ਪੈਰਿਸ :
ਜਦੋਂ ਸੰਤਾਪ ਦੇ ਬੱਦਲ ਚਾਨਣ ਦੀਆਂ ਕਿਰਨਾਂ ਤੇ ਪਰਦਾ ਕਰ ਲੈਣ ਤਾਂ ਉਦੋਂ ਇਨਸਾਨ ਦੀ ਦਲੇਰੀ ‘ਚੋ ਉਪਜਿਆ ਸੂਰਜ ਹਨੇਰੇ ਦਾ ਕਤਲੇਆਮ ਕਰ ਕੇ ਕਾਮਯਾਬੀ ਦੀ ਰੋਸ਼ਨੀ ਨਾਲ ਆਮ ਜਿਹੇ ਬੰਦੇ ਨੂੰ ਚਾਨਣ ਮੁਨਾਰਾ ਬਣਾ ਦਿੰਦਾ ਹੈ। ਅਜਿਹਾ ਹੀ ਚਾਨਣ ਮੁਨਾਰਾ ਬਣਿਆ ਹੈ ਰਣਜੀਤ ਸਿੰਘ ਗੁਰਾਇਆ ਜੋ ਬੀਤੇ ਦਿਨੀ ਫਰਾਂਸ ‘ਚ ਪਹਿਲਾ ਪੂਰਨ ਸਿੱਖੀ ਸਰੂਪ ਵਾਲਾ ਡਿਪਟੀ ਮੇਅਰ ਚੁਣਿਆ ਗਿਆ ਹੈ। ਇਹ ਉਹੀ ਰਣਜੀਤ ਸਿੰਘ ਹੈ ਜਿਸ ਨੂੰ ਕਦੇ ਫਰਾਂਸ ਦੇ ਸਰਕਾਰੀ ਸਕੂਲ ‘ਚੋਂ ਦਸਤਾਰ ਕਾਰਨ ਕੱਢ ਦਿੱਤਾ ਗਿਆ ਸੀ।
ਸਿੱਖਸ ਫੈਡਰੇਸ਼ਨ ਫਰਾਂਸ ਦੇ ਪ੍ਰਧਾਨ ਬਾਬਾ ਕਸ਼ਮੀਰ ਸਿੰਘ ਗੌਂਸਲ ਤੇ ਸਕੱਤਰ ਜਨਰਲ ਰਘਬੀਰ ਸਿੰਘ ਕੋਹਾੜ ਨੇ ਰਣਜੀਤ ਸਿੰਘ ਦੀ ਡਿਪਟੀ ਮੇਅਰ ਵਜੋਂ ਚੋਣ ‘ਤੇ ਖ਼ੁਸ਼ੀ ਪ੍ਰਗਟਾਉਂਦਿਆਂ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ‘ਚ ਕਿਹਾ ਕਿ ਫਰਾਂਸ ‘ਚ ਸਕੂਲਾਂ, ਕਾਲਜਾਂ ‘ਚ ਕੋਈ ਵੀ ਧਾਰਮਿਕ ਚਿੰਨ ਲੈ ਕੇ ਜਾਣ ਅਤੇ ਸਿੱਖ ਬੱਚਿਆਂ ਦੇ ਦਸਤਾਰ ਸਜਾ ਕੇ ਆਉਣ ‘ਤੇ ਸਾਲ 2004 ਤੋਂ ਮਨਾਹੀ ਹੈ। ਇਸ ਕਾਰਨ ਰਣਜੀਤ ਸਿੰਘ ਨੂੰ ਵੀ 2004 ਨੂੰ ਸਰਕਾਰੀ ਸਕੂਲ ਤੋਂ ਕੱਢ ਦਿੱਤਾ ਗਿਆ ਸੀ।
ਉਸ ਨੇ ਸੰਤਾਪ ਝੱਲਿਆ ਪਰ ਸਿੱਖੀ ਸਰੂਪ ਦੀ ਮਰਿਆਦਾ ਕਾਇਮ ਰੱਖੀ। ਉਸ ਨੇ ਪ੍ਰਾਈਵੇਟ ਸਕੂਲ ਤੇ ਕਾਲਜ ‘ਚ ਪੜ੍ਹਾਈ ਕਰਨ ਉਪਰੰਤ ਸੌਰਬਨ ਯੁਨੀਵਰਸਿਟੀ ਤੋਂ ਕਾਨੂੰਨ ਤੇ ਅਰਥ ਸਾਸਤਰ ‘ਚ ਮਾਸਟਰ ਡਿਗਰੀ ਹਾਸਲ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਰਣਜੀਤ ਸਿੰਘ ਗੁਰਾਇਆ ਨੇ ਆਪਣੀ ਦੂਰ-ਦ੍ਰਿਸ਼ਟੀ ਤੇ ਸੂਝ-ਬੂਝ ਨਾਲ ਆਪਣੇ ਸਿਆਸੀ ਘੇਰੇ ਨੂੰ ਵਿਸ਼ਾਲ ਕੀਤਾ ਤੇ ਫਰਾਂਸ ਦੇ ਰਾਜਨੀਤਕ ਲੋਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ‘ਚ ਆਪਣੀ ਵਧੀਆ ਤੇ ਉਸਾਰੂ ਛਵੀ ਬਣਾਈ। ਉਹ ਭਾਈਚਾਰੇ ਦੇ ਮਸਲੇ ਅੱਗੇ ਹੋ ਕੇ ਉਠਾਉਂਦਾ ਰਿਹਾ ਤੇ ਅਖ਼ੀਰ ਫਰਾਂਸ ਦੇ ਨਾਮਵਰ ਸ਼ਹਿਰ ਬੋਬੀਨੀ ਦੀਆਂ ਨਿਗਮ ਚੋਣਾਂ ‘ਚ ਪਹਿਲੇ ਪੂਰਨ ਸਿੱਖੀ ਸਰੂਪ ਵਾਲੇ ਡਿਪਟੀ ਮੇਅਰ ਚੁਣੇ ਗਏ।
ਫੈਡਰੇਸ਼ਨ ਆਗੂ ਬਾਬਾ ਕਸ਼ਮੀਰ ਸਿੰਘ ਗੌਂਸਲ ਤੇ ਰਘਬੀਰ ਸਿੰਘ ਕੋਹਾੜ ਨੇ ਰਣਜੀਤ ਸਿੰਘ ਗੁਰਾਇਆ ਨੂੰ ਵਧਾਈ ਦਿੰਦਿਆਂ ਅਰਦਾਸ ਕੀਤੀ ਹੈ ਕਿ ਫਰਾਂਸ ਦੇ ਪੜ੍ਹੇ ਲਿਖੇ ਸਿੱਖ ਨੌਜਵਾਨ ਕਾਰੋਬਾਰ ਦੇ ਨਾਲ-ਨਾਲ ਸਿਆਸੀ ਅਦਾਰਿਆਂ ‘ਚ ਵੀ ਅੱਗੇ ਆਉਣ ਤਾਂ ਜੋ ਸਿੱਖ ਧਰਮ ਦੇ ਧਾਰਮਿਕ ਮਸਲੇ ਹੱਲ ਕਰਵਾਉਣ ਤੇ ਪੰਜਾਬੀ ਭਾਈਚਾਰੇ ਦੀ ਵਿਲੱਖਣ ਪਛਾਣ ਬਣ ਸਕੇ।