ਸਰਕਾਰੀ ਸਕੂਲਾਂ ਬਾਰੇ ਸਾਡੀ ਸੋਚ/-ਹਰਮਿੰਦਰ ਸਿੰਘ (ਕਾਕਾ) ਦੀ ਕਲਮ ਤੋਂ

986

ਇਨਸਾਨ ਵੀ ਆਪਣੀ ਮਸਤੀ ਵਿੱਚ ਰਹਿੰਦਾ ਹੈ (ਗ਼ਰੀਬੀ ਰੇਖਾ ਤੋਂ ਉੱਪਰ), ਪਰ ਜਦ ਉਸ ਉੱਪਰ ਕੋਈ ਵਿਪਤਾ ਪੈਂਦੀ ਹੈ ਤਾਂ ਅਸਲੀਅਤ ਸਾਹਮਣੇ ਆ ਜਾਂਦੀ ਹੈ । ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਨਾਲੋਂ ਜ਼ਿਆਦਾ ਆਪਣਾ ਸਮਾਜਿਕ ਰੁਤਬਾ ਦਿਖਾਉਣ ਵਾਲੇ ਜਿੰਨਾ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲ ਵਿੱਚ ਦਾਖ਼ਲ ਕੀਤੇ ਸਨ ਉਨ੍ਹਾਂ ਦੀ ਆਰਥਿਕ ਅਸਲੀਅਤ ਸਾਹਮਣੇ ਆ ਰਹੀ ਹੈ ਅਤੇ ਚੀਕਾਂ ਮਾਰ ਰਹੇ ਹਨ ਕਿ ਬੱਚਿਆਂ ਦੀ ਪੜਾਈ ਨਹੀਂ ਤਾਂ ਫ਼ੀਸ ਨਹੀਂ । ਪਰ ਸਮਝ ਨਹੀਂ ਆਉਂਦੀ ਅਸਲੀਅਤ ਸਾਹਮਣੇ ਆਉਣ ਤੇ ਵੀ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਕਿਉਂ ਨਹੀਂ ਪੜਾਉਂਦੇ ?

ਕਈ ਕਹਿੰਦੇ ਅਧਿਆਪਕ ਨੂੰ ਕੁੱਝ ਨਹੀਂ ਆਉਂਦਾ ਜਾਂ ਪੜਾਉਂਦੇ ਨਹੀਂ।ਪਰ ਜਾਂ ਉਨ੍ਹਾਂ ਨੂੰ ਪਤਾ ਨਹੀਂ ਜਾਂ ਦਿਖਾਵਾ ਕਰਦੇ ਹਨ । ਅਸਲ ਵਿੱਚ ਸਰਕਾਰੀ ਸਕੂਲ ਅਧਿਆਪਕ ਬਣਨ ਲਈ ਘੱਟੋ ਘੱਟ 17 ਸਾਲ ਪੜਾਈ ਕਰਨੀ ਅਤੇ ਕਈ ਔਖੇ ਟੈੱਸਟ ਦੇਣੇ ਪੈਂਦੇ ਹਨ । ਜੋ ਰਹਿ ਜਾਂਦੇ ਹਨ ਉਹ ਪ੍ਰਾਈਵੇਟ ਸਕੂਲ ਖ਼ੋਲ ਲੈਂਦੇ ਹਨ ਜਾਂ ਪ੍ਰਾਈਵੇਟ ਪੜਾਉਣ ਲੱਗ ਜਾਂਦੇ ਹਨ । ਫਿਰ ਸਰਕਾਰੀ ਅਧਿਆਪਕ ਪ੍ਰਾਈਵੇਟ ਵਾਲਿਆਂ ਨਾਲੋਂ ਘੱਟ ਕਿਵੇਂ ? ਰਹੀ ਗੱਲ ਨਾਂ ਪੜਾਉਣ ਦੀ ਜੇਕਰ ਬੱਚਿਆਂ ਦੇ ਭਵਿੱਖ ਦਾ ਫ਼ਿਕਰ ਆਪਣੇ ਅਖੌਤੀ ਸਮਾਜਿਕ ਰੁਤਬੇ ਨਾਲੋਂ ਵੱਧ ਹੈ ਤਾਂ ਫਿਰ ਘੱਟੋ – ਘੱਟ ਮਹੀਨੇ ਵਿੱਚ ਇੱਕ ਵਾਰ ਆਪਣੇ ਬੱਚੇ ਬਾਰੇ ਸਕੂਲ ਵਿੱਚੋਂ ਜਾਣਕਾਰੀ ਲਓ । ਵੇਖੋ ਕਿਸੇ ਕਾਰਨ ਬੱਚਾ ਪੜਾਈ ਵਿੱਚ ਪਛੜਿਆ ਹੈ ਕਿ ਅਧਿਆਪਕ ਪੜਾਉਂਦਾ ਨਹੀਂ ।

ਅਸੀਂ ਜੇਕਰ ਜ਼ਮੀਨ ਜ਼ਮੀਨ ਠੇਕੇ ਤੇ ਦੇਈਏ ਤਾਂ ਵੀ ਮਹੀਨੇ ਦੋ ਮਹੀਨੇ ਬਾਅਦ ਖੇਤ ਜ਼ਰੂਰ ਗੇੜਾ ਮਾਰਦੇ ਹਾਂ ਪਰ ਆਪਣੇ ਬੱਚੇ ਦੇ ਭਵਿੱਖ ਲਈ ਸਾਰਾ ਸਾਲ ਕਦੇ ਵੀ ਸਕੂਲ ਆ ਕੇ ਉਸ ਦੀ ਕਾਰਗੁਜ਼ਾਰੀ ਨਹੀਂ ਵੇਖਦੇ । ਇੱਥੋਂ ਤੱਕ ਕਿ ਰਿਜ਼ਲਟ ਦੇਖਣ ਵੀ ਸਾਰੇ ਨਹੀਂ ਆਉਂਦੇ । ਕਈ ਅਖੌਤੀ ਵਿਦਵਾਨ ਹੁਣ ਕਹਿਣਗੇ ਯਾਰ ਪ੍ਰਾਈਵੇਟ ਸਕੂਲ ਵਾਲਿਆਂ ਨੇ ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ । ਪਰ ਉਹ ਇਹ ਨਹੀਂ ਜਾਣਦੇ ਕਿ ਰੁਜ਼ਗਾਰ ਦੇਣਾ ਸਰਕਾਰ ਦਾ ਕੰਮ ਹੈ, ਕਿਸੇ ਪ੍ਰਾਈਵੇਟ ਅਦਾਰੇ ਦਾ ਨਹੀਂ । ਜੇਕਰ ਤੁਸੀਂ ਆਪਣੇ ਬੱਚੇ ਦਾ ਭਵਿੱਖ ਵਧੀਆ ਚਾਹੁੰਦੇ ਹੋ ਤਾਂ ਬੱਚੇ ਸਰਕਾਰੀ ਸਕੂਲਾਂ ਵਿੱਚ ਜਾਂ ਫਿਰ ਆਪਣੀ ਆਰਥਿਕਤਾ ਦੇਖ ਕੇ ਲਾਓ ।

ਕੇਵਲ ਸਮਾਜ ਵਿੱਚ ਨੱਕ ਵੱਡਾ ਦਿਖਾਉਣ ਲਈ ਨਹੀਂ ਕਿ ਮੇਰਾ ਬੱਚਾ ਮਹਿੰਗੇ ਸਕੂਲ ਵਿੱਚ ਪੜਦਾ ਹੈ । ਅੱਜ – ਕੱਲ ਕਰੋਨਾ ਛੁੱਟੀਆਂ ਵਿੱਚ ਅਸੀਂ ਵਿਹਲੇ ਸਮੇਂ ਮੋਬਾਈਲ ਤੇ ਗੇਮ ਖੇਡ ਰਹੇ ਹੁੰਦੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਅਧਿਆਪਕ ਵੀ ਵਿਹਲੇ ਹੀ ਹਨ । ਪਰ ਅਧਿਆਪਕ ਭਾਵੇਂ ਪ੍ਰਾਈਵੇਟ ਜਾਂ ਸਰਕਾਰੀ ਉਨ੍ਹਾਂ ਨੂੰ ਪੁੱਛ ਕੇ ਦੇਖੋ , ਕੀ ਉਹ ਛੁੱਟੀਆਂ ਵਿੱਚ ਵਿਹਲੇ ਹਨ ? ਹਰੇਕ ਅਧਿਆਪਕ ਹਰ ਰੋਜ਼ ਪਹਿਲਾਂ 2-3 ਘੰਟਿਆਂ ਵਿੱਚ ਆਪਣੇ ਕੋਲ ਪੜਦੇ ਬੱਚਿਆਂ ਲਈ ਹੋਮ ਵਰਕ ਤਿਆਰ ਕਰਦਾ ਹੈ ਅਤੇ ਬੱਚੇ ਵੱਲੋਂ ਕੰਮ ਪੂਰਾ ਕਰ ਕੇ ਭੇਜਣ ਤੋਂ ਬਾਅਦ 2-3 ਘੰਟੇ ਵਿੱਚ ਬੱਚੇ ਨੂੰ ਦਿੱਤਾ ਕੰਮ ਚੈੱਕ ਕਰਦਾ।

ਪਰ ਕਈ ਲੋਕ ਕਹਿੰਦੇ ਹਨ ਕਿ ਪੰਜ ਮਿੰਟ ਵਿੱਚ ਕੰਮ ਭੇਜ ਦਿੰਦੇ ਹਨ ਅਤੇ ਫ਼ੀਸ ਕਾਹਦੀ। ਸਰਕਾਰੀ ਅਤੇ ਪ੍ਰਾਈਵੇਟ ਦੋਨੋਂ ਹੀ ਮੁਕਾਬਲੇ ਦੀ ਭਾਵਨਾ ਲਈ ਜ਼ਰੂਰੀ ਹਨ । ਅੱਜ ਤੱਕ ਜੋ ਸਰਕਾਰੀ ਮੁਲਾਜ਼ਮ ਹਨ ਉਨ੍ਹਾਂ ਵਿੱਚੋਂ 95 % ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਪੜੇ ਹਨ । ਹੁਣ ਤੁਸੀਂ ਮੁਕਾਬਲਾ ਖ਼ੁਦ ਵੇਖ ਸਕਦੇ ਹੋ । ਸਾਰਿਆਂ ਬੱਚਿਆਂ ਦੇ ਮਾਤਾ – ਪਿਤਾ ਨੂੰ ਚਾਹੀਦਾ ਹੈ ਕਿ ਜੇਕਰ ਸਕੂਲ ਜਾ ਕੇ ਬੱਚੇ ਬਾਰੇ ਪਤਾ ਨਹੀਂ ਕਰ ਸਕਦੇ, ਘੱਟੋ – ਘੱਟ ਪਿੰਡ ਪੱਧਰ P.T.A ਵਰਗੀ ਕਮੇਟੀ (ਮਾਤਾ – ਪਿਤਾ ਅਤੇ ਅਧਿਆਪਕ ਮਿਲਣੀ) ਨੂੰ ਹੀ ਮਿਲ ਲੈਣ ।

ਹਰਮਿੰਦਰ ਸਿੰਘ (ਕਾਕਾ)
ਨਥਾਣਾ

1 COMMENT

  1. ਮੇਰੀ ਪਹਿਲੀ ਹੀ ਲਿਖਤ ਉਹ ਵੀ ਪੰਜਾਬ ਨੈਟਵਰਕ ਤੇ ਪਾਉਣ ਦਾ ਬਾਈ ਜੀ ਦਿਲੋਂ ਬਹੁਤ ਬਹੁਤ ਧੰਨਵਾਦ ਜੀ

Comments are closed.