰਹੀ, ਜਿਸ ਉੱਪਰ ਚੱਲ ਕੇ ਰੈੱਡ ਕਰਾਸ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਮਾਨਵਤਾ ਦੀ ਸੇਵਾ ਵਿਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ ।

ਅੱਜ ਦੇ ਪਦਾਰਥਵਾਦੀ ਯੁੱਗ ਵਿਚ ਜਿੱਥੇ ਪੈਸੇ ਦੀ ਖ਼ਾਤਰ ਖ਼ੂਨ ਸਫ਼ੈਦ ਹੋ ਰਿਹਾ ਹੈ, ਉੱਥੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰੈੱਡ ਕਰਾਸ ਸੰਸਥਾ ਵੱਲੋਂ ਆਰਥਿਕ ਪੱਖੋਂ ਕਮਜ਼ੋਰ ਲੋਕਾਂ, ਵਿਧਵਾਵਾਂ ,ਅਪਾਹਜਾਂ, ਲੋੜਵੰਦਾ,ਰੋਗੀਆਂ ਅਤੇ ਬੇਸਹਾਰਾ ਲੋਕਾਂ ਨੂੰ ਹਰ ਸੰਭਵ ਮਦਦ ਕੀਤੀ ਜਾਂਦੀ ਹੈ ।

ਮੁੱਢਲੀ ਸਹਾਇਤਾ ਦੇਣ ਲਈ ਨੌਜਵਾਨਾਂ ਨੂੰ ਟਰੇਂਡ ਕਰਨ ਦਾ ਕੰਮ ਵੀ ਰੈੱਡ ਕਰਾਸ ਦਾ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਕਿਸੇ ਐਮਰਜੈਂਸੀ ਹਾਲਾਤ ਵਿੱਚ ਉੱਥੇ ਮੌਕੇ ਤੇ ਸਿਰਫ਼ ਹਾਜ਼ਰ ਸਮਾਨ ਦੀ ਮਦਦ ਨਾਲ ਹੀ ਦਿੱਤੀ ਜਾਂਦੀ ਅਜਿਹੀ ਸਹਾਇਤਾ ਹੈ, ਜਿਸ ਦਾ ਮੁੱਖ ਉਦੇਸ਼ ਪੀੜਤ ਦੇ ਜੀਵਨ ਨੂੰ ਬਚਾਉਣਾ ,ਉਸ ਦੇ ਦਰਦ ਨੂੰ ਘੱਟ ਕਰਨਾ, ਅਤੇ ਸੁਰੱਖਿਅਤ ਢੰਗ ਨਾਲ ਸੁਰੱਖਿਆ ਸਥਾਨ ਤੇ ਪਹੁੰਚਾਉਣਾ ਹੈ ।ਸਾਡੇ ਆਲ਼ੇ ਦੁਆਲੇ ਵਿੱਚ ਸੜਕੀ ਹਾਦਸੇ ਹੋਣਾ, ਅੱਗ ਲੱਗਣਾ ,ਹੱਡੀ ਟੁੱਟਣਾ, ਸੱਪ ਜਾਂ ਜ਼ਹਿਰੀਲੇ ਕੀੜੇ ਦਾ ਕੱਟਣਾ ,ਕਰੰਟ ਲੱਗਣਾ ,ਦਿਲ ਦਾ ਦੌਰਾ ਪੈਣਾ ਆਦਿ ਘਟਨਾਵਾਂ ਅਕਸਰ ਹੀ ਵਾਪਰਦੀਆਂ ਹਨ। ਅਜਿਹੇ ਮੌਕੇ ਮੁੱਢਲੀ ਸਹਾਇਤਾ ਪੀੜਤ ਲਈ ਵਰਦਾਨ ਸਾਬਤ ਹੁੰਦੀ ਹੈ ।

      ਰੈੱਡ ਕਰਾਸ ਸੁਸਾਇਟੀ ਵੱਲੋਂ ਯੂਥ ਕਲੱਬਾਂ ਅਤੇ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਏ ਜਾਂਦੇ ਖ਼ੂਨਦਾਨ ਕੈਂਪ ਸਮਾਜ ਵਿੱਚ ਖ਼ੂਨਦਾਨ ਲਹਿਰ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ। ਸਮੇਂ ਸਮੇਂ ਤੇ ਪਿਛੜੇ ਇਲਾਕੇ ਵਿੱਚ ਪਹੁੰਚ ਕੇ ਰੈੱਡ ਕਰਾਸ ਵੱਲੋਂ ਲੋਕਾਂ ਨੂੰ ਸਿਹਤ ,ਸਫ਼ਾਈ ਅਤੇ ਸਿੱਖਿਆ ਪ੍ਰਤੀ ਜਾਗਰੂਕ ਕਰਨ ਦੀ ਪਹਿਲ ਵੀ ਸਮਾਜ ਲਈ ਲਾਹੇਵੰਦ ਸਾਬਿਤ ਹੁੰਦੀ ਹੈ ।

ਨਸ਼ਾ ਅੱਜ ਇੱਕ ਅੰਤਰਰਾਸ਼ਟਰੀ ਗੰਭੀਰ ਸਮੱਸਿਆ ਬਣ ਚੁੱਕਿਆ ਹੈ, ਇਸ ਦੇ ਖ਼ਿਲਾਫ਼ ਰੈੱਡ ਕਰਾਸ ਦੀ ਪੰਜਾਬ ਇਕਾਈ ਵੱਲੋਂ ਸਮੇਂ ਸਮੇਂ ਤੇ ਜ਼ੋਰਦਾਰ ਮੁਹਿੰਮ ਚਲਾਈ ਜਾਂਦੀ ਰਹੀ ਹੈ ,ਨਸ਼ੇ ਛੁਡਾਊ ਕੇਂਦਰਾਂ ਵਿੱਚ ਰਸਤੇ ਤੋਂ ਭਟਕੇ ਨੌਜਵਾਨਾਂ ਦੀ ਹਰ ਸੰਭਵ ਮਦਦ ਵੀ ਕੀਤੀ ਜਾਂਦੀ ਹੈ।

     ਵਾਤਾਵਰਨ ਸੰਭਾਲ ,ਮੈਡੀਕਲ ਕੈਂਪ ਲਗਾਉਣਾ , ਸਿੱਖਿਆ ਅਤੇ ਸਿਹਤ ਵਿਭਾਗ ਦੀ ਮਦਦ ਨਾਲ ਲਗਾਏ ਜਾਂਦੇ ਸੈਮੀਨਾਰ ਅਤੇ ਜਾਗਰੂਕਤਾ ਕੈਂਪ ਵੀ ਰੈੱਡ ਕਰਾਸ ਦਾ ਸਮਾਜ ਨੂੰ  ਉਸਾਰੂ ਸੇਧ ਦੇਣ ਵਾਲਾ ਕਦਮ ਹੈ ।

ਰੈੱਡ ਕਰਾਸ ਸੁਸਾਇਟੀ ਦੀ ਫ਼ਿਰੋਜ਼ਪੁਰ ਸ਼ਾਖਾ ਵੱਲੋਂ ਸਮੇਂ ਸਮੇਂ ਤੇ ਅੰਗਹੀਣਾਂ ਨੂੰ ਟਰਾਈਸਾਈਕਲ ,ਨਕਲੀ ਅੰਗ, ਕੈਲੀਪਰ ਅਤੇ ਫੌੜ੍ਹੀਆਂ ਦੇਣ ਲਈ ਲਗਾਏ ਜਾਂਦੇ ਕੈਂਪ ਲੋੜਵੰਦਾਂ ਲਈ ਬੇਹੱਦ ਸਹਾਈ ਹੁੰਦੇ ਹਨ। ਇਸ ਤੋਂ ਇਲਾਵਾ ਮਰੀਜ਼ਾ ਨੂੰ ਸਸਤੀ ਦਵਾਈ ਪ੍ਰਦਾਨ ਕਰਨ ਲਈ ਜਨ ਔਸ਼ਧੀ ਕੇਂਦਰ ,ਫਿਜੀਓਥਰੈਪੀ ਸੈਂਟਰ ਅਤੇ ਪੰਘੂੜਾ ਸਕੀਮ ਦਾ ਚਲਾਉਣਾ ਚੰਗਾ ਉਪਰਾਲਾ ਹੈ ।

ਮੌਜੂਦਾ ਦੌਰ ਵਿੱਚ ਪੂਰਾ ਵਿਸ਼ਵ ਭਿਅੰਕਰ  ਸਮੇਂ ਵਿਚੋਂ ਗੁਜ਼ਰ ਰਿਹਾ ਹੈ, ਆਉ ਅੱਜ ਰੈੱਡ ਕਰਾਸ ਦਿਵਸ ਮੌਕੇ ਸਰ ਹੈਨਰੀ ਡਿਊਨਾ ਦੇ ਦਿਖਾਏ ਰਸਤੇ ਤੇ ਚੱਲਣ ਦਾ ਪ੍ਰਣ ਕਰੀਏ ਅਤੇ ਗੁਰੂ ਸਾਹਿਬਾਨ ਵੱਲੋਂ ਦਿੱਤੇ ਸੰਦੇਸ਼ ਅਨੁਸਾਰ ਸਰਬੱਤ ਦਾ ਭਲਾ ਦੀ ਅਰਦਾਸ ਕਰੀਏ ।

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ॥

ਇਸ ਸੰਕਟ ਦੀ ਘੜੀ ਦੇ ਵਿੱਚ ਸਰਬੱਤ ਦਾ ਭਲਾ, ਸਮੁੱਚੀ ਮਨੁੱਖ ਜਾਤੀ ਵਿੱਚ ਪਰਮਾਤਮਾ ਦੀ ਜੋਤ ਸਮਝ ਕੇ ਬਿਨਾਂ ਕਿਸੇ ਮਜ਼ਹਬ ,ਜਾਤ ਪਾਤ, ਕੌਮ ਦੇ ਵਿਤਕਰੇ ਦੇ ਨਿਰਪੱਖ ਹੋ ਕੇ ਗੁਰਬਾਣੀ ਵਿੱਚ ਦਿੱਤੇ ਸੰਦੇਸ਼ ਅਨੁਸਾਰ ਕਰੀਏ

ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕੋ ਬਣ ਆਈ ॥

ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਪ੍ਰਿੰਸੀਪਲ 
ਮੈਂਬਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਫ਼ਿਰੋਜ਼ਪੁਰ