ਜਦੋਂ ਵੀ ਕੋਈ ਕੁਦਰਤੀ ਆਫਤ ਜਾਂ ਮਹਾਂਮਾਰੀ ਫੈਲਦੀ ਹੈ ਤਾਂ ਲੋੜਵੰਦਾਂ ਦੀ ਸਹਾਇਤਾ ਦੀ ਆੜ ਹੇਠ ਲੁਟੇਰਾ ਗਿਰੋਹ ਵੀ ਆਪਣੀਆਂ ਤਿਜ਼ੋਰੀਆਂ ਭਰਨ ਲਈ ਇਸ ਦਾ ਮੂੰਹ ਖੋਲ੍ਹ ਲੈਂਦਾ ਹੈ। ਪਿਛਲੇ ਸਮੇਂ ਦਾ ਇਤਿਹਾਸ ਗਵਾਹ ਹੈ ਕਿ ਦਾਨੀਆਂ ਵੱਲੋਂ ਦਿੱਤੇ ਦਾਨ ਦੀ ਕਿਵੇਂ ਦੁਰਵਰਤੋਂ ਕੀਤੀ ਜਾਂਦੀ ਹੈ। ਲੋੜਵੰਦ ਸ਼ਬਦ ਦਾ ਖੁਲੇਆਮ ਮਜ਼ਾਕ ਉਡਾਇਆ ਜਾਂਦਾ ਹੈ। ਮੂੰਹ ਬੋਲਦੀ ਤਸਵੀਰ ਦਿਖਾਵਾਂ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਚਲੇ ਜਾਉ। ਅੱਜ ਕੋਰੋਨਾ ਵਾਇਰਸ ਦੇ ਦੌਰ ਵਿੱਚ ਲੋੜਵੰਦਾਂ ਲਈ ਭੇਜਿਆ ਜਾ ਰਿਹਾ ਖਾਣਾ ਸਿਹਤ ਮਹਿਕਮੇ ਵਿੱਚ ਕੰਮ ਕਰਦੀਆਂ ਆਸ਼ਾ ਵਰਕਰਾਂ, ਨਰਸਾਂ, ਹੋਰ ਕਰਮਚਾਰੀ ਇੱਥੋਂ ਤੱਕ ਕਿ ਡਾਕਟਰ ਵੀ ਖਾਣਾ ਖਾਂਦੇ ਆਮ ਹੀ ਦੇਖੇ ਜਾ ਸਕਦੇ ਹਨ। ਕੀ ਇਹ ਸੱਚ ਮੁੱਚ ਹੀ ਲੋੜਵੰਦ ਸਨ। ਜਾਂ ਫਿਰ ਇਹ ਵੀ ਲੁਟੇਰੇ ਵਰਗ ਚਾਹੇ ਉਹ ਨਿੱਜੀ, ਅਖੌਤੀ ਧਾਰਮਿਕ ਜਾਂ ਫਿਰ ਸਿਆਸੀ ਹਰ ਕਿਸਮ ਦੇ ਲੁਟੇਰਿਆਂ ਵਾਂਗ ਵਗਦੀ ਗੰਗਾ ਵਿੱਚ ਹੱਥ ਧੋਣ ਵਾਲਿਆਂ ਵਾਂਗ ਹੀ ਆਪਣੇ ਹੱਥ ਧੋ ਰਹੇ ਹਨ। ਅੱਜ ਕੋਰੋਨਾ ਵਾਇਰਸ ਦਾ ਦੌਰ ਚੱਲ ਰਿਹਾ ਹੈ। ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਵਿਗਿਆਨਕ ਆਪਣੀ ਜਾਨ ਤੋੜ ਮਿਹਨਤ ਕਰ ਰਹੇ ਹਨ। ਕਈ ਵਿਚਾਰੇ ਇੰਨਾਂ ਕੋਸ਼ਿਸ਼ਾਂ ਕਾਰਨ ਆਪਣੀਆਂ ਜਾਨਾਂ ਤੱਕ ਬਲੀ ਚੜ੍ਹਾ ਦਿੰਦੇ ਹਨ। ਪਰ ਇੱਥੇ ਇਹ ਅਖੌਤ ਬਿਲਕੁਲ ਸੱਚ ਹੋ ਜਾਂਦੀ ਹੈ ਕਿ ” ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ” ਜਾਂ ਫਿਰ “ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਰਨ ਕਲੋਲਾਂ” ।ਜਿੱਥੇ ਗਰੀਬ ਕਿਰਤੀਆਂ ਨੂੰ ਭੁੱਖੇ ਮਾਰਨ ਲਈ ਇੱਕ ਪਾਸੇ ਵਿਸ਼ਵ ਭਰ ਦੇ ਲੁਟੇਰਿਆਂ ਨੇ ਲਾਕ ਡਾਊਨ ਅਤੇ ਕਰਫਿਊ ਵਰਗੇ ਮੌਤ ਦੇ ਵਾਰੰਟ ਜਾਰੀ ਕੀਤੇ ਹਨ । ਦੂਜੇ ਪਾਸੇ ਕੋਰੋਨਾ ਵਾਇਰਸ ਦੇ ਇਲਾਜ ਲਈ ਵਿਗਿਆਨਕ ਟੀਕੇ ਦੀ ਖੋਜ ਵਿੱਚ ਜੁਟੇ ਹੋਏ ਹਨ। ਜਦੋਂ ਤੱਕ ਇਸ ਦੀ ਖੋਜ ਹੋਣੀ ਹੈ ਉਦੋਂ ਤੱਕ ਇਹ ਵਾਇਰਸ ਲੱਖਾਂ ਜਾਨਾਂ ਨਿਗਲ਼ ਚੁੱਕਿਆ ਹੋਵੇਗਾ। ਕਿਉਂਕਿ ਖੋਜ ਤੋਂ ਬਾਅਦ ਉਸ ਟੀਕੇ ਨੂੰ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਅਨੇਕਾਂ ਪੇਚੀਦਗੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਸੱਭ ਤੋਂ ਵੱਡੀ ਪੇਚੀਦਗੀ ਇਹ ਹੋਣੀ ਹੈ ਉਸ ਤੇ ਪੇਟੈਂਟ ਦਾ ਠੱਪਾ ਲਾਉਣ ਦੀ। ਭਾਵੇਂ ਇਹ ਈਦ ਪਿਛੋਂ ਤੰਬਾ ਫੂਕਣ ਵਾਲੀ ਗੱਲ ਹੀ ਹੋਣੀ ਹੈ ਕਿਉਂਕਿ ਲੱਖਾਂ ਲੋਕਾਂ ਨੂੰ ਭਾਵੇਂ ਕੋਰੋਨਾ ਵਾਇਰਸ ਨਾ ਵੀ ਨਿਗਲ਼ੇ ਉਨ੍ਹਾਂ ਨੂੰ ਸਰਮਾਏਦਾਰੀ ਦੀਆਂ ਕੋਝੀਆਂ ਚਾਲਾਂ ਹੀ ਭੁੱਖੇ ਰੱਖ ਕੇ ਮਾਰਨ ਵਿੱਚ ਕਾਮਯਾਬ ਹੋ ਜਾਣਗੀਆਂ। ਪਰ ਅੱਖਾਂ ਖੋਲ੍ਹ ਕੇ ਵੇਖ ਲੈਣਾ ਕਿ ਸਾਰੇ ਮੁਲਕ ਇਸ ਟੀਕੇ ਨੂੰ ਆਪਣੇ ਨਾਂ ਪੇਟੈਂਟ ਕਰਵਾਉਣ ਲਈ ਬਿਲਕੁਲ ਉਸੇ ਤਰ੍ਹਾਂ ਹੀ ਲੜਨਗੇ ਜਿਵੇਂ ਛੋਟੇ ਜਾਨਵਰਾਂ ਦਾ ਸ਼ਿਕਾਰ ਕਰਨ ਤੋਂ ਬਾਅਦ ਉਸ ਨੂੰ ਖਾਣ ਲਈ ਵੱਡੇ ਸ਼ਿਕਾਰੀ ਜਾਨਵਰ ਆਪਸ ਵਿੱਚ ਲੜਦੇ ਹਨ। ਵਿਗਿਆਨਕ ਜੋ ਆਪਣੀ ਜਾਨ ਜੋਖਮ ਵਿੱਚ ਪਾ ਕੇ ਮਨੁੱਖਤਾ ਦੇ ਭਲੇ ਲਈ ਚੀਜਾਂ ਤਿਆਰ ਕਰਦੇ ਹਨ ਲੁਟੇਰਾ ਗਿਰੋਹ ਉਸ ਨੂੰ ਮਨੁੱਖਤਾ ਦਾ ਘਾਣ ਕਰਨ ਲਈ ਉਸ ਤੇ ਕਾਬਜ ਹੋ ਜਾਂਦਾ ਹੈ। ਪਰ ਸਕੂਨ ਉਦੋਂ ਮਿਲਦਾ ਹੈ ਜਦੋਂ ਪੋਲੀਓ ਵੈਕਸੀਨ ਦੀ ਖੋਜ ਕਰਨ ਵਾਲਾ ਵਿਗਿਆਨਕ ਆਪਣੀ ਕੀਤੀ ਖੋਜ ਇੰਨ੍ਹਾਂ ਲੁਟੇਰਿਆਂ ਨੂੰ ਸੌਂਪਣ ਦੀ ਬਜਾਏ ਇੰਨ੍ਹਾਂ ਦੇ ਹੀ ਲੁੱਟਣ ਲਈ ਬਣਾਏ ਪੇਟੈਂਟ ਦੇ ਹਥਿਆਰ ਤੇ ਕਬਜ਼ਾ ਕਰਕੇ ਇੰਨ੍ਹਾਂ ਦੇ ਮੂੰਹ ਉੱਤੇ ਕਰਾਰੀ ਚੁਪੇੜ ਮਾਰਦਾ ਹੈ। ਮੇਰਾ ਅਜਿਹੇ ਵਿਗਿਆਨਕ ਨੂੰ ਸਿਰ ਝੁਕਾ ਕੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਲਾਮ ਹੈ। ਅੱਜ ਲੋੜ ਹੈ ਮਨੁੱਖਤਾ ਦਾ ਘਾਣ ਕਰਨ ਵਾਲੇ ਲੁਟੇਰਿਆਂ ਨੂੰ ਖਤਮ ਕਰਨ ਲਈ ਦੇਸ਼ ਦੇ ਬੁੱਧੀਜੀਵੀਆਂ ਅਤੇ ਕਿਰਤੀ ਵਰਗ ਨੂੰ ਸਿਰ ਜੋੜ ਕੇ ਆਤਮ ਮੰਥਨ ਕਰਨ ਦੀ ਕਿ ਇੰਨ੍ਹਾਂ ਲੁਟੇਰਿਆਂ ਨੂੰ ਕਿਵੇਂ ਖਤਮ ਕੀਤਾ ਜਾਵੇ। ਇਸੇ ਲਈ ਕਿਹਾ ਗਿਆ ਹੈ ਕਿ “ਸੌ ਵਿਚਾਰ ਭਿੜਨ ਦਿਉ ਇੱਕ ਫੁੱਲ ਖਿੜਨ ਦਿਉ ” ਇਸ ਲੁੱਟ ਦੇ ਹਥਿਆਰ ਪੇਟੈਂਟ ਦੇ ਹਥਿਆਰ ਸਮੇਤ ਲਾਕ ਡਾਊਨ ਅਤੇ ਕਰਫਿਊ ਨੂੰ ਨਸ਼ਟ ਕਰਨ ਲਈ ਆਓ ਅੱਗੇ ਆ ਕੇ ਨਾਅਰਾ ਲਾਈਏ ਦੁਨੀਆਭਰ ਦੇ ਮਿਹਨਤਕਸ਼ੋ ਇੱਕ ਹੋ ਜਾਓ “…
ਸੁਖਮਿੰਦਰ ਬਾਗ਼ੀ ਸਮਰਾਲਾ
ਮੋਬਾਈਲ ਨੰ 9417394805
ਬਿਲਕੁਲ ਜੀ
ਕੋਈ ਸ਼ੱਕ ਨਹੀਂ