ਵਾਅਦਿਆਂ ਤੋਂ ਭੱਜੀ ਕੈਪਟਨ ਹਕੂਮਤ, ਬੇਰੁਜ਼ਗਾਰ ਕਾਲਾ ਦਿਨ ਮਨਾਉਣ ਨੂੰ ਮਜ਼ਬੂਰ

272

ਚੰਡੀਗੜ੍ਹ, 19 ਮਈ (ਸਵਿੰਦਰ ਕੌਰ)

ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਪਿਛਲੇ ਲੰਮੇ ਸਮੇਂ ਤੋਂ ਬੇਰੁਜ਼ਗਾਰ ਸੰਘਰਸ਼ ਕਰਦੇ ਆ ਰਹੇ ਹਨ, ਪਰ ਉਨ੍ਹਾਂ ਦੀਆਂ ਮੰਗਾਂ ਦੇ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ। ਕੈਪਟਨ ਹਕੂਮਤ ਦੀਆਂ ਗਲਤ ਨੀਤੀਆਂ ਦੇ ਖਿਲਾਫ਼ ਅਤੇ ਵਾਅਦਿਆਂ ਤੋਂ ਭੱਜਣ ਕਾਰਨ ਹੁਣ ਬੇਰੁਜ਼ਗਾਰ ਕਾਲੇ ਦਿਨ ਮਨਾਉਣ ਨੂੰ ਮਜ਼ਬੂਰ ਹੋ ਗਏ ਹਨ।

ਦੱਸ ਦਈਏ ਕਿ ਹੁਣ 25 ਮਈ ਨੂੰ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਦੇ ਵਲੋਂ ਕਾਲਾ ਦਿਨ ਮਨਾਉਣ ਦਾ ਫੈਸਲਾ ਕੀਤਾ ਹੈ। ਬੇਰੁਜ਼ਗਾਰ ਅਧਿਆਪਕਾਂ ਦੇ ਵਲੋਂ ਜਾਰੀ ਇਕ ਪ੍ਰੈਸ ਬਿਆਨ ਦੇ ਵਿਚ ਦੱਸਿਆ ਗਿਆ ਕਿ ਸਰਕਾਰ ਦੇ ਵਲੋਂ ਜੋ ਵਾਅਦੇ ਸੱਤਾ ਵਿਚ ਆਉਣ ਤੋਂ ਪਹਿਲੋਂ ਕੀਤੇ ਗਏ ਸਨ, ਉਨ੍ਹਾਂ ਵਾਅਦਿਆਂ ਵਿਚੋਂ ਹੁਣ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਹੋ ਸਕਿਆ।

ਸਰਕਾਰ ਦੇ ਇਨ੍ਹਾਂ ਝੂਠੇ ਵਾਅਦਿਆਂ ਤੋਂ ਬੇਰੁਜ਼ਗਾਰ ਕਾਫ਼ੀ ਜ਼ਿਆਦਾ ਤੰਗ ਆ ਚੁੱਕੇ ਹਨ, ਜਿਸ ਦੇ ਚੱਲਦਿਆ ਹੁਣ ਫ਼ੈਸਲਾ ਲਿਆ ਗਿਆ ਹੈ ਕਿ ਉਹ 25 ਮਈ ਨੂੰ ਕਾਲਾ ਦਿਵਸ ਮਨਾਉਣਗੇ। ਇਸੇ ਦੌਰਾਨ ਹੀ ਸੂਬੇ ਭਰ ਦੇ ਪਿੰਡਾਂ, ਕਸਬਿਆਂ ਤੋਂ ਇਲਾਵਾ ਸ਼ਹਿਰਾਂ ਦੇ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਤੋਂ ਇਲਾਵਾ ਕੈਪਟਨ ਸਰਕਾਰ ਦੇ ਪੁਤਲੇ ਵੀ ਫੂਕੇ ਜਾਣਗੇ ਅਤੇ ਅਗਲੇ ਅੰਦੋਲਨ ਦਾ ਵੀ ਐਲਾਨ ਕੀਤਾ ਜਾਵੇਗਾ, ਕਿਉਂਕਿ ਕੋਰੋਨਾ ਦੇ ਕਾਰਨ ਜੋ ਬੇਰੁਜ਼ਗਾਰਾਂ ਨੇ ਸੰਘਰਸ਼ 200 ਦਿਨਾਂ ਤੱਕ ਲਈ ਮੁਲਤਵੀਂ ਕੀਤਾ ਸੀ, ਹੁਣ ਉਸ ਨੂੰ ਜਲਦ ਸ਼ੁਰੂ ਕੀਤਾ ਜਾਵੇਗਾ।

ਦੇਖਣਾ ਹੁਣ ਇਹ ਹੋਵੇਗਾ ਕਿ ਕੀ 25 ਮਈ ਤੋਂ ਪਹਿਲੋਂ ਪਹਿਲੋਂ ਸਰਕਾਰ ਦਾ ਕੋਈ ਨੁਮਾਇੰਦਾ ਇਨ੍ਹਾਂ ਬੇਰੁਜ਼ਗਾਰਾਂ ਦੀ ਕੋਈ ਗੱਲ ਸੁਣਦਾ ਹੈ ਜਾਂ ਨਹੀਂ? ਇਹ ਤਾਂ ਆਉਣ ਵਾਲਾ ਵੇਲਾ ਹੀ ਦੱਸੇਗਾ ਕਿ ਕੀ ਬਣਦਾ ਹੈ? ਬਾਕੀ ਕੁਲ ਮਿਲਾ ਕੇ ਕਹਿ ਲਈਏ ਤਾਂ, ਸਰਕਾਰ ਨੇ ਆਪਣੇ ਕਰੀਬ ਸਵਾ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਾਰਨ ਅੱਜ ਹਰ ਵਰਗ ਸਰਕਾਰ ਤੋਂ ਪ੍ਰੇਸ਼ਾਨ ਹੈ ਅਤੇ ਬਾਦਲਾਂ ਵਾਂਗ ਕੈਪਟਨ ਨੂੰ ਵੀ ਚਲਦਾ ਕਰਨ ਦੀ ਤਿਆਰੀ ਵਿਚ ਹੈ।