ਲਾਕਡਾਊਨ ਸਕੂਲ ਮਾਫ਼ੀਆ ਦੀ ਮਿਲੀਭੁਗਤ ਨਾਲ ਪੀੜਤ ਬੱਚੇ ਅਤੇ ਮਾਪੇ

146

ਸਾਡੇ ਬੱਚੇ ਸਾਡੀ ਕਮਜ਼ੋਰੀ ਨਹੀਂ ਸਾਡੀ ਤਾਕਤ ਹਨ ਅਤੇ ਜਿਸ ਦਿਨ ਸਾਨੂੰ ਇਹ ਅਹਿਸਾਸ ਹੋ ਜਾਵੇਗਾ ਉਸੇ ਦਿਨ ਤੋਂ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾਂਦੀ ਲੁੱਟ ‘ਤੇ ਨਕੇਲ ਕੱਸਣੀ ਸ਼ੁਰੂ ਹੋ ਜਾਵੇਗੀ। ਨਿੱਜੀ ਸਕੂਲਾਂ ਨੇ ਸਾਡੇ ਬੱਚਿਆਂ ਨੂੰ ਸਾਡੀ ਕਮਜ਼ੋਰੀ ਸਮਝ ਕੇ ਫ਼ਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਅਤੇ ਅਸੀਂ ਬੱਸ ਸਭ ਕੁੱਝ ਦੇਖ ਰਹੇ ਹਾਂ। ਅਸੀਂ ਅੱਜ ਇਸ ਹਾਲਤ ਵਿੱਚ ਪਹੁੰਚ ਗਏ ਹਾਂ ਜਿੱਥੇ ਸਾਡੀ ਆਵਾਜ਼ ਨੂੰ ਨਾ ਸਕੂ ਵਾਲੇ ਸੁਣਦੇ ਹਨ ਅਤੇ ਨਾ ਹੀ ਹਕੂਮਤ ਦਾ ਅਨੰਦ ਮਾਣ ਰਹੇ ਲੀਡਰ।

ਇਸੇ ਕਮਜ਼ੋਰੀ ਦਾ ਫ਼ਾਇਦਾ ਚੱਕ ਕੇ ਸਿੱਖਿਆ ਦਾ ਵਪਾਰ ਹੋਣ ਲੱਗਿਆ ਹੈ ਅਤੇ ਅਸੀਂ ਇਸ ਨੂੰ ਮਹਿੰਗੇ ਮੁੱਲ ‘ਤੇ ਖ਼ਰੀਦ ਕੇ ਆਪਣੇ ਬੱਚਿਆਂ ਨੂੰ ਅੱਗੇ ਵਧਣ ਦੇ ਸੁਪਨੇ ਦਿਖਾਉਣ ਲੱਗੇ।ਦੇਖਦੇ ਹੀ ਦੇਖਦੇ ਵੱਡੇ-ਵੱਡੇ ਸਕੂਲਾਂ ਵਿੱਚ ਪੜਾਈ ਕਰਵਾਉਣਾ ਅਸੀਂ ਆਪਣਾ ਸਟੇਟਸ ਸਿੰਬਲ (ਦਿਖਾਵਾ) ਵੀ ਬਣਦਾ ਗਿਆ। ਅਸੀਂ ਸੋਚਿਆ ਜਿੰਨਾ ਵੱਡਾ ਸਕੂਲ ਹੋਵੇਗਾ ਉਨੀ ਹੀ ਚੰਗੀ ਪੜਾਈ ਹੋਵੇਗੀ, ਪਰ ਹੋਇਆ ਇਸ ਤੋਂ ਉੁਲਟ।

ਇਸੇ ਦਾ ਫ਼ਾਇਦਾ ਚੱਕ ਕੇ ਸਿੱਖਿਆ ਨੇ ਵਪਾਰ ਦਾ ਰੂਪ ਲੈ ਲਿਆ ਅਤੇ ਅਸੀਂ ਇਨ੍ਹਾਂ ਵਪਾਰੀਆਂ ਦੇ ਲਈ ਗ੍ਰਾਹਕ ਬਣਦੇ ਗਏ। ਇਸ ਦਾ ਅਸਰ ਇਹ ਹੋਇਆ ਕਿ ਸਾਡੇ ਬੱਚਿਆਂ ਨੇ ਸਿੱਖਿਆ ਤਾਂ ਲਈ ਪਰ ਹੌਲੀ-ਹੌਲੀ ਸੰਸਕਾਰ ਖ਼ਤਮ ਹੁੰਦੇ ਚਲੇ ਗਏ ਜਿਸ ਦਾ ਅਸਰ ਅਸੀਂ ਬੱਚਿਆ ਦੇ ਵਿਵਹਾਰ ਵਿੱਚ ਵੀ ਮਹਿਸੂਸ ਕਰ ਸਕਦੇ ਹਾਂ। ਦੇਖਦੇ ਹੀ ਦੇਖਦੇ ਨਿੱਜੀ ਸਕੂਲ ਇੱਕ ਸਾਲ ਵਿੱਚ ਲੱਖਾਂ ਕਰੋੜਾਂ ਰੁਪਏ ਕਮਾਉਣ ਲੱਗੇ ਅਤੇ ਇਨ੍ਹਾਂ ਦਾ ਸਿਆਸਤ ਵਿੱਚ ਸਿੱਧਾ ਦਖ਼ਲ ਹੋਣ ਲੱਗਿਆ।

ਸਿਆਸਤਦਾਨਾਂ ਅਤੇ ਸਕੂਲ ਮਾਫ਼ੀਆ ਆਪਸ ਵਿੱਚ ਇੱਕ ਜੁੱਟ ਹੋ ਗਏ ਅਤੇ ਦੇਸ਼ ਦੇ ਭਵਿੱਖ ਕਹੇ ਜਾਣ ਵਾਲੇ ਬੱਚਿਆਂ ਦਾ ਸ਼ੋਸ਼ਣ ਸ਼ੁਰੂ ਹੋ ਗਿਆ।ਇਸੇ ਗੱਠਜੋੜ ਨੇ ਦੇਸ਼ ਦੇ ਸਰਕਾਰੀ ਸਕੂਲਾਂ ਦਾ ਵੀ ਲੱਕ ਤੋੜ ਦਿੱਤਾ ਅਤੇ ਜਿੱਥੇ ਸਾਡੇ ਬੱਚੇ ਸਿੱਖਿਆ ਅਤੇ ਸੰਸਕਾਰ ਦੋਹੇਂ ਗ੍ਰਹਿਣ ਕਰਦੇ ਸਨ, ਅੱਜ ਉਨ੍ਹਾਂ ਸਰਕਾਰੀ ਸਕੂਲਾਂ ਦੇ ਵਿਹੜੇ ਸੁੰਨੇ ਹੋ ਗਏ। ਅੱਜ ਦੇ ਹਾਲਾਤ ਸਾਡੇ ਸਭ ਦੇ ਸਾਹਮਣੇ ਹਨ। ਅਸੀਂ ਚੀਖ਼ ਰਹੇ ਹਾਂ ਪਰ ਸੁਣਨ ਵਾਲਾ ਕੋਈ ਨਹੀਂ ਹੈ।

ਹੁਣ ਸਮਾਂ ਆ ਗਿਆ ਹੈ ਅਸੀਂ ਨਿੱਜੀ ਸਕੂਲਾਂ ਨੂੰ ਜੋ ਆਪਣਾ ਰਿਮੋਟ ਕੰਟਰੋਲ ਹਵਾਲੇ ਕੀਤਾ ਹੋਇਆ ਹੈ, ਉਸ ਨੂੰ ਵਾਪਸ ਲੈਣਾ ਲਈਏ ਅਤੇ ਇਹ ਉਦੋਂ ਹੀ ਸੰਭਵ ਹੋਵੇਗਾ ਜਦੋਂ ਅਸੀਂ ਆਪਣੇ ਬੱਚਿਆ ਨੂੰ ਆਪਣੀ ਕਮਜ਼ੋਰੀ ਦੀ ਥਾਂ ਆਪਣੀ ਤਾਕਤ ਸਮਝਣਾ ਸ਼ੁਰੂ ਕਰਾਂਗੇ। ਇੱਕ ਜੁੱਟ ਹੋ ਕੇ ਕੋਈ ਵੀ ਬਦਲਾਅ ਕੀਤਾ ਜਾ ਸਕਦਾ ਹੈ। ਆਓ ਅਸੀਂ ਸਭ ਮਿਲ ਕੇ ਇੱਕ ਦੂਜੇ ਦਾ ਸਾਥ ਦੇਈਏ, ਸਿੱਖਿਆ ਖ਼ਤਰੇ ਵਿੱਚ ਕ੍ਰਾਂਤੀ ਲਿਆਉਣ ਦੇ ਲਈ ਆਪਣਾ ਯੋਗਦਾਨ ਪਾਈਏ। ਯਕੀਨਨ ਅਸੀਂ ਸਾਰੇ ਮਿਲ ਕੇ ਬਦਲਾਅ ਜ਼ਰੂਰ ਲਿਆਵਾਂਗੇ।

ਹਰਪ੍ਰੀਤ ਸਿੰਘ ਬਰਾੜ
ਸਾਬਕਾ ਡੀ.ਓ 174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ