ਸਰਕਾਰੀ ਸਕੂਲਾਂ ‘ਚ ਲੈਕਚਰਾਰ ਦੀਆਂ ਹਜ਼ਾਰਾਂ ਪੋਸਟਾਂ ਪਈਆਂ ਨੇ ਖਾਲੀ

464

ਫ਼ਿਰੋਜ਼ਪੁਰ 25 ਮਈ-

ਸਿੱਖਿਆ ਵਿਭਾਗ ਪੰਜਾਬ ਵੱਲੋਂ ਕਾਫੀ ਲੰਮੇ ਸਮੇਂ ਤੋਂ ਮਾਸਟਰ ਕਾਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਨਾ ਕਰਨਾ ਇੱਕ ਸਵਾਲੀਆ ਚਿੰਨ੍ਹ ਖੜ੍ਹਾ ਕਰਦਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਪੁਆਰੀ, ਬਲਕਾਰ ਵਲਟੋਹਾ ਜਨਰਲ ਸਕੱਤਰ, ਨਵੀਨ ਕੁਮਾਰ ਸਚਦੇਵਾ ਵਿੱਤ ਸਕੱਤਰ, ਪ੍ਰੇਮ ਚਾਵਲਾ ਸੀਨੀਅਰ ਮੀਤ ਪ੍ਰਧਾਨ, ਬਾਜ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਅਤੇ ਅਮਰਜੀਤ ਸਿੰਘ ਮਹਿਮੀ ਨੇ ਕਿਹਾ ਕਿ ਮਾਸਟਰ ਕਾਡਰ ਦੀਆਂ ਤਰੱਕੀਆਂ ਦੀ ਉਡੀਕ ਕਰਦਿਆਂ ਅਧਿਆਪਕਾਂ ਨੂੰ ਕਈ ਸਾਲ ਹੋ ਗਏ ਹਨ ।

ਉਨ੍ਹਾਂ ਕਿਹਾ ਕਿ ਕਈ ਮਾਸਟਰ ਕਾਡਰ ਦੇ ਅਧਿਆਪਕ ਤਰੱਕੀਆਂ ਦੀ ਉਡੀਕ ਵਿੱਚ ਸੇਵਾਮੁਕਤ ਹੋ ਗਏ ਅਤੇ ਕਈ ਸੇਵਾਮੁਕਤ ਹੋਣ ਵਾਲੇ ਹਨ । ਪ੍ਰਵੀਨ ਕੁਮਾਰ ਸੂਬਾ ਪ੍ਰੈਸ ਸਕੱਤਰ, ਪ੍ਰਿੰਸੀਪਲ ਮਨਦੀਪ ਕੁਮਾਰ ਥਿੰਦ, ਕਾਰਜ ਸਿੰਘ ਕੈਰੋਂ ,ਮੇਘਇੰਦਰ ਸਿੰਘ , ਟਹਿਲ ਸਿੰਘ ਸਰਾਭਾ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਲਗਭਗ 50 ਫੀਸਦੀ ਲੈਕਚਰਾਰਾ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ। ਕਈ ਸਕੂਲਾਂ ਵਿੱਚ ਤਾਂ ਲੈਕਚਰਾਰਾ ਦੀ ਘਾਟ ਕਾਰਨ ਕਾਮਰਸ ਅਤੇ ਸਾਇੰਸ ਵਿਸ਼ੇ ਦੇ ਗਰੁੱਪ ਬੰਦ ਹੋਣ ਕਿਨਾਰੇ ਹਨ। ਕੁਝ ਸਕੂਲਾਂ ਵਿੱਚ ਇੱਕ ਜਾਂ ਦੋ ਲੈਕਚਰਾਂਰ ਹੀ ਸਾਰੇ ਵਿਸ਼ੇ ਦੀ ਪੜ੍ਹਾਈ ਕਰਵਾ ਕੇ ਬੁੱਤਾ ਸਾਰ ਰਹੇ ਹਨ ।

ਉਨ੍ਹਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਅੱਜ ਤੱਕ ਮਾਸਟਰ ਕਾਡਰ ਦੀ ਸੀਨੀਅਰਤਾ ਸੂਚੀ ਫਾਈਨਲ ਹੀ ਨਹੀਂ ਕੀਤੀ ਗਈ । ਅੰਤ ਵਿੱਚ ਉਨ੍ਹਾਂ ਕਿਹਾ ਕਿ ਜੋ ਪਿਛਲੇ ਸਮੇਂ ਵਿੱਚ ਤਰੱਕੀਆਂ ਹੋਈਆਂ ਹਨ , ਉਹ ਵੱਖ ਵੱਖ ਸੀਨੀਅਰਤਾ ਸੂਚੀ ਦੇ ਆਧਾਰ ਤੇ ਹੋਈਆਂ ਹਨ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਮਾਸਟਰ ਕਾਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਜਲਦੀ ਤੋਂ ਜਲਦੀ ਕੀਤੀਆਂ ਜਾਣ।