ਲੰਬੀ ਸੜਕ ਲਾਹੌਰ ਦੀ, ਪਿੰਡ ਲੱਲੋ ਖ਼ਤਮ ਕਰ ਰਿਹੈ ਭਾਰਤ-ਪਾਕਿ ਸਰਹੱਦ ਦੀ ਦੂਰੀ

272

ਪਾਕਿਸਤਾਨ ਪਾਸੇ ਲਾਹੌਰ ਦੇ ਸਰਹੱਦੀ ਪਿੰਡ ਬਰਕੀ ਵੱਲ ਬੀ. ਆਰ. ਬੀ. ਨਹਿਰ ਪਾਰ ਕਰਦਿਆਂ ਥੋੜਾ ਅੱਗੇ ਲਾਹੌਰ ਦੇ ਆਖ਼ਰੀ ਸਰਹੱਦੀ ਪਿੰਡ ਲੱਲੋ ‘ਚ ਆਪਣੇ ਖੇਤਾਂ ‘ਚ ਖੇਤੀ ਕਰਨ ਗਏ ਭਾਰਤੀ ਤੇ ਪਾਕਿਸਤਾਨੀ ਕਿਸਾਨਾਂ ਲਈ ਇਹ ਪਛਾਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ ਕਿ ਉਹ ਭਾਰਤ ‘ਚ ਹਨ ਜਾਂ ਪਾਕਿਸਤਾਨ ਦੀ ਧਰਤੀ ‘ਤੇ।

ਸੰਨ 1965 ਦੀ ਭਾਰਤ-ਪਾਕਿ ਜੰਗ ‘ਚ ਪਿੰਡ ਬਰਕੀ ਨੂੰ ਆਪਣੇ ਕਬਜ਼ੇ ‘ਚ ਲੈਣ ਤੋਂ ਬਾਅਦ ਭਾਰਤੀ ਫ਼ੌਜ ਇਸੇ ਪਿੰਡ ਵਲੋਂ ਹੁੰਦੀ ਹੋਈ ਲਾਹੌਰ ਵੱਲ ਵਧੀ ਸੀ ਅਤੇ ਮੌਜੂਦਾ ਸਮੇਂ ਉਹੀ ਰਸਤਾ ਦੋਵੇਂ ਪਾਸੇ ਦੇ ਨਾਗਰਿਕਾਂ ਦੇ ਰਸਤਾ ਭਟਕ ਕੇ ਇਕ-ਦੂਸਰੇ ਦੇ ਇਲਾਕਿਆਂ ‘ਚ ਚਲੇ ਜਾਣ ਦਾ ਮੁੱਖ ਕਾਰਨ ਬਣਿਆ ਹੋਇਆ ਹੈ।

ਪਿੰਡ ਲੱਲੋ ਦੀ ਮੁੱਖ ਸੜਕ ਦੇ ਇਕ ਪਾਸੇ ਭਾਰਤੀ ਤੇ ਦੂਸਰੇ ਪਾਸੇ ਪਾਕਿਸਤਾਨੀ ਖੇਤ ਹਨ ਅਤੇ ਇਨ੍ਹਾਂ ‘ਚ ਦੋਵੇਂ ਦੇਸ਼ਾਂ ਦੇ ਕਿਸਾਨ ਅਕਸਰ ਖੇਤੀ ਕਰਦੇ ਵੇਖੇ ਜਾਂਦੇ ਹਨ। ਦੋਵੇਂ ਪਾਸੇ ਦੇ ਕਿਸਾਨਾਂ ਲਈ ਖੇਤੀਬਾੜੀ ਕਰਨ ਤੋਂ ਬਾਅਦ ਸੂਰਜ ਢਲਣ ਤੋਂ ਪਹਿਲਾਂ-ਪਹਿਲਾਂ ਇਸ ਇਲਾਕੇ ਨੂੰ ਛੱਡਣਾ ਲਾਜ਼ਮੀ ਹੈ।

ਦੱਸਣਯੋਗ ਹੈ ਕਿ ਦੋਵੇਂ ਪਾਸੇ ਦੀਆਂ ਸਰਹੱਦਾਂ ਬਾਰੇ ਸੂਚਿਤ ਕਰਦੀ ਇਕ ਬੁਰਜੀ ਇਸ ਪਿੰਡ ਦੀ ਮੁੱਖ ਸੜਕ ਦੇ ਕੰਢੇ ਖੇਤਾਂ ‘ਚ ਮੌਜੂਦ ਹੈ, ਜਿਸ ਦੇ ਇਕ ਪਾਸੇ ਇੰਡੀਆ-117 ਅਤੇ ਦੂਸਰੇ ਪਾਸੇ ਪਾਕਿਸਤਾਨ-117 ਲਿਖਿਆ ਹੋਇਆ ਹੈ।

 ਉਕਤ ਬੁਰਜੀ ਦੇ ਨਾਲ ਲੱਗਦੀ ਪਿੰਡ ਮਨਿਹਾਲਾ ਨੂੰ ਜਾਂਦੀ ਸੜਕ ਦੋਵੇਂ ਪਾਸੇ ਦੀਆਂ ਸਰਹੱਦਾਂ ਨੂੰ ਆਪਸ ‘ਚ ਜੋੜੇ ਹੋਏ ਹੈ ਅਤੇ ਇਸ ਸੜਕ ‘ਤੇ ਉਕਤ ਬੁਰਜੀ ਤੋਂ ਇਲਾਵਾ ਸਰਹੱਦ ਨਾਲ ਸਬੰਧਿਤ ਕੋਈ ਸੂਚਨਾ ਬੋਰਡ, ਬੈਰੀਅਰ, ਗੇਟ ਜਾਂ ਕੰਡਿਆਲੀ ਤਾਰ ਨਾ ਲੱਗੀ ਹੋਣ ਕਾਰਨ ਅਕਸਰ ਲੋਕ ਰਸਤਾ ਭਟਕ ਕੇ ਇਹ ਸਰਹੱਦੀ ਸੜਕ ਪਾਰ ਕਰਕੇ ਇਕ-ਦੂਸਰੇ ਦੇ ਦੇਸ਼ ‘ਚ ਚਲੇ ਜਾਂਦੇ ਹਨ।

ਜ਼ਿਆਦਾਤਰ ਮਾਮਲਿਆਂ ‘ਚ ਇਨ੍ਹਾਂ ਕੋਲੋਂ ਪੁੱਛਗਿੱਛ ਕਰਕੇ ਸੁਰੱਖਿਆ ਬਲਾਂ ਤੇ ਪੰਜਾਬ ਰੇਂਜਰਜ਼ ਵਲੋਂ ਇਕ ਦੂਜੇ ਨੂੰ ਸੌਂਪ ਦਿੱਤਾ ਜਾਂਦਾ ਹੈ। ਭਾਰਤੀ ਸਰਹੱਦ ‘ਤੇ ਲਗਾਈ ਗਈ ਕੰਡਿਆਲੀ ਤਾਰ ਇਸ ਪਿੰਡ ਤੋਂ 200 ਮੀਟਰ ਦੀ ਦੂਰੀ ‘ਤੇ ਹੈ।

ਦੱਸਿਆ ਜਾਂਦਾ ਹੈ ਕਿ ਸਰਹੱਦ ਦੇ ਇਸ ਪਾਸੇ ਬੀ. ਐਸ. ਐਫ. ਅਤੇ ਉਧਰ ਪੰਜਾਬ ਰੇਂਜਰਜ਼ ਦੇ ਨਾਲ-ਨਾਲ ਸਥਾਨਕ ਪਿੰਡ ਵਾਸੀ ਵੀ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਦੇ ਹਨ ਕਿ ਕੋਈ ਬਾਹਰੀ ਵਿਅਕਤੀ ਭੁਲੇਖੇ ਨਾਲ ਜਾਂ ਕਿਸੇ ਗ਼ਲਤ ਇਰਾਦੇ ਨਾਲ ਸਰਹੱਦ ਪਾਰ ਨਾ ਕਰ ਜਾਵੇ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਸਰਹੱਦੀ ਪਿੰਡ ‘ਚ ਸਥਾਨਕ ਨਿਵਾਸੀਆਂ ਦੇ ਇਲਾਵਾ ਪਾਕਿਸਤਾਨ ਦੇ ਹੋਰਨਾਂ ਇਲਾਕਿਆਂ ਦੇ ਲੋਕਾਂ ਨੂੰ ਜਾਣ ਦੀ ਜਾਂ ਫ਼ੋਟੋਗ੍ਰਾਫ਼ੀ ਕਰਨ ਦੀ ਮਨਜ਼ੂਰੀ ਨਹੀਂ ਹੈ, ਪਰ ਰੇਂਜਰਜ਼ ਦੀ ਮਨਜ਼ੂਰੀ ਅਤੇ ਸਥਾਨਕ ਲੋਕਾਂ ਨੂੰ ਨਾਲ ਲੈ ਕੇ ਪਾਕਿਸਤਾਨੀ ਨਾਗਰਿਕ ਅਕਸਰ ਇਸ ਪਿੰਡ ‘ਚ ਘੁੰਮਦੇ ਵੇਖੇ ਗਏ ਹਨ। ਪੱਤਰਕਾਰ ਅਜੀਤ ਸੁਰਿੰਦਰ ਕੋਛੜ ਅੰਮ੍ਰਿਤਸਰ ਧੰਨਵਾਦ ਸਹਿਤ