ਲਾਕਡਾਊਨ ਬਨਾਮ ਸ਼ਟ-ਡਾਊਨ 

198

ਕਿਸਾਨ ,ਸੀਰੀ, ਸਰਮਾਏਦਾਰ ਅਤੇ ਮਜ਼ਦੂਰ ਇਸ ਧਰਤੀ ਦੇ ਬਸ਼ਿੰਦੇ ਹਨ। ਜੇਕਰ ਇਹ ਸਾਰੇ ਰਲ਼ਮਿਲ਼ ਕੇ ਰਹਿਣ ਤਾਂ ਇਹ ਧਰਤੀ ਸਵਰਗ ਬਣ ਜਾਵੇ। ਪਰ ਲਾਲਚ ਅਤੇ ਬੇਈਮਾਨੀ ਇੰਨ੍ਹਾਂ ਸਾਰਿਆਂ ਨੂੰ ਰਲਕੇ ਬੈਠਣ ਨਹੀਂ ਦਿੰਦੀ। ਸਿੱਕੇ ਦੇ ਵੀ ਦੋ ਪਹਿਲੂ ਹੁੰਦੇ ਹਨ। ਕੁਦਰਤ ਨੇ ਕੋਈ ਵੀ ਵਸਤੂ ਇਕੱਲੀ ਨਹੀਂ ਬਣਾਈ। ਕੁਦਰਤ ਦੇ ਨਿਯਮ ਬੜੇ ਨਿਰਾਲੇ ਹਨ। ਧਰਤੀ ਲੱਖਾਂ ਕਰੋੜਾਂ ਸਾਲਾਂ ਤੋਂ ਆਪਣੀ ਧੁਰੀ ਅਤੇ ਸੂਰਜ ਦੁਆਲੇ ਨਿਰੰਤਰ ਘੁੰਮ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਘੁੰਮਦੀ ਰਹੇਗੀ। ਕੁਦਰਤ ਦੇ ਇਸ ਨਿਯਮ ਨੂੰ ਨਾ ਕੋਈ ਬਦਲ ਸਕਿਆ ਹੈ ਅਤੇ ਨਾ ਹੀ ਕੋਈ ਬਦਲ ਸਕੇਗਾ।ਇਸ ਧਰਤੀ ਤੇ ਆਪਣੇ ਆਪ ਨੂੰ ਇਨਸਾਨ ਕਹਾਉਣ ਵਾਲਾ ਮਨੁੱਖ ਹੀ ਕੁਦਰਤ ਨੂੰ ਅੱਖ਼ਾਂ ਵਿਖਾਉਣ ਲੱਗ ਪਿਆ ਹੈ। ਉਸ ਤੇ ਕਬਜ਼ਾ ਕਰਕੇ ਆਪਣੇ ਆਪ ਨੂੰ ਸੁਪਰ ਪਾਵਰ ਸਿੱਧ ਕਰਨ ਦਾ ਭਰਮ ਪਾਲ ਬੈਠਾ ਹੈ।

ਅੱਜ ਕੁਦਰਤ ਤੇ ਕਬਜ਼ਾ ਕਰਨ ਦੀ ਨਹੀਂ ਸਿਰਫ਼ ਮਿੱਤਰ ਬਣਾਉਣ ਦੀ ਲੋੜ ਹੈ। ਕੁਦਰਤ ਨੇ ਸਾਨੂੰ ਐਸ਼ ਪ੍ਰਸਤੀ ਕਰਨ ਲਈ ਅਨੇਕਾਂ ਨਿਆਮਤਾਂ ਦਿੱਤੀਆਂ ਹਨ। ਉਨ੍ਹਾਂ ਦੀ  ਵਰਤੋਂ ਕਰਨ ਲਈ ਸਿਰਫ਼ ਅਕਲ ਦੀ ਲੋੜ ਹੈ। ਧਰਤੀ ਤੇ ਪੈਦਾ ਹੋਏ ਹਰੇਕ ਵਿਅਕਤੀ ਦਾ ਕੁਦਰਤ ਦੀਆਂ ਸਾਰੀਆਂ ਵਸਤਾਂ ਤੇ ਬਰਾਬਰ ਦਾ ਅਧਿਕਾਰ ਹੈ। ਪਰ ਪਿਛਲੇ ਲੰਮੇ ਸਮੇਂ ਤੋਂ ਕੁੱਝ ਚਲਾਕ ਵਿਅਕਤੀਆਂ ਨੇ ਕੁਦਰਤੀ ਸੋਮਿਆਂ ਤੇ ਆਪਣਾ ਕਬਜ਼ਾ ਕਰ ਲਿਆ ਹੈ ਅਤੇ ਸਧਾਰਨ ਲੋਕਾਂ ਨੂੰ ਬੁੱਧੂ ਬਣਾ ਕੇ ਲੁੱਟਣਾ ਤੇ ਕੁੱਟਣਾ ਸ਼ੁਰੂ ਕਰ ਦਿੱਤਾ ਹੈ। ਇਤਿਹਾਸ ਤੇ ਜੇਕਰ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕੁੱਝ ਅਖੌਤੀ ਉਚ ਜਾਤੀਆਂ ਵੱਲੋਂ ਗ਼ਰੀਬ ਨਿਮਨ ਜਾਤੀਆਂ ਤੇ ਬੇਹਿਸਾਬ ਤਸ਼ੱਦਦ ਕਰਕੇ ਉਨ੍ਹਾਂ ਨੂੰ ਜਲੀਲ ਕੀਤਾ ਜਾਂਦਾ ਸੀ। ਉਨ੍ਹਾਂ ਦੇ ਕੰਨਾਂ ਵਿੱਚ ਸਿੱਕਾ ਪਿਘਲਾ ਕੇ ਪਾ ਦਿੱਤਾ ਜਾਂਦਾ ਰਿਹਾ ਹੈ ਅਤੇ ਸਿੱਖਿਆ ਦਾ ਇੱਕ ਸ਼ਬਦ ਵੀ ਉਨ੍ਹਾਂ ਦੇ ਕੰਨਾਂ ਵਿੱਚ ਪੈਣ ਨਹੀਂ ਦਿੱਤਾ ਜਾਂਦਾ ਸੀ।

ਅਖੌਤੀ ਉਚ ਜਾਤੀਆਂ ਦੇ ਵਿਅਕਤੀਆਂ ਦੇ ਸਾਹਮਣੇ ਆਉਣ ਤੇ ਉਨ੍ਹਾਂ ਨੂੰ ਜੁੱਤੀਆਂ ਵੀ ਆਪਣੇ ਸਿਰ ਤੇ ਰੱਖਣੀਆਂ ਪੈਂਦੀਆਂ ਸਨ। ਇਤਿਹਾਸ ਵਿੱਚ ਗੁਲਾਮਦਾਰੀ ਯੁੱਗ ਦੀਆਂ ਵੀ ਗੱਲਾਂ ਲਿਖੀਆਂ ਗਈਆਂ ਹਨ ਕਿ ਕਿਸ ਤਰ੍ਹਾਂ ਮਨੁੱਖ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ। ਜੋ ਵੀ ਗੁਲਾਮ ਆਪਣੇ ਮਾਲਕ ਦਾ ਕਹਿਣਾ ਨਹੀਂ ਮੰਨਦਾ ਸੀ ਉਸ ਨੂੰ ਭੁੱਖੇ ਸ਼ੇਰਾਂ ਅੱਗੇ ਸੁੱਟ ਦਿੱਤਾ ਜਾਂਦਾ ਸੀ। ਪਰ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ। ਜੋ ਅੱਜ ਅਰਸ਼ ਤੇ ਹੈ ਕੱਲ੍ਹ ਨੂੰ ਉਹ ਫ਼ਰਸ਼ ਤੇ ਵੀ ਆ ਸਕਦਾ ਹੈ। ਕਈ ਸਿਰਫਿਰੇ ਇਤਿਹਾਸ ਨੂੰ ਪੁੱਠਾ ਗੇੜ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪਰ ਉਹ ਨਹੀਂ ਜਾਣਦੇ ਕਿ ਹੁਣ ਸਮਾਂ ਬਦਲ ਗਿਆ ਹੈ। ਹੁਣ ਇਤਿਹਾਸ ਨੂੰ ਪੁੱਠਾ ਗੇੜ ਦੇਣਾ ਐਨਾ ਸੌਖਾ ਨਹੀਂ ਜਿੰਨਾ ਉਹ ਸਮਝਦੇ ਹਨ ।

ਅੱਜ ਕੋਰੋਨਾ ਵਾਇਰਸ ਦਾ ਦੌਰ ਹੈ। ਹਰ ਕੋਈ ਅਮੀਰ ਗ਼ਰੀਬ ਕੋਰੋਨਾ ਵਾਇਰਸ ਦੇ ਡਰ ਕਾਰਨ ਆਪਣੇ ਆਪਣੇ ਘਰਾਂ ਅੰਦਰ ਬੰਦ ਹੈ। ਇਸ ਦੌਰ ਵਿੱਚ ਅਮੀਰਾਂ ਨੇ ਲਾਕ ਡਾਊਨ ਕੀਤਾ ਹੋਇਆ ਹੈ। ਕਾਰਖਾਨਿਆਂ ਨੂੰ ਤਾਲੇ ਲੱਗੇ ਹੋਏ ਹਨ। ਪਰ ਫਿਰ ਵੀ ਸਰਮਾਏਦਾਰਾਂ ਦੀਆਂ ਜਾਇਦਾਦਾਂ ਵਧ ਰਹੀਆਂ ਹਨ। ਅੱਜ ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਦਾ ਰਾਜ ਹੈ। ਭਾਵੇਂ ਇਸ ਵਾਇਰਸ ਨੇ ਹਵਾ ਵਿੱਚ ਉੱਡ ਰਹੇ ਹਵਾਈ ਜਹਾਜ਼ ਵੀ ਬਿਨਾ ਬੋਫਰਜ਼ ਤੋਪ ਦੇ ਫੁੰਡ ਲਏ ਹਨ ਅਤੇ ਰਾਫੇਲ ਜਹਾਜ਼ ਨੂੰ ਧਰਤੀ ਤੋਂ ਉੱਡਣ ਹੀ ਨਹੀਂ ਦਿੱਤਾ। ਹਰੇਕ ਮੁਲਕ ਦੇ ਕੋਲ਼ ਪਏ ਐਟਮ ਬੰਬਾਂ ਤੋਂ ਵੀ ਇਹ ਕੋਰੋਨਾ ਵਾਇਰਸ ਵੱਧ ਖ਼ਤਰਨਾਕ ਸਾਬਤ ਹੋ ਰਿਹਾ ਹੈ।ਇਸ ਨੇ ਬਿਨਾ ਕੋਈ ਖ਼ੁਨ ਖ਼ਰਾਬਾ ਕੀਤੇ ਥੋੜੇ ਜਿਹੇ ਸਮੇਂ ਵਿੱਚ ਹੀ ਪੂਰੇ ਵਿਸ਼ਵ ਵਿੱਚ ਆਪਣਾ ਰਾਜ ਸਥਾਪਿਤ ਕਰ ਲਿਆ ਹੈ। ਪਰ ਫਿਰ ਵੀ ਕੁੱਝ ਸਿਰਫਿਰਿਆ ਨੂੰ ਅਜੇ ਵੀ ਅਕਲ ਨਹੀਂ ਆ ਰਹੀ। ਉਹ ਫਿਰ ਵੀ ਆਪਣੀਆਂ ਕੋਝੀਆਂ ਚਾਲਾਂ ਚੱਲਣ ਤੋਂ ਬਾਜ ਨਹੀਂ ਆ ਰਹੇ।

ਸਾਡੇ ਭਾਰਤੀ ਹਾਕਮਾਂ ਨੂੰ ਰਾਫੇਲ ਲੜਾਕੂ ਜਹਾਜ਼ਾਂ ਨੂੰ ਖਰੀਦਣ ਅਤੇ ਫਰਾਂਸ ਨੂੰ ਆਪਣੇ ਜਹਾਜ਼ ਵੇਚਣ ਦੀ ਪਈ ਹੈ। ਭਾਰਤ ਵਿੱਚ  ਲੱਖਾਂ ਮਜ਼ਦੂਰ ਸੜਕਾਂ ਤੇ ਭੁੱਖਣ ਭਾਣੇ ਆਪਣੇ ਘਰਾਂ ਨੂੰ ਪਰਤਣ ਲਈ ਰੁਲ਼ ਰਹੇ ਹਨ। ਉਨ੍ਹਾਂ ਨੂੰ ਕੋਈ ਵੀ ਨਹੀਂ ਪੁੱਛ ਰਿਹਾ। ਗ਼ਰੀਬ ਲੋਕ ਭੁੱਖ ਨਾਲ ਮਰ ਰਹੇ ਹਨ। ਇਹ ਸੱਚ ਹੈ ਕਿ ਅਸੀਂ ਸਰਮਾਏਦਾਰ ਨਾਲ ਹਥਿਆਰਾਂ ਨਾਲ ਨਹੀਂ ਲੜ ਸਕਦੇ। ਸੱਪ ਨੂੰ ਮਾਰਨ ਲਈ ਲਾਠੀ ਦੀ ਲੋੜ ਨਹੀਂ ਹੈ। ਉਸ ਦੀ ਖ਼ੁਰਾਕ ਬੰਦ ਕਰ ਦਿਉ। ਉਹ ਆਪਣੇ ਆਪ ਮਰ ਜਾਵੇਗਾ। ਇਹੋ ਹਾਲ ਹਰ ਇੱਕ ਕੰਮ ਦਾ ਹੋ ਸਕਦਾ ਹੈ। ਅਸੀਂ ਮੋਬਾਇਲ ਤੋਂ ਬਿਨਾਂ ਜਿਉਂਦੇ ਰਹਿ ਸਕਦੇ ਹਾਂ। 6 ਮਹੀਨੇ ਲਈ ਮੋਬਾਇਲ, ਟੈਲੀਵਿਜ਼ਨ ,ਫੇਸਬੁੱਕ ਬੰਦ ਕਰ ਦਿਉ ਸਿਰਫ਼ ਸਾਧਾਰਨ ਲੋੜਾਂ ਪੂਰੀਆਂ ਕਰੋ।ਅਣਚਾਹੀਆਂ ਇੱਛਾਵਾਂ ਦਾ  ਤਿਆਗ ਕਰ ਦਿਉ। ਪਹਿਲਾਂ ਦੀ ਸਿਉਂਤੇ ਕੱਪੜੇ ਜੋ ਸਾਲਾਂ ਤੋਂ ਟਰੰਕਾਂ ਪੇਟੀਆਂ ਵਿੱਚ ਪਏ ਦਮ ਘੁੱਟ ਘੁੱਟ ਕੇ ਬੋਡੇ ਹੋ ਰਹੇ ਹਨ ਉਹਨਾਂ ਨੂੰ ਬਾਹਰ ਕੱਢ ਕੇ ਹੰਢਾਓ।ਖ਼ਾਸਕਰ ਔਰਤਾਂ ਕੋਲ਼ ਬਹੁਤ ਸੂਟ ਹੁੰਦੇ ਹਨ।

ਦੋ ਸਾਲ ਬਿਨਾ ਕੋਈ ਕੱਪੜਾ ਖਰੀਦਿਆਂ ਆਸਾਨੀ ਨਾਲ ਲੰਘ ਸਕਦੇ ਹਨ। ਫਿਰ ਵੇਖਣਾ ਅਬਾਨੀ ਅਡਾਨੀ,  ਫੇਸਬੂੱਕੀਏ ਮਾਰਕ ਜੁਕਰਬਰਗ ਅਤੇ ਰੇਮੰਡ, ਰਾਮਟੈਕਸ ਕੱਪੜਿਆਂ ਦੇ ਵਪਾਰੀਆਂ ਦੀ ਆਮਦਨ ਕਿਸ ਤਰ੍ਹਾਂ ਵੱਧਦੀ ਹੈ?ਉਨ੍ਹਾਂ ਦੀ ਆਮਦਨ ਸਾਡੀਆਂ ਬੇਵਕੂਫੀਆਂ ਕਾਰਨ ਵਧ ਰਹੀ ਹੈ। ਸਾਡੇ ਦਿਮਾਗ ਵਿੱਚ ਅਖੌਤੀ ਸੈਲਿਬ੍ਰਿਟੀ ਲੋਕਾਂ ਨੇ ਬਾਜ਼ਾਰ ਦੀ ਚਮਕ ਦਮਕ ਬਿਠਾ ਦਿੱਤੀ ਹੈ। ਇੱਕ ਬ੍ਰਾਂਡਿਡ ਸ਼ਬਦ ਨੇ ਸਾਡੇ ਦਿਮਾਗ ਤੇ ਕਬਜ਼ਾ ਕਰਕੇ ਸਾਡੀਆਂ ਅੱਖਾਂ ਵੀ ਚੁੰਧਿਆ ਦਿੱਤੀਆਂ ਹਨ। ਅਨੇਕਾਂ ਬੇਲੋੜੀਆਂ ਰਸਮਾਂ ਹਨ।  ਜਿੰਨ੍ਹਾਂ ਦਾ ਤਿਆਗ ਕੀਤਾ ਜਾ ਸਕਦਾ ਹੈ। ਉਨ੍ਹਾਂ ਤੋਂ ਬਿਨਾਂ ਵੀ ਅਸੀਂ ਵਧੀਆ ਜ਼ਿੰਦਗੀ ਗੁਜਾਰ ਸਕਦੇ ਹਾਂ। ਵਿਆਹ ਸ਼ਾਦੀਆਂ ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਉਹ ਖ਼ਰਚ ਕਰਨੇ ਬੰਦ ਕਰ ਦਿਉ। ਮੈਰਿਜ਼ ਪੈਲਿਸ ਬਿਨਾਂ ਕਿਸੇ ਝੱਖੜ ਦੇ ਢਹਿ ਢੇਰੀ ਹੋ ਜਾਣਗੇ।

ਪਰ ਸਾਡੇ ਅੰਦਰ ਇੱਕ ਦਿਖਾਵੇ ਦਾ ਭੂਤ ਸਵਾਰ ਹੋ ਗਿਆ ਹੈ। ਅੱਜ ਸਾਨੂੰ ਲੋਕਤੰਤਰ ਦੀ ਆੜ ਹੇਠਾਂ ਬੁੱਧੂ ਬਣਾਇਆ ਜਾ ਰਿਹਾ ਹੈ। ਲਾਕ ਡਾਊਨ ਨੂੰ ਹਰਾਉਣ ਲਈ ਸ਼ਟ ਡਾਊਨ ਜ਼ਰੂਰੀ ਹੈ। ਸਰਮਾਏਦਾਰ ਖ਼ੁਦ ਕਾਰਖਾਨੇ ਨਹੀਂ ਚਲਾ ਸਕਦੇ। ਮਜ਼ਦੂਰ ਯੂਨੀਅਨ ਨੂੰ ਤਕੜਾ ਕਰੋ ਜਿਸ ਤਰ੍ਹਾਂ ਗਿਣਤੀ ਇੱਕ ਤੋਂ ਸ਼ੁਰੂ ਹੁੰਦੀ ਹੈ  ਇੱਕ ਮਹਿਕਮਾ ਇੱਕ ਯੂਨੀਅਨ ਬਣਾਓ। ਸ਼ਟ ਡਾਊਨ ਅਤੇ ਪੈੱਨ ਡਾਊਨ ਕਰ ਦਿਓ। ਇਹ ਲਾਕ ਡਾਊਨ ਆਪਣੇ ਆਪ ਖੁੱਲ੍ਹ ਜਾਣਗੇ।ਗੱਲ ਸਿਰਫ ਏਕਤਾ ਦੀ ਹੈ ਕਰੋੜਾਂ ਗ਼ਰੀਬਾਂ ਨੂੰ ਸਿਰਫ਼ ਲੱਖ ਜਾਂ ਵੱਧ ਤੋਂ ਵੱਧ ਇੱਕ ਕਰੋੜ ਲੋਕ ਹੀ ਲੁੱਟ ਤੇ ਕੁੱਟ ਰਹੇ ਹਨ। ਕਿਰਤੀਆਂ ਨੂੰ ਸਿਰਫ਼ ਇਕੱਠੇ ਹੋ ਕੇ ਸਾਧਾਰਨ ਜੀਵਨ ਜਿਉਣ ਦੀ ਲੋੜ ਹੈ। ਇਹ ਸਰਮਾਏਦਾਰ ਆਪਣੇ ਆਪ ਮੂਧੇ ਮੂੰਹ ਡਿੱਗ ਪੈਣਗੇ।

ਸੁਖਮਿੰਦਰ ਬਾਗ਼ੀ ਸਮਰਾਲਾ

ਮੋਬਾਈਲ ਨੰ 9417394805