ਸ਼ਹੀਦਾਂ ਦੇ ਸੁਪਨੇ 89 ਵਰਿਆ ਬਾਅਦ ਵੀ ਅਧੂਰੇ.!

617

ਸ਼ਹੀਦ ਏ ਆਜ਼ਮ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਦਿਆਂ ਅੱਜ ਲੋਕ ਸੰਗਰਾਮ ਮੰਚ ਪੰਜਾਬ ਅਤੇ ਇਨਕਲਾਬੀ ਲੋਕ ਮੋਰਚਾ ਪੰਜਾਬ ਵੱਲੋਂ ਹੁਸੈਨੀਵਾਲਾ ਵਿਖੇ ਸਾਂਝੇ ਤੌਰ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗੲੇ। ਇਸ ਮੌਕੇ ‘ਤੇ ਲੋਕ ਸੰਗਰਾਮ ਮੰਚ ਦੇ ਪ੍ਰਧਾਨ ਤਾਰਾ ਸਿੰਘ ਮੋਗਾ, ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਪ੍ਰਧਾਨ ਲਾਲ ਸਿੰਘ ਗੋਲੇਵਾਲਾ, ਵਿੱਤ ਸਕੱਤਰ ਰਾਜੇਸ਼ ਮਲਹੋਤਰਾ, ਸੂਬਾ ਕਮੇਟੀ ਮੈਂਬਰ ਦਰਸ਼ਨ ਸਿੰਘ ਤੂਰ ਅਤੇ ਪਰਮਜੀਤ ਸਿੰਘ ਜੀਰਾ ਤੇ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਪੰਜਾਬ ਦੇ ਜਨ: ਸਕੱਤਰ ਬਲਦੇਵ ਸਿੰਘ ਜੀਰਾ ਸਮੇਤ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਹੀਦਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਪ੍ਣ ਦੁਹਰਾਇਆ। ਉਨ੍ਹਾਂ ਨੇ ਆਖਿਆ ਕਿ ਕਰੋਨਾ ਵਾਇਰਸ ਦਾ ਡਰ ਤੇ ਕਹਿਰ ਇਸ ਕਦਰ ਸਿਰ ਚੜ੍ਹਕੇ ਬੋਲ ਰਿਹਾ ਹੈ ਕਿ ਅਸੀਂ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਤੇ ਹੋਰ ਪਰੋਗਰਾਮ ਮੁਲਤਵੀ ਕਰਨ ਲਈ ਮਜਬੂਰ ਹੋਏ ਹਾਂ। ਇਹ ਸਾਮਰਾਜੀ ਸ਼ਕਤੀਆਂ ਵੱਲੋਂ ਰਚਿਆ ਡਰਾਮਾ ਹੈ ਜਾਂ “ਭੂਤ” ਬੋਤਲ ਵਿੱਚੋਂ ਬਾਹਰ ਆ ਗਿਆ ਹੈ ਜਾਂ ਫਿਰ ਮਨੁੱਖੀ ਗਲਤੀਆਂ ਦਾ ਲਾਜਮੀ ਸਿੱਟਾ ਹੈ ਜਾਂ ਫਿਰ ਆਮ ਕੁਦਰਤੀ ਵਰਤਾਰਾ ਹੈ, ਪਰ ਇੱਕ ਗੱਲ ਸਾਫ ਹੈ ਕਿ ਸੰਸਾਰ ਦੇ ਕਿਰਤੀ – ਕਮਾਊ ਆਮ ਲੋਕ ਇਸ ਲਈ ਜਿੰਮੇਵਾਰ ਨਹੀਂ ਹਨ। ਇਸ ਬਿਮਾਰੀ ਦਾ ਫਿਲਹਾਲ ਕੋਈ ਇਲਾਜ ਨਾ ਹੋਣ ਕਾਰਨ ਇਹ ਅਤਿ ਜ਼ਰੂਰੀ ਹੈ ਜਾਂਦਾ ਹੈ ਕਿ ਹਰ ਤਰ੍ਹਾਂ ਦੀਆਂ ਸਾਵਧਾਨੀਆਂ  ਵਰਤੀਆਂ ਜਾਣ ਤਾਂ ਕਿ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਅਜੋਕੇ ਦੌਰ ਅੰਦਰ ਜਦੋਂ ਬ੍ਰਾਹਮਣਵਾਦੀ ਹਿੰਦੂਤਵ ਫਾਸ਼ੀਵਾਦ ਆਵਦੇ ਹਮਲੇ ਤੇਜ਼ ਕਰ ਰਿਹਾ ਹੈ ਅਤੇ ਦੇਸ਼ ਦੇ ਲੋਕਾਂ ਉੱਪਰ ਐਨ. ਪੀ. ਆਰ, ਅੈਨ. ਆਰ. ਸੀ. ਤੇ ਸੀ.ਏ.ਏ ਜਬਰੀ ਥੋਪਕੇ ਉਹਨਾਂ ਨੂੰ (ਖਾਸਕਰ ਮੁਸਲਿਮ ਭਾਈਚਾਰੇ) ਨੂੰ ਆਵਦੇ ਦੇਸ਼ ਅੰਦਰ ਹੀ ਸ਼ੱਕੀ ਨਾਗਰਿਕ ਤੇ ਰਿਫਊਜੀ ਬਣਾਉਣ ਦੇ ਰਾਹ ਪਿਆ ਹੋਇਆ ਹੈ, ਅਜਿਹੇ ਸਮਿਆਂ ‘ਚ ਭਗਤ ਸਿੰਘ ਹੁਰਾਂ ਦੇ ਵਾਰਿਸ ਫਾਸ਼ੀਵਾਦ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਡਟੇ ਹੋਏ ਹਨ।ਕਰਜਾ, ਬੇਰੁਜ਼ਗਾਰੀ, ਨਸ਼ੇ, ਲਿੰਗਕ ਵਿਤਕਰਾ, ਜਾਤੀ ਤੇ ਧਰਮ ਦੇ  ਆਧਾਰ ‘ਤੇ ਵਿਤਕਰਾ ਤੇ ਹੋਰ ਅਨੇਕਾਂ ਅਲਾਮਤਾਂ ਸਾਡੇ ਸਾਹਮਣੇ ਦਰਪੇਸ਼ ਹਨ।  ਬੇਹੱਦ ਕਮਜੋਰ ਤੇ ਡਾਵਾਂਡੋਲ ਅਰਥਵਿਵਸਥਾ ਦੇ ਚਲਦਿਆਂ ਜਬਰ ਦੇ ਨਵੇਂ-ਨਵੇਂ ਢੰਗ ਅਪਣਾਉਣਾ ਸੱਤਾ ਦੀ ਲੋੜ ਬਣ ਚੁੱਕੀ ਹੈ। ਚੁਣੌਤੀਆਂ ਤੇ ਸੰਭਾਵਨਾਵਾਂ ਨਾਲ ਭਰਪੂਰ ਅਜਿਹੀ ਹਾਲਤ ਅੰਦਰ ਲੋੜ ਇਸ ਗੱਲ ਦੀ ਹੈ ਕਿ ਹੋਰ ਵੱਧ ਦਰਿੜ੍ਹਤਾ ਨਾਲ ਭਗਤ ਸਿੰਘ ਹੁਰਾਂ ਦੇ ਵਿਚਾਰਾਂ ਨੂੰ ਆਤਮਸਾਤ ਕਰੀਏ ਤੇ ਉਹਨਾਂ ਦੀ ਰੌਸ਼ਨੀ ਵਿੱਚ ਜਬਰ-ਜੁਲਮ ਦੇ ਵਿਰੁੱਧ ਤੇ ਹੱਕ-ਸੱਚ-ਇਨਸਾਫ ਦੇ ਪੱਖ ਵਿੱਚ ਨਵ ਜਮਹੂਰੀ ਭਾਰਤ ਦੀ ਸਿਰਜਣਾ ਲਈ ਅੱਗੇ ਵਧੀਏ।