ਸਮੱਸਿਆ ਅਤੇ ਬਦਲ/- ਗੁਰਜੀਤ ਆਲਮ ਦੀ ਕਲਮ ਤੋਂ

196

ਆਪਣੇ ਹੱਕਾਂ ਲਈ ਅਤੇ ਆਪਣੇ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਦੀ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਅੱਗੇ ਰੋਸ-ਮੁਜ਼ਾਹਰੇ ਕਰਨਾ ਜਿਉਂਦੇ ਜਾਗਦੇ ਲੋਕਾਂ ਦਾ ਕੰਮ ਹੈ। ਸਪੱਸ਼ਟ ਹੈ ਕਿ ਇੱਥੇ ‘ਜਿਉਂਦੇ-ਜਾਗਦੇ’ ਲੋਕਾਂ ਤੋਂ ਭਾਵ ਉਨ੍ਹਾਂ ਲੋਕਾਂ ਤੋਂ ਨਹੀਂ ਜੋ ਜੀਣ ਲਈ ਖਾਂਦੇ-ਪੀਂਦੇ, ਸਾਹ ਲੈਂਦੇ ਅਤੇ ਕਿਸੇ ਡਰ ਜਾਂ ਕਿਸੇ ਨੂੰ ਡਰਾਉਣ ਲਈ ਅੱਖਾਂ ਖੁੱਲ੍ਹੀਆਂ ਰੱਖਦੇ ਹਨ। ‘ਜਿਉਂਦੇ ਜਾਗਦੇ’ ਲੋਕਾਂ ਤੋਂ ਭਾਵ ਉਹ ਲੋਕ ਜੋ ਮਾਨਸਿਕ ਤੌਰ ‘ਤੇ ਸੁਚੇਤ ਹੋਣ, ਆਪਣੇ ਰੋਜ਼ਾਨਾ ਜੀਵਨ ਦੇ ਵਰਤਾਰਿਆਂ ਪ੍ਰਤੀ ‘ਕੀ ਗ਼ਲਤ ਵਾਪਰ ਰਿਹਾ ਹੈ’ ਦੀ ਸਮਝ ਰੱਖਦੇ ਹੋਣ ਕਾਰਨ ਕੁਝ ਕਰਨ ਲਈ ਹੰਭਲਾ ਮਾਰਨ ਦਾ ਹੌਸਲਾ ਰਖਦੇ ਹੋਣ ਨਾ ਕਿ ‘ਆਪਾਂ ਕੀ ਲੈਣਾ ਹੈ’ ਦੀ ਚਾਦਰ ਵਿੱਚ ਲਿਪਟ ਕੇ ਸੁੱਤੇ ਰਹਿਣ ਵਾਲੇ ਲੋਕ।

ਪਰ ‘ਕਿਉਂ, ਕਿਵੇਂ, ਕਦੋਂ ਅਤੇ ਕਿੱਥੇ’ ਦੀ ਸਮਝ ਤੋਂ ਬਿਨਾਂ ਇਹ ‘ਕੀ ਗ਼ਲਤ ਵਾਪਰ ਰਿਹਾ ਹੈ’ ਦੀ ਸਮਝ ਵੀ ਨਾ ਸਿਰਫ ਅਧੂਰੀ ਸਗੋਂ ਭਟਕਾਊ ਹੈ। ਭਲਾ ਇਹ ਕਿਵੇਂ? ਆਪਣੇ ਲੇਖ ਦਾ ਵਿਸ਼ਾ ਇਹੋ ਹੈ। ਸਿਰਫ ‘ਕੀ ਗ਼ਲਤ ਵਾਪਰ ਰਿਹਾ ਹੈ’ ਦੀ ਸਮਝ ਲੋਕਾਂ ਅੱਗੇ ਸਮੱਸਿਆ ਪੇਸ਼ ਕਰਦੀ ਹੈ, ਪ੍ਰਚਾਰਕਾਂ ਜਾਂ ਆਗੂਆਂ ਦੇ ਹੋਕਰਿਆਂ ਦੀ ਗੂੰਜ ਲੋਕਾਂ ਨੂੰ ਰੋਸ-ਮੁਜ਼ਾਹਰਿਆਂ ਲਈ ਉਠਾਉਂਦੀ ਹੈ ਜਦਕਿ ‘ਕਿਉ, ਕਿਵੇਂ, ਕਦੋਂ ਅਤੇ ਕਿੱਥੇ’ ਦਾ ਗਿਆਨ ਸਮੱਸਿਆ ਦੇ ਪੈਦਾ ਹੋਣ ਦੇ ਕਾਰਨ, ਨਿੱਜੀ ਹਿੱਤਾਂ ਲਈ ਇਸ ਦਾ ਪਾਲਣ ਪੋਸ਼ਣ ਕਰਨ ਵਾਲੇ ਆਪਣੀ ਜਾਂ ਦੂਜੀ ਧਿਰ ਦੇ ਲੋਕਾਂ ਦੀ ਕਦੋਂ-ਕਿੱਥੇ ਵਾਪਰੀ ਸਰਗਰਮੀ ਦਾ ਬੋਧ ਕਰਾਉਦਾ ਹੈ ਜਿਸ ਤੋਂ ਬਿਨਾਂ ਲੋਕਾਂ ਸਾਹਮਣੇ ਆਪਣੀ ਸਮੱਸਿਆ ਦਾ ਬਾਦਲ ਕਦੇ ਨਿਖਰ ਕੇ ਸਾਹਮਣੇ ਨਹੀਂ ਆ ਸਕਦਾ।

ਆਮ ਤੌਰ ਤੇ ਰੋਸ ਮੁਜ਼ਾਹਰੇ ਕਰਦੇ ਲੋਕਾਂ ਸਾਹਮਣੇ ਸਿਰਫ ਸਮੱਸਿਆ ਹੀ ਹੁੰਦੀ ਹੈ ਜਦਕਿ ਇਸ ਸਮੱਸਿਆ ਦੇ ਬਦਲ ਦੀ ਸੋਸ਼ਕ ਵਰਗ ਕੋਲੋਂ ਉਮੀਦ ਕਰਨਾ ਦੂਰ ਸਗੋਂ ਸਮੱਸਿਆ ਦਾ ਬਦਲ ਖ਼ੁਦ ਰੋਸ ਮੁਜ਼ਾਹਰਾ ਕਰਨ ਵਾਲੇ ਲੋਕਾਂ ਕੋਲ ਵੀ ਨਹੀਂ ਹੁੰਦਾ, ਜੇ ਹੁੰਦਾ ਹੈ ਤਾਂ ਭਟਕਾਊ ਹੀ ਹੁੰਦਾ ਹੈ। ਕਿਸੇ ਧਰਮ ਜਾਂ ਜਾਤ ਆਦਿ ਸਬੰਧੀ ਅੰਨ੍ਹੀ ਭਾਵੁਕਤਾ ਲੈ ਕੇ ਬਹੁਗਿਣਤੀ ਲੋਕ ਆਪਣੇ ਆਗੂਆਂ ਪਿੱਛੇ ਤੁਰੇ ਮਰਨ ਮਾਰਨ ਤੱਕ ਪਹੁੰਚ ਜਾਇਆ ਕਰਦੇ ਹਨ।

ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਸੋ ਪੂਰੇ ਸਮਾਜ ਦੀ ਖੁਸ਼ਹਾਲੀ ਤੋਂ ਬਿਨਾਂ ਕਿਸੇ ਇਕੱਲੇ ਦੁਕੱਲੇ ਦੀ ਖੁਸ਼ਹਾਲੀ ਕਦੇ ਸੰਭਵ ਨਹੀਂ। ਇਹੋ ਕਾਰਨ ਹੈ ਕਿ ਕਰੋੜਾਂ-ਅਰਬਾਂਪਤੀ ਹੋ ਕੇ ਵੀ ਕੋਈ ਮਨੁੱਖ ਸੰਤੁਸ਼ਟ ਨਹੀਂ ਹੋ ਸਕਦਾ ਸਗੋਂ ਹਮੇਸ਼ਾ ਡਰ ਅਤੇ ਬੇਚੈਨੀ ਵਿੱਚ ਘਿਰਿਆ ਰਹਿੰਦਾ ਹੈ। ਜਿਸ ਦੇ ਦੋ ਹੀ ਕਾਰਨ ਹਨ; ਪਹਿਲਾ ਕਾਰਨ ਉਸ ਦੇ ਸ਼ਰੀਕਾਂ ਨਾਲ ਮੰਡੀ ਵਿੱਚ ਉਸ ਦਾ ਮੁਕਾਬਲਾ ਅਤੇ ਦੂਜਾ ਕਾਰਨ ਉਹ ਕਿਰਤੀ ਮਜ਼ਦੂਰ ਲੋਕ ਜਿਨ੍ਹਾਂ ਦਾ ਹੱਕ ਮਾਰ ਕੇ ਉਹ ਮੁਨਾਫ਼ੇ ਦੀ ਦੌੜ ਵਿੱਚ ਸਭ ਨੂੰ ਪਛਾੜਨ ਵਿੱਚ ਲੱਗਾ ਹੁੰਦਾ ਹੈ। ਭਾਵੇਂ ਧਾਰਮਿਕ ਬਾਬਿਆਂ ਮੁਤਾਬਿਕ ਉਸ ਦੀ ਬੇਚੈਨੀ ਦਾ ਇੱਕੋ-ਇੱਕ ਕਾਰਨ ਇਹੋ ਹੁੰਦਾ ਹੈ ਕਿ ਉਸ ਨੇ ਮੋਹ-ਮਾਇਆ ਪਿੱਛੇ ਲੱਗ ਕੇ ਰੱਬ ਨੂੰ ਵਿਸਾਰ ਦਿੱਤਾ, ਇਹ ਬਿਨਾਂ ਸਿਰ ਪੈਰ ਵਾਲੀ ਇੱਕ ਭਟਕਾਊ ਧਾਰਨਾ ਹੈ।

ਦੇਖਣਾ-ਸਮਝਣਾ ਇਹ ਹੁੰਦਾ ਹੈ ਕਿ ਰਾਜ ਕਰਤਾ ਸ਼੍ਰੇਣੀ ਤੋਂ ਜੋ ਕੁਝ ਹਾਸਲ ਕਰਨ ਲਈ ਅਸੀਂ ਰੋਸ ਮੁਜ਼ਾਹਰੇ ਕਰ ਰਹੇ ਹੁੰਦੇ ਹਾਂ, ਕੀ ਉਸ ਵਿੱਚ ਸਾਡੇ ਪੂਰੇ ਮਨੁੱਖੀ ਸਮਾਜ ਦਾ ਭਲਾ ਹੈ ਜਾਂ ਕਿਸੇ ਮੁੱਠੀ ਭਰ ਧਰਮ-ਜਾਤ ਜਾਂ ਕਿਸੇ ਖਾਸ ਵਰਗ ਦੇ ਲੋਕਾਂ ਦੇ ਹਿੱਤ ਉਸ ਵਿੱਚ ਛੁਪੇ ਹਨ? ਮੰਨ ਲਓ ਸਮਾਜਿਕ ਜਾਨ – ਮਾਲ ਦੀ ਸੁਰੱਖਿਆ ਦਾਅ ਉੱਤੇ ਲਾ ਕੇ ਰੋਸ ਮੁਜ਼ਾਹਰੇ ਕਰਦਿਆਂ ਬਦਲ ਵਜੋਂ ਜੇਕਰ ਮੌਜੂਦਾ ਸਰਕਾਰ ਤੋਂ ਤੁਸੀਂ ਆਪਣੀ ਕਿਸੇ ਪਰੰਪਰਾ, ਆਪਣੇ ਕਿਸੇ ਖਾਸ ਪਹਿਰਾਵੇ ਜਾਂ ਕਿਸੇ ਖਾਸ ਪਛਾਣ ਚਿੰਨ੍ਹ ਲਈ ਲੋਕ ਮਾਨਤਾ ਹਥਿਆ ਲੈਂਦੇ ਹੋ, ਕਿੰਤੂ ਪ੍ਰੰਤੂ ਕਰਨ ਵਾਲਿਆਂ ਨੂੰ ਸਜ਼ਾਵਾਂ ਹੇਠ ਕੁਚਲ ਦਿੰਦੇ ਹੋ ਤਾਂ ਕੀ ਇੱਕ ਮਨੁੱਖ ਹੋਣ ਦੇ ਨਾਤੇ ਆਪਣੀਆਂ ਬੁਨਿਆਦੀ ਲੋੜਾਂ, ਆਪਣੇ ਢਿੱਡ ਅਤੇ ਆਪਣੇ ਸਵੈ-ਮਾਣ ਲਈ ਤੁਸੀਂ ਸਵੈ-ਨਿਰਭਰ ਹੋ ਜਾਂਦੇ ਹੋ? ਕੀ ਮਨੁੱਖਤਾ ਨੂੰ ਇਸ ਦਾ ਕੋਈ ਲਾਭ ਹੁੰਦਾ ਹੈ?

ਜਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਵਿਸ਼ੇਸ਼ਤਾ ਸਿਰਫ ਉਸੇ ਅਰਥ ਵਿੱਚ ਹੁੰਦੀ ਹੈ ਜਿਸ ਦੁਆਰਾ ਇਹ ਸਾਨੂੰ ਸਰਬ-ਵਿਆਪਕਤਾ ਤੱਕ ਲੈ ਜਾਵੇ। ਮਨੁੱਖ ਦੀ ਮਨੁੱਖ ਵਜੋਂ ਵਿਸ਼ੇਸ਼ਤਾ ਮਨੁੱਖੀ ਸਮਾਜ ਵਿੱਚ ਪਲਦੇ ਵੱਖੋ ਵੱਖਰੇ ਧਰਮ-ਜਾਤ, ਅਮੀਰ-ਗਰੀਬ ਕਿਰਤੀ-ਮਜ਼ਦੂਰ, ਔਰਤ-ਮਰਦ, ਪੇਂਡੂ-ਸ਼ਹਿਰੀ, ਸਰੀਰਕ-ਬੌਧਿਕ ਕਾਮੇ ਆਦਿ ਸਭ ਨੂੰ ਆਪਣੇ ਦਾਇਰੇ ਵਿੱਚ ਸਮੇਟ ਲੈਂਦੀ ਹੈ। ਰੋਸ ਮੁਜ਼ਾਹਰੇ ਹਮੇਸ਼ਾ ਜਾਰੀ ਰਹਿਣੇ ਚਾਹੀਦੇ ਹਨ ਪਰ ਬੁਨਿਆਦੀ ਅਤੇ ਪਹਿਲੀ ਸ਼ਰਤ ਇਹ ਕਿ ਇਨ੍ਹਾਂ ਦਾ ਬਦਲ ਹਮੇਸ਼ਾ ਮਨੁੱਖਵਾਦੀ ਹੀ ਹੋਵੇ।

ਸੋ ਮਨੁੱਖਵਾਦੀ ਬਦਲ ਲਈ ਸਾਡੀ ਲੜਾਈ ਹਮੇਸ਼ਾਂ ਮਨੁੱਖਤਾ ਦੇ ਹਿੱਤ ਵਿੱਚ ਹੋਣੀ ਚਾਹੀਦੀ ਹੈ ਜਿਸ ਦਾ ਸਭ ਤੋਂ ਪਹਿਲਾ ਬੁਨਿਆਦੀ ਆਧਾਰ ਲਾਜ਼ਮੀ ਹੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੀ ਸਮੱਸਿਆ ਹੁੰਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਤੋਂ ਬਾਅਦ ਹੀ ਮਨੁੱਖ ਕੁਦਰਤੀ ਨਿਯਮਾਂ ਨੂੰ ਸਮਝਦਿਆਂ ਇਸ ਦੇ ਮਾਰੂ ਪ੍ਰਭਾਵਾਂ ਤੋਂ ਬਚਣ ਅਤੇ ਇਸ ਦੇ ਨਿਯਮਾਂ ਨੂੰ ਆਪਣੇ ਭਲੇ ਲਈ ਵਰਤਣ ਦੇ ਪੂਰੀ ਤਰ੍ਹਾਂ ਯੋਗ ਹੋ ਸਕੇਗਾ। ਬਦਲਦੇ ਦੌਰ ਦੀ ਲੋੜ ਮੁਤਾਬਕ ਸੁਚੱਜੇ ਜੀਵਨ ਲਈ ਨਿੱਤ ਨਵੇਂ ਢੰਗਾਂ ਨਾਲ ਕੀਤੀ ਮਨੁੱਖ ਦੀ ਕਿਰਤ ਹੀ ਉਸ ਨੂੰ ਧਰਤੀ ਦੇ ਲੱਖਾਂ ਜੀਵਾਂ ਨਾਲੋਂ ਵੱਖਰੀ ਪਛਾਣ ਦਿੰਦੀ ਹੈ। ਜੇਕਰ ਮਨੁੱਖ ਇਹ ਕਿਰਤ ਕਰਨੀ ਛੱਡ ਦੇਵੇ ਤਾਂ ਇਸ ਦੀ ਕਿਰਤ ਉੱਤੇ ਪਲਣ ਵਾਲੇ ਪਰਜੀਵੀ ਬਰਬਾਦ ਹੋ ਜਾਣਗੇ, ਉਹ ਪਰਜੀਵੀ ਜਿਨ੍ਹਾਂ ਦੇ ਵਿਹਲੜ ਅਤੇ ਨਿਕੰਮੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਜੀਵਨ ਹਰ ਪ੍ਰਕਾਰ ਦੀ ਸੁੱਖ ਸਹੂਲਤ ਨਾਲ ਭਰਪੂਰ ਰਹਿੰਦਾ ਹੈ।

ਕਿਸੇ ਧਰਮ-ਜਾਤ ਜਾਂ ਮਨੁੱਖ ਦੀ ਮਨੁੱਖ ਉੱਤੇ ਚੌਧਰ ਦਾ ਕੋਈ ਮਹੱਤਵ ਨਹੀਂ ਰਹਿ ਜਾਵੇਗਾ ਜੇਕਰ ਕਿਰਤੀ ਮਨੁੱਖ ਕਿਰਤ ਕਰਨਾ ਛੱਡ ਦੇਣ, ਉਦੋਂ ਧਰਮੀ ਲੋਕਾਂ ਦਾ ਪਰਮਾਤਮਾ ਕਿਧਰੇ ਨਹੀਂ ਲੱਭੇਗਾ ਜਿਸ ਬਾਰੇ ਪ੍ਰਚਾਰਿਆ ਜਾਂਦਾ ਹੈ ਕਿ  ਮਨੁੱਖ ਨੂੰ ਉਹ ਹੀ ਖਾਣ ਪਹਿਨਣ ਲਈ ਦਿੰਦਾ ਹੈ ਅਤੇ ਜ਼ਮੀਨ-ਜਾਇਦਾਦਾਂ ਅਤੇ ਧੀਆਂ-ਪੁੱਤਰਾਂ ਦੀਆਂ ਦਾਤਾਂ ਵਗੈਰਾ ਸਭ ਕੁਝ ਬਖ਼ਸ਼ਦਾ ਹੈ। ਪਰ ਅਜਿਹਾ ਕਰਕੇ ਕਿਰਤੀ ਮਨੁੱਖ ਧਰਤੀ ਦੇ ਦੂਜੇ ਜੀਵਾਂ ਵਾਂਗ ਜੀਣਾ-ਮਰਨਾ ਕਦੇ ਸਵੀਕਾਰ ਨਹੀਂ ਕਰਨਗੇ ਪਰ ਹਾਂ ਉਹ ਆਪਣੀ ਕਿਰਤ ਦਾ ਪੂਰਾ ਮੁੱਲ ਹਾਸਲ ਕਰਨ ਲਈ ਸੰਘਰਸ਼ ਜ਼ਰੂਰ ਵਿੱਢਦੇ ਹਨ। ਜੋ ਪਾਠਕ ਅਧਿਐਨ ਪੜਤਾਲ ਦੇ ਆਦੀ ਹੋਣਗੇ, ਉਹ ਜ਼ਰੂਰ ਸਮਝਦੇ ਹੋਣਗੇ ਕਿ ਮਨੁੱਖ ਨੇ ਆਪਣੀ ਕਿਰਤ ਦਾ ਪੂਰਾ ਮੁੱਲ ਉਨ੍ਹਾਂ ਮੁੱਠੀ ਭਰ ਮਨੁੱਖਾਂ ਤੋਂ ਹਥਿਆਉਣਾ ਹੁੰਦਾ ਹੈ ਜਿਨ੍ਹਾਂ ਕੋਲ ਪੈਦਾਵਾਰੀ ਸਾਧਨਾਂ ਦੀ ਮਾਲਕੀ ਹੁੰਦੀ ਹੈ ਅਤੇ ਸਰਕਾਰਾਂ ਜਿਨ੍ਹਾਂ ਦੀਆਂ ਕੱਠਪੁਤਲੀਆਂ ਹੁੰਦੀਆਂ ਹਨ, ਕਿਉਂਕਿ ਉਨ੍ਹਾਂ ਦੀ ਮੇਹਰਬਾਨੀ ਤੋਂ ਬਿਨਾਂ ਕਦੇ ਕੋਈ ਸਰਕਾਰ ਬਣਦੀ ਹੀ ਨਹੀਂ।

ਸਾਥੀ ਜੋ ਨਿੱਤ-ਨਵੇਂ ਰਾਜਨੀਤਿਕ ਲੀਡਰਾਂ ਜਾਂ ਪਾਰਟੀਆਂ ਉਤੇ ਮਾਣ ਕਰਦੇ ਹਨ, ਧਿਆਨ ਦੇਣ। ਉਹ ਤੁਹਾਨੂੰ ਪਾਲਤੂ ਪਸ਼ੂ-ਪੰਛੀਆਂ ਤੋਂ ਵੱਧ ਕੋਈ ਪਛਾਣ ਨਹੀਂ ਦੇ ਸਕਦੇ। ਤੁਹਾਡੇ ਸਵੈ-ਮਾਣ ਦੀ ਸੰਗਲੀ ਜਰਾ ਛੋਟੀ ਜਾਂ ਲੰਮੀ ਹੋ ਸਕਦੀ ਹੈ ਪਰ ਹਮੇਸ਼ਾ ਉਨ੍ਹਾਂ ਦੇ ਹੱਥ ਰਹਿਣੀ ਹੈ। ਪੈਨਸਨ, ਆਟਾ-ਦਾਲ, ਹਜਾਰ-ਦੋ ਹਜਾਰ ਖਾਤਿਆਂ ਲਈ ਜਾਂ ਮੁਫਤ ਘਰੇਲੂ ਵਸਤਾਂ ਆਦਿ ਲਈ ਤੁਸੀਂ ਇੱਕ-ਦੂਜੇ ਨੂੰ ਪਛਾੜਦੇ ਹੋਏ ਆਖਰੀ ਦਮ ਤੱਕ ਅਣਮਿੱਥੀ ਮੰਜਿਲ ਲਈ ਦੌੜਦੇ ਰਹੋਗੇ। ਡਿੱਗ ਜਾਓਗੇ ਤਾਂ ਇਸੇ ਦਿਸ਼ਾਹੀਣ ਦੌੜ ਵਿੱਚ ਆਪਣੀ ਔਲਾਦ ਨੂੰ ਸ਼ਾਮਲ ਕਰੋਗੇ ਜਿਸ ਤਰ੍ਹਾਂ ਤੁਹਾਨੂੰ ਤੁਹਾਡੇ ਵਡੇਰੇ ਸ਼ਾਮਲ ਕਰ ਗਏ ਸਨ।

ਮਿਹਨਤਕਸ਼ ਲੋਕੋ, ਕਿਰਤੀਓ-ਮਜ਼ਦੂਰੋ, ਕੀ ਤੁਸੀਂ ਨਹੀਂ ਜਾਣਦੇ ਕਿ ਟਿੱਬੇ ਢਾਹ ਕੇ ਟੋਏ ਕਿਸ ਤਰ੍ਹਾਂ ਭਰੇ ਜਾਂਦੇ ਹਨ ਅਤੇ ਕੀ ਤੁਸੀਂ ਨਹੀਂ ਜਾਣਦੇ ਅਜਿਹੀ ਜ਼ਮੀਨ ਉਤੇ ਸੁਹਾਗਾ ਫੇਰਨ ਦਾ ਮਹੱਤਵ? ਸਪੱਸ਼ਟੀਕਰਨ ਲਈ ਅਧਿਐਨ ਕਰੋ ਅਤੇ ਅਧਿਐਨ ਕਰ ਰਹੇ ਸਾਥੀਆਂ ਨਾਲ ਸਵਾਲੀ-ਜਵਾਬੀ ਸਾਂਝ ਪਾਓ। ਅਮਲੀ ਸੰਘਰਸ਼ ਤੋਂ ਪਹਿਲਾਂ ਲਾਜ਼ਮੀ ਹੈ ਤੁਹਾਡੇ ਮਾਨਸਿਕ ਪੱਧਰ ਦਾ ਆਪਣੇ ਪੈਰਾਂ ਉਤੇ ਖਲੋਣਾ।

ਸ਼ਬਦ ਫਿਰ ਦੁਹਰਾਏ ਜਾ ਰਹੇ ਹਨ ਕਿ ਲੋਕ ਸਮੱਸਿਆਵਾਂ ਨੂੰ ਲੈ ਕੇ ਰੋਸ ਮੁਜ਼ਾਹਰੇ ਸਦਾ ਜਾਰੀ ਰਹਿਣੇ ਚਾਹੀਦੇ ਹਨ ਅਤੇ ਮਨੁੱਖਤਾ ਲਈ ਭਾਵ ਸਮਾਜ ਦੇ ਸਰਬਪੱਖੀ ਵਿਕਾਸ ਲਈ ਤੁਹਾਡੀਆਂ ਮੰਗਾਂ ਇਸ ਪ੍ਰਕਾਰ ਹੋਣੀਆਂ ਚਾਹੀਦੀਆਂ ਹਨ….

1) ਸਮਾਜ ਦੇ ਹਰ ਬਾਲਗ ਮਨੁੱਖ ਨੂੰ ਪੱਕਾ ਰੋਜ਼ਗਾਰ ਭਾਵ ਜਿਸ ਦੀ ਕਦੇ ਤੁਹਾਡੇ ਹੱਥੋਂ ਖੁੱਸ ਜਾਣ ਦੀ ਤੁਹਾਨੂੰ ਚਿੰਤਾ ਨਾ ਹੋਵੇ, ਰੁਜ਼ਗਾਰ ਨਾ ਮਿਲਣ ਦੀ ਹਾਲਤ ਵਿੱਚ ਬੇਰੁਜ਼ਗਾਰੀ ਭੱਤਾ, ਜੋ ਤੁਹਾਡੇ ਜੀਵਨ ਗੁਜ਼ਾਰੇ ਲਈ ਕਾਫੀ ਹੋਵੇ,

2) ਕੰਮ ਦਾ ਢੁਕਵਾਂ ਮੁੱਲ (ਤਨਖਾਹ)

3) ਕੰਮ ਦਾ ਘੱਟੋ ਘੱਟ ਸਮਾਂ ਤਾਂ ਜੋ ਤੁਸੀਂ ਕਿਸੇ ਮਸ਼ੀਨ ਦਾ ਪੁਰਜਾ ਬਣ ਕੇ ਨਾ ਰਹਿ ਜਾਵੋਂ ਸਗੋਂ ਕਿਤਾਬਾਂ ਪੜ੍ਹਨ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਆਪਣਾ ਸਰਬਪੱਖੀ ਵਿਕਾਸ ਕਰਨ ਲਈ ਆਜ਼ਾਦ ਹੋ ਸਕੋ,

4) ਮੁਫ਼ਤ ਸਿੱਖਿਆ ਅਤੇ ਹਰ ਛੋਟੇ ਤੋਂ ਛੋਟੇ ਪਿੰਡ-ਸ਼ਹਿਰ ਵਿੱਚ ਵੀ ਬਿਮਾਰੀ ਜਾਂ ਕਿਸੇ ਹਾਦਸੇ ਦੌਰਾਨ ਸਿਹਤ ਸਹੂਲਤਾਂ ਬਿਲਕੁਲ ਮੁਫ਼ਤ, ਗੰਭੀਰ ਮਾਮਲਿਆਂ ਸਬੰਧੀ ਦੂਰ ਦੇ ਕਿਸੇ ਵੱਡੇ ਸ਼ਹਿਰ ਦੇ ਹਸਪਤਾਲ ਜਾਣ ਦੀ ਲੋੜ ਨਾ ਪਵੇ।

ਸਾਡੀਆਂ ਉਪਰੋਕਤ ਕੁਝ ਮੰਗਾਂ ਜੋ ਸਮੂਹ ਸਮਾਜ ਦੇ ਹਿੱਤ ਵਿੱਚ ਹਨ, ਕਿਸੇ ਵਿਸ਼ੇਸ਼ ਵਰਗ ਲਈ ਨਹੀਂ, ਮੌਜੂਦਾ ਪੂੰਜੀਵਾਦੀ ਯੁੱਗ ਦੀ ਕੋਈ ਵੀ ਸਰਕਾਰ ਪੂਰੀਆਂ ਨਹੀਂ ਕਰ ਸਕਦੀ। ਮੁਨਾਫ਼ੇ ਦੀ ਦੌੜ ਵਿੱਚ ਹਵਾ, ਪਾਣੀ ਅਤੇ ਖੁਰਾਕ ਦਾ ਜ਼ਹਿਰੀਲਾ ਹੋਣਾ, ਮੁੱਠੀ ਭਰ ਪੂੰਜੀਪਤੀਆਂ ਦੇ ਨਿੱਜੀ ਸੁਆਰਥਾਂ ਲਈ ਕਿਰਤੀ ਹੱਕਾਂ ਅਤੇ ਸਰਬ ਸਾਂਝੇ ਕੁਦਰਤੀ ਸਰੋਤਾਂ ਦੀ ਲੁੱਟ ਇਸੇ ਤਰ੍ਹਾਂ ਜਾਰੀ ਰਹੇਗੀ। ਹੁਣ ਰੋਸ ਮੁਜ਼ਾਹਰਿਆਂ ਲਈ ਸਮੱਸਿਆਵਾਂ ਦਾ ਢੇਰ ਤੁਹਾਡੇ ਸਾਹਮਣੇ ਹੈ ਪਰ ਇਸ ਦਾ ਬਦਲ ਸਿਰਫ ਅਤੇ ਸਿਰਫ ਸਮਾਜਵਾਦ ਹੈ।

ਜਿਸ ਵਿੱਚ ਨਿੱਜੀ ਜਾਇਦਾਦ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਖਾਤਮਾ, ਸਭ ਨੂੰ ਯੋਗਤਾ ਅਨੁਸਾਰ ਕੰਮ ਅਤੇ ਲੋੜ ਅਨੁਸਾਰ ਕੰਮ ਦਾ ਮੁੱਲ ਮਿਲਣਾ ਹੈ। ਦੁਸ਼ਮਣੀ ਵਾਲੇ ਜਮਾਤੀ ਸਮਾਜ ਦਾ ਖਾਤਮਾ ਹੋਣ ਨਾਲ ਮਨੁੱਖ ਕੁਦਰਤ ਨੂੰ ਆਪਣੀ ਸੇਵਾ ਵਿੱਚ ਲਗਾਉਣ ਦੇ ਯੋਗ ਹੋ ਸਕੇਗਾ। ਮਨੁੱਖੀ ਸਮੱਸਿਆਵਾਂ ਦੇ ਬਦਲ ਵਜੋਂ ਜੇਕਰ ਸਾਨੂੰ ਸਮਾਜਵਾਦ ਮਨਜੂਰ ਨਹੀਂ ਤਾਂ ਦੂਜਾ ਕੋਈ ਬਦਲ ਨਹੀਂ ਜੋ ਧਰਤੀ ਉੱਤੋਂ ਮਨੁੱਖੀ ਜੀਵਨ ਦੇ ਵਿਨਾਸ਼ ਨੂੰ ਰੋਕ ਸਕੇ।

 

ਗੁਰਜੀਤ ਆਲਮ

9465731894

1 COMMENT

Comments are closed.