ਲਵ-ਮੈਰਿਜ਼ ਕਰਵਾਉਣ ਵਾਲੀ, ਮਹਿਲਾ ਪੁਲਿਸ ਮੁਲਾਜ਼ਮ ‘ਤੇ ਪਿਤਾ ਅਤੇ ਚਾਚਿਆਂ ਵਲੋਂ ਹਮਲਾ

326

ਮੋਗਾ : ਪੰਜਾਬ ਪੁਲਿਸ ਮਹਿਕਮੇ ਵਿਚ ਤਾਇਨਾਤ ਇਕ ਮਹਿਲਾ ਪੁਲਿਸ ਮੁਲਾਜ਼ਮ ਦੇ ਪਿਤਾ ਨੇ ਆਪਣੇ ਦੋ ਭਰਾਵਾਂ ਨਾਲ ਮਿਲ ਕੇ ਆਪਣੀ ਲੜਕੀ ਦੀ ਗੱਡੀ ਨੂੰ ਰਸਤੇ ‘ਚ ਘੇਰ ਕੇ ਉਸ ਦੇ ਸ਼ੀਸ਼ੇ ਭੰਨ੍ਹ ਦਿੱਤੇ। ਪੁਲਿਸ ਨੇ ਪੀੜਤ ਮਹਿਲਾ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ‘ਤੇ ਉਸ ਦੇ ਪਿਤਾ ਤੇ ਦੋ ਚਾਚਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੌਕੇ ‘ਤੇ ਉਸ ਦੇ ਪਿਤਾ ਨੂੰ ਚਾਰ ਬੋਤਲਾਂ ਸ਼ਰਾਬ ਸਣੇ ਕਾਬੂ ਕਰ ਲਿਆ ਹੈ।

ਥਾਣਾ ਸਦਰ ਦੇ ਹੌਲਦਾਰ ਜਗਵਿੰਦਰ ਸਿੰਘ ਨੇ ਦੱਸਿਆ ਕਿ ਗੰਗਾ ਬਾਈ ਪੁੱਤਰੀ ਜੱਗਾ ਸਿੰਘ ਵਾਸੀ ਸੰਗਤਪੁਰਾ ਬਸਤੀ ਪੱਤੀ ਘੱਲਕਲਾਂ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਪੰਜਾਬ ਪੁਲਿਸ ਮਹਿਕਮੇ ਵਿਚ ਜ਼ਿਲ੍ਹਾ ਫਿਰੋਜ਼ਪੁਰ ਵਿਚ ਤਾਇਨਾਤ ਹੈ। ਉਸ ਨੇ ਕਿਹਾ ਕਿ ਉਸ ਨੇ ਆਪਣੀ ਮਰਜ਼ੀ ਨਾਲ ਹਰਪ੍ਰੀਤ ਸਿੰਘ ਵਾਸੀ ਪਿੰਡ ਝਾਂਡੇ ਨਾਲ ਵਿਆਹ ਕਰਵਾਇਆ ਸੀ, ਜਿਸ ਕਾਰਨ ਉਸ ਦਾ ਪਿਤਾ ਅਤੇ ਉਸ ਦੇ ਚਾਚੇ ਵਿਰੋਧ ਕਰਦੇ ਸੀ।

ਉਸ ਨੇ ਕਿਹਾ ਕਿ 19 ਮਈ ਦੀ ਰਾਤ ਨੂੰ ਉਹ ਛੁੱਟੀ ਕੱਟਣ ਲਈ ਆਪਣੇ ਪਿੰਡ ਆਈ ਸੀ ਤਾਂ ਇਸ ਦੌਰਾਨ ਉਸ ਦੇ ਪਿਤਾ ਜੱਗਾ ਨੇ ਤੇ ਦੋ ਚਾਚਿਆਂ ਗੁਰਤੇਜ ਸਿੰਘ ਅਤੇ ਸੁਖਦੇਵ ਸਿੰਘ ਨੇ ਉਸ ਨੂੰ ਰਸਤੇ ਵਿਚ ਘੇਰ ਕੇ ਉਸ ਦੀ ਗੱਡੀ ਦੇ ਸ਼ੀਸ਼ਿਆਂ ਦੀ ਭੰਨਤੋੜ ਕੀਤੀ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਸ਼ਰਾਬ ਪੀਣ ਦਾ ਆਦੀ ਹੈ। ਜੇਕਰ ਉਸ ਦੇ ਘਰ ਰੇਡ ਕੀਤੀ ਜਾਵੇ ਤਾਂ ਉਸ ਦੇ ਘਰੋਂ ਸ਼ਰਾਬ ਬਰਾਮਦ ਹੋ ਸਕਦੀ ਹੈ।

ਪੁਲਿਸ ਨੇ ਪੀੜਤਾ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ‘ਤੇ ਜੱਗਾ ਸਿੰਘ, ਗੁਰਤੇਜ ਸਿੰਘ ਤੇ ਸੁਖਦੇਵ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਕੀਤੀ ਛਾਪਾਮਾਰੀ ਦੌਰਾਨ ਜੱਗਾ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ 4 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਜਦਕਿ ਉਸ ਦੇ ਦੋਵੇਂ ਭਰਾ ਪੁਲਿਸ ਦੀ ਗ੍ਰਿਫ਼ਤ ‘ਚੋਂ ਬਾਹਰ ਹਨ।

(Thankyou punjabi jagran-ਸਵਰਨ ਗੁਲਾਟੀ)

1 COMMENT

  1. ਹੋ ਸਕਦੈ ਸਾਨੂੰ ਵੀ ਇਹਨਾਂ ਹਲਾਤਾਂ ਦਾ ਸਾਹਮਣਾ ਕਰਨਾ ਪਵੇ, ਸਮਾਂ ਬਦਲ ਰਿਹਾ ਹੈ ਸਾਨੂੰ ਵੀ ਬਦਲਣ ਦੀ ਲੋੜ ਹੈ ।

Comments are closed.