ਸ਼ਰਾਬ ਖ਼ਾਨਾ ਖ਼ਰਾਬ

575

ਸ਼ਰਾਬ ਦੀ ਬੋਤਲ ਤੇ ਲਿਖਿਆ ਜਾਂਦਾ ਹੈ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ। ਪਰ ਫਿਰ ਵੀ ਲੋਕ ਸ਼ਰਾਬ ਪੀਂਦੇ ਹਨ। ਗਲੀਆਂ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਡਿੱਕ ਡੋਲੇ ਖਾਂਦੇ ਜਾਂ ਫਿਰ ਧਰਤੀ ਤੇ ਡਿੱਗੇ ਪਏ ਸ਼ਰਾਬੀ ਆਮ ਹੀ ਦੇਖੇ ਜਾ ਸਕਦੇ ਹਨ। ਧਰਮਾਂ ਵਿੱਚ ਸ਼ਰਾਬ ਪੀਣ ਦੀ ਮਨਾਹੀ ਕੀਤੀ ਗਈ ਹੈ। ਪਰ ਧਾਰਮਿਕ ਵਿਦਵਾਨ ਇਸ ਮਨਾਹੀ ਦਾ ਤਰਕਸੰਗਤ ਜਵਾਬ ਨਹੀਂ ਦੇ ਰਹੇ ਹਨ ਕਿ ਸ਼ਰਾਬ ਕਿਉਂ ਨਹੀਂ ਪੀਣੀ ਚਾਹੀਦੀ। ਧਰਮਿਕ ਵਿਦਵਾਨ ਕਹਿ ਰਹੇ ਹਨ ਕਿ ਜੇਕਰ ਕੋਰੋਨਾ ਵਾਇਰਸ ਦੇ ਦੌਰ ਵਿੱਚ ਲਾਕ ਡਾਊਨ ਦੌਰਾਨ ਸ਼ਰਾਬੀ 45 ਦਿਨ ਸ਼ਰਾਬ ਪੀਣ ਤੋਂ ਬਿਨਾਂ ਜਿਉਂਦੇ ਰਹਿ ਸਕਦੇ ਹਨ ਤਾਂ ਸ਼ਰਾਬ ਦੇ ਠੇਕੇ ਬੰਦ ਕਰ ਦਿੱਤੇ ਜਾਣੇ ਚਾਹੀਦੇ। ਪਰ ਸ਼ਰਾਬ ਪੀਣ ਵਾਲੇ ਤਰਕ ਦੇ ਰਹੇ ਹਨ ਕਿ ਜੇਕਰ ਧਾਰਮਿਕ ਵਿਦਵਾਨ ਕੋਰੋਨਾ ਵਾਇਰਸ ਦੇ ਡਰ ਕਾਰਨ ਧਾਰਮਿਕ ਸਥਾਨਾਂ ਨੂੰ ਜਿੰਦੇ ਕੁੰਡੇ ਲਾ ਕੇ ਦੌੜ ਗਏ ਸਨ ਅਤੇ ਕਿਸੇ ਵੀ ਧਰਮ ਨੇ ਸਾਨੂੰ ਕੋਰੋਨਾ ਵਾਇਰਸ ਤੋਂ ਨਿਜਾਤ ਨਹੀਂ ਦਿਵਾਈ ਤਾਂ ਧਾਰਮਿਕ ਸਥਾਨਾਂ ਨੂੰ ਢਾਹ ਕੇ ਇੰਨ੍ਹਾਂ ਦੀ ਥਾਂ ਹਸਪਤਾਲ ਬਣਾਉਣੇ ਚਾਹੀਦੇ ਹਨ। ਭਾਵੇਂ ਦੋਨੋਂ ਧਿਰਾਂ ਦੇ ਆਪਣੇ ਆਪਣੇ ਤਰਕ ਠੀਕ ਲੱਗਦੇ ਹਨ ਪਰ ਫਿਰ ਵੀ ਸਾਡੇ ਕੋਲ ਆਪਣਾ ਦਿਮਾਗ ਹੈ। ਧਰਮ ਅਤੇ ਸ਼ਰਾਬ ਦੋਵਾਂ ਨੇ ਹੀ ਦੇਸ਼ ਨੂੰ ਬਰਬਾਦ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਕਹਿੰਦੇ ਹਨ ਕਿ ਬਾਬਾ ਨਾਨਕ ਜੀ ਦੀ ਤੱਕੜੀ 13-13 ਤੋਲਦੀ ਸੀ ਪਰ ਹੁਣ ਉਸ ਤੱਕੜੀ ਦੀ ਡੰਡੀ ਬਾਬਾ ਨਾਨਕ ਜੀ ਦੇ ਹੱਥ ਵਿੱਚ ਨਹੀਂ ਹੈ।
ਇਸ ਤੱਕੜੀ ਦੀ ਡੰਡੀ ਹੁਣ ਅੱਖਾਂ ਤੇ ਪੱਟੀ ਬੰਨ੍ਹੀ ਉਸ ਨਿਆਂ ਪਾਲਿਕਾ ਦੇ ਹੱਥ ਵਿੱਚ ਆ ਗਈ ਹੈ। ਜਿਸ ‘ਤੇ ਸਿਆਸਤਦਾਨਾਂ ਜਿੰਨ੍ਹਾਂ ਦੀਆਂ ਅੱਖਾਂ ਵਿੱਚ ਧਰਮ ਦਾ ਟੀਰ ਪਿਆ ਹੋਇਆ ਹੈ ਉਹਨਾਂ ਨੇ ਇਸ ਤੱਕੜੀ ਦੀ ਡੰਡੀ ਆਪਣੇ ਬੰਦਿਆਂ ਦੇ ਹੱਥ ਵਿੱਚ ਫੜਾ ਦਿੱਤੀ ਹੈ ।
ਸਾਡੇ ਸਾਹਮਣੇ ਇਹ ਸਵਾਲ ਵੀ ਖੜਾ ਹੋ ਗਿਆ ਹੈ ਕਿ ਐਡੀ ਕੀ ਮਜਬੂਰੀ ਹੈ ਕਿ ਇੱਕ ਪਾਸੇ ਕੋਰੋਨਾ ਵਾਇਰਸ ਦੇ ਦੌਰ ਵਿੱਚ ਸਮਾਜਿਕ ਦੂਰੀ ਦੀ ਦੁਹਾਈ ਪਾਈ ਜਾ ਰਹੀ ਹੈ ਦੂਜੇ ਪਾਸੇ ਸਰਕਾਰ ਨੂੰ ਸ਼ਰਾਬ ਦੇ ਠੇਕੇ ਖੋਲ੍ਹਣੇ ਪੈ ਗਏ ।
ਸੱਚ ਤਾਂ ਇਹ ਹੈ ਕਿ ਸਰਕਾਰ ਨੂੰ ਦੇਸ਼ ਵਾਸੀਆਂ ਦੇ ਮਰਨ ਦੀ ਕੋਈ ਚਿੰਤਾ ਨਹੀਂ। ਲੋਕ ਸ਼ਰਾਬ ਪੀ ਕੇ, ਭੁੱਖ ਨਾਲ ਜਾਂ ਫਿਰ ਕੋਰੋਨਾ ਵਾਇਰਸ ਨਾਲ ਮਰਨ ਸਰਕਾਰ ਨੂੰ ਤਾਂ ਆਪਣੇ ਖ਼ਾਲੀ ਖ਼ਜ਼ਾਨੇ ਨੂੰ ਭਰਨ ਦੀ ਚਿੰਤਾ ਹੈ ਤਾਂ ਕਿ ਖ਼ਾਲੀ ਖ਼ਜ਼ਾਨੇ ਕਾਰਨ ਉਨ੍ਹਾਂ ਦੀ ਐਸ਼ ਇਸ਼ਰਤ ਵਿੱਚ ਕੋਈ ਘਾਟ ਨਾ ਆ ਜਾਵੇ। ਇਤਿਹਾਸ ਗਵਾਹ ਹੈ ਕਿ ਉਨੇਂ ਮਨੁੱਖ ਸਮੁੰਦਰ ਵਿੱਚ ਡੁੱਬ ਕੇ ਨਹੀਂ ਮਰੇ ਹੋਣੇ ਜਿੰਨੇ ਸ਼ਰਾਬ ਦੀ ਪਿਆਲੀ ਵਿੱਚ ਡੁੱਬ ਕੇ ਮਰ ਗਏ ਹਨ। ਪਰ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸਰਕਾਰ ਵੱਲੋਂ ਖੋਲੇ ਜਾ ਰਹੇ ਸ਼ਰਾਬ ਦੇ ਠੇਕਿਆਂ ਦਾ  ਵਿਰੋਧ ਕਿਉਂ ਨਹੀਂ ਹੋ ਰਿਹਾ। ਕੀ ਅਸੀਂ ਐਨੇਂ ਹੀ ਨਿਤਾਣੇ ਤੇ ਕਮਜ਼ੋਰ ਹੋ ਗਏ ਹਾਂ ਕਿ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਵੀ ਨਹੀਂ ਕਰ ਸਕਦੇ।ੲਿੱਥੇ ਇਹ ਵੀ ਸਮਝ ਨਹੀਂ ਆ ਰਿਹਾ ਕਿ ਇੱਕ ਪਾਸੇ ਪੁਲਿਸ ਘਰ ਸ਼ਰਾਬ ਕੱਢਣ ਵਾਲਿਆਂ ਨੂੰ ਫੜ ਕੇ ਥਾਣੇ ਵਿੱਚ ਬੰਦ ਕਰ ਦਿੰਦੀ ਹੈ ਅਤੇ ਦੂਜੇ ਪਾਸੇ ਸਰਕਾਰ ਆਪ  ਠੇਕੇ ਖੋਲ੍ਹ ਕੇ ਸ਼ਰਾਬ ਵੇਚ ਰਹੀ ਹੈ। ਸਰਕਾਰ ਨੂੰ ਵੀ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਉਹ ਜੋ ਧਨ ਇਕੱਠਾ ਕਰ ਰਹੇ ਹਨ ਜੇਕਰ ਕੋਰੋਨਾ ਵਾਇਰਸ ਪਲੇਗ ਦੀ ਤਰ੍ਹਾਂ ਫੈਲ ਗਿਆ ਤਾਂ ਇਹ ਇਕੱਠਾ ਕੀਤਾ ਗਿਆ ਧਨ ਵੀ ਇੱਥੇ ਹੀ ਰਹਿ ਜਾਣਾ ਹੈ। ਅਜੇ ਵੀ ਵੇਲਾ ਹੈ ਸੰਭਲ ਜਾਓ ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਨੇਕ ਕੰਮ ਕਰਨ ਲੱਗ ਜਾਓ। ਮੌਤ ਤੋਂ ਬਾਅਦ ਸਿਕੰਦਰ ਦੇ ਖੁੱਲ੍ਹੇ ਹੋਏ ਹੱਥ ਯਾਦ ਕਰੋ। ਹੋਰ ਨਹੀਂ ਆਪਣੇ ਜੰਮ ਰਹੇ ਬੱਚਿਆਂ ਅਤੇ ਆਪਣੇ ਮਰ ਰਹੇ ਮਿੱਤਰ ਪਿਆਰਿਆਂ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਵੋ ਹਰ ਕੋਈ ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਹੀ ਗਿਆ ਹੈ। ਕਿਉਂਕਿ ਸਿਕੰਦਰ ਤੁਸੀਂ ਜਾਂ ਮੈਂ ਦੇਖਿਆ ਨਹੀਂ ਇਸ ਨੂੰ ਝੂਠ ਵੀ ਸਮਝ ਸਕਦੇ ਹਾਂ। ਕੋਈ ਵੀ ਨਸ਼ਾ ਚੰਗਾ ਨਹੀਂ ਹੈ। ਇੱਕ ਨਸ਼ਈ ਵਿਅਕਤੀ ਨਾ ਚੰਗਾ ਪਿਤਾ, ਨਾ ਚੰਗਾ ਪਤੀ ਅਤੇ ਨਾ ਹੀ ਚੰਗਾ ਪੁੱਤਰ ਬਣ ਸਕਦਾ ਹੈ। ਇਹ ਨਸ਼ੇ ਪਤਨੀ ਕੋਲੋ ਉਸ ਦੇ ਸਿਰ ਦਾ ਸਾਈਂ, ਬੱਚਿਆਂ ਕੋਲੋਂ ਬਾਪ ਅਤੇ ਬੁੱਢੇ ਮਾਪਿਆਂ ਕੋਲੋਂ ਉਨ੍ਹਾਂ ਦੇ ਬੁਢਾਪੇ ਦੀ ਡੰਗੋਰੀ ਖੋਹ  ਲੈਂਦੇ ਹਨ। ਇਹ ਨਸ਼ੇ ਮਨੁੱਖ ਤੋਂ ਉਸ ਦੀ ਜਿੰਦਗੀ ਖੋਹ ਲੈਂਦੇ ਹਨ।
ਭਾਵੇਂ ਸਾਰੇ ਨਸ਼ੇ ਭੈੜੇ ਹਨ ਪਰ ਸ਼ਰਾਬ ਦਾ ਨਸ਼ਾ ਸਭ ਤੋਂ ਵੱਧ ਭੈੜਾ ਨਸ਼ਾ ਹੈ। ਸ਼ਰਾਬ ਦੀ ਬੋਤਲ ਨੇ ਸਾਡੇ ਸਾਹਮਣੇ ਸਾਡੇ ਦਾਦੀ ਦਾਦੇ ਤੋਂ ਲੈ ਕੇ ਹਰੇਕ ਰਿਸ਼ਤੇ ਦਾ ਕਤਲ ਕਰਵਾਇਆ ਹੈ। ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਅਸੀਂ ਸਾਰੇ ਹੀ ਪੜ੍ਹਦੇ ਹਾਂ। ਪਰ ਫਿਰ ਵੀ ਸਮਝਦਾਰ ਨਹੀਂ ਬਣਦੇ। ਸਿਆਸਤਦਾਨੋਂ ਹੋਸ਼ ਕਰੋ ਆਪਣੇ ਖ਼ਾਲੀ ਖ਼ਜ਼ਾਨੇ ਨੂੰ ਸ਼ਰਾਬ ਦੀ ਆੜ ਹੇਠ ਭਰਨ ਦਾ ਥਾਂ ਲੋਕਾਂ ਦੇ ਘਰਾਂ ਦੇ ਖਾਨੇ ਖ਼ਰਾਬ ਨਾ ਕਰੋ।

ਸੁਖਮਿੰਦਰ ਬਾਗ਼ੀ ਸਮਰਾਲਾ
ਮੋwਬਾਈਲ ਨੰ 9417394805