ਸਰਕਾਰ ਦਾ, ਸੰਘਰਸ਼ੀ ਵਿਦਿਆਰਥੀਆਂ ‘ਤੇ ਕਹਿਰ

453
ਦੇਸ਼ ਦਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਕਿ ਅਸੀਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਕਿਤੇ ਵੀ ਜਾ ਕੇ ਸੰਘਰਸ਼ ਕਰ ਸਕਦੇ ਹਾਂ। ਭਾਵੇਂ ਹੀ ਉਹ ਕਿਸੇ ਮੰਤਰੀ ਦਾ ਘਰ ਹੋਵੇ, ਵਿਧਾਇਕ ਦਾ ਜਾਂ ਫਿਰ ਕੋਈ ਸੰਸਦ ਹੀ ਕਿਉਂ ਨਾ ਹੋਵੇ। ਪਰ ਅਜੋਕੇ ਸਮੇਂ ਵਿਚ ਜਿਸ ਹਿਸਾਬ ਦੇ ਨਾਲ ਦੇਸ਼ ਦੇ ਸੰਵਿਧਾਨ ਨੂੰ ਖ਼ਤਮ ਕਰਨ ਦੀਆਂ ਸਰਕਾਰ ਦੇ ਵਲੋਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੇ ਅੰਦਰ ਸੰਘਰਸ਼ ਕਰਨ ਵਾਲਿਆਂ ਨੂੰ ਜੇਲ੍ਹਾਂ ਹੀ ਮਿਲਦੀਆਂ ਹਨ, ਇਨਸਾਫ਼ ਨਹੀਂ।ਜੇਕਰ ਲੋਕਾਂ ਦੇ ਸੰਘਰਸ਼ ਨੂੰ ਹੀ ਸਰਕਾਰਾਂ ਦਬਾਉਂਦੀਆਂ ਰਹਿਣਗੀਆਂ ਤਾਂ, ਫਿਰ ਲੋਕ ਕਿਸ ਮੂਹਰੇ ਆਪਣਾ ਪੱਖ ਰੱਖ ਪਾਉਣਗੇ। ਦੱਸ ਦਈਏ ਕਿ ਸਾਡੇ ਦੇਸ਼ ਦੇ ਅੰਦਰ ਬੇਰੁਜ਼ਗਾਰ ਇਸ ਕਦਰ ਵੱਧ ਚੁੱਕੀ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਜੇਕਰ ਇਕ ਪਾਸੇ ਕੋਈ ਵੀ ਡਿਗਰੀ ਹੋਲਡਰ, ਪੜਿਆ ਲਿਖਿਆ ਬੇਰੁਜ਼ਗਾਰ ਆਪਣੇ ਹੱਕਾਂ ਲਈ ਸੰਘਰਸ਼ ਕਰਦਾ ਹੈ ਤਾਂ ਸਰਕਾਰਾਂ ਦੇ ਵਲੋਂ ਉਨ੍ਹਾਂ ਦੇ ਸੰਘਰਸ਼ ਨੂੰ ਦਬਾ ਦਿੱਤਾ ਜਾਂਦਾ ਹੈ, ਦੂਜੇ ਪਾਸੇ ਜਿਹੜੇ ਹਾਲੇ ਵਿਦਿਆਰਥੀ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਸਰਕਾਰਾਂ ਉਨ੍ਹਾਂ ਨੂੰ ਵੀ ਨਹੀਂ ਬਖ਼ਸ਼ ਰਹੀਆਂ।ਭਾਰਤ ਦੀ ਨਾਮੀ ਸਿੱਖਿਆ ਸੰਸਥਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿਚ ਹਮੇਸ਼ਾਂ ਹੀ ਹਰ ਰੋਜ਼ ਹੀ ਕਿਸੇ ਨਾ ਕਿਸੇ ਮੰਗ ਨੂੰ ਲੈ ਕੇ ਵਿਦਿਆਰਥੀ ਸਾਥੀ ਸੰਘਰਸ਼ ਕਰਦੇ ਰਹਿੰਦੇ ਹਨ, ਪਰ ਸਰਕਾਰਾਂ ਦੇ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਬਿਜਾਏ ਮੰਗਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਇਥੋਂ ਤੱਕ ਕਿ ਜਿਹੜੇ ਵਿਦਿਆਰਥੀ ਆਪਣੀਆਂ ਮੰਗਾਂ ਦੇ ਬਾਰੇ ਵਿਚ ਜ਼ਿਆਦਾ ਬੋਲਦੇ ਹਨ, ਉਨ੍ਹਾਂ ਨੂੰ ਕਈ ਪ੍ਰਕਾਰ ਦੇ ਨਾਂਅ ਦੇ ਕੇ ਅਤੇ ਉਨ੍ਹਾਂ ਨੂੰ ਦੇਸ਼ ਵਿਰੋਧੀ ਦੱਸ ਕੇ ਉਨ੍ਹਾਂ ਉਪਰ ਮਾਮਲੇ ਦਰਜ ਕਰ ਦਿੱਤੇ ਜਾਂਦੇ ਹਨ।ਸਰਕਾਰਾਂ ਦੀ ਪਾਲਸੀ ਹੈ ਕਿ ਕੋਈ ਵੀ ਬੇਰੁਜ਼ਗਾਰ/ਵਿਦਿਆਰਥੀ ਮੂੰਹ ਨਾ ਖੋਲੇ ਅਤੇ ਸਰਕਾਰ ਦੁਆਰਾ ਕੀਤੇ ਜਾ ਰਹੇ ਅੱਤਿਆਚਾਰ ਨੂੰ ਆਪਣੇ ਪਿੰਡੇ ‘ਤੇ ਸਹਿਣ ਕਰੀ ਜਾਵੇ। ਪਰ ਇਹ ਸਭ ਕੁਝ ਸਾਡੇ ਵਿਦਿਆਰਥੀਆਂ ਸਾਥੀਆਂ ਅਤੇ ਬੇਰੁਜ਼ਗਾਰਾਂ ਨੂੰ ਨਾ ਮਨਜ਼ੂਰ ਹੈ। ਪਿਛਲੇ ਕਈ ਦਿਨਾਂ ਤੋਂ ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਫੀਸਾਂ ਵਿਚ ਕੀਤੇ ਗਏ ਅਥਾਹ ਵਾਧੇ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਵਿਦਿਆਰਥੀ ਸਾਥੀਆਂ ਨੇ ਯੂਨੀਵਰਸਿਟੀ ਪ੍ਰਦਰਸ਼ਨ ‘ਤੇ ਗੰਭੀਰ ਦੋਸ਼ ਲਗਾਏ ਸਨ।ਆਖ਼ਰ ਯੂਨੀਵਰਸਿਟੀ ਪ੍ਰਸਾਸ਼ਨ ਨੇ ਵਿਦਿਆਰਥੀਆਂ ਦੀਆਂ ਮੰਗਾਂ ਮੰਨ ਲਈਆਂ ਅਤੇ ਕਹਿ ਦਿੱਤਾ ਕਿ ਫੀਸਾਂ ਵਿਚ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇਗਾ, ਪਰ ਅਫ਼ਸੋਸ ਪ੍ਰਸਾਸ਼ਨ ਨੇ ਹੁਣ ਤੱਕ ਵਿਦਿਆਰਥੀਆਂ ਦੇ ਨਾਲ ਕੀਤਾ ਇਕ ਵੀ ਵਾਅਦਾ ਹੁਣ ਤੱਕ ਪੂਰਾ ਨਹੀਂ ਕੀਤਾ। ਜਿਸ ਦੇ ਕਾਰਨ ਲੰਘੇ ਦਿਨ ਫੀਸ ਵਾਧੇ ਦੇ ਵਿਰੋਧ ਵਿਚ ਫ਼ਿਰ ਤੋਂ ਸੈਂਕੜੇ ਵਿਦਿਆਰਥੀ ਸੜਕ ‘ਤੇ ਉਤਰ ਆਏ ਅਤੇ ਸੰਸਦ ਭਵਨ ਤੱਕ ਵਿਰੋਧ ਮਾਰਚ ਕਰਨ ਲਈ ਨਿਕਲੇ। ਪਰ ਜਿਵੇਂ ਹੀ ਇਸ ਦੀ ਸੂਚਨਾ ਪੁਲਿਸ ਨੂੰ ਲੱਗੀ ਤਾਂ, ਉਹ ਯੂਨੀਵਰਸਿਟੀ ਦੇ ਨਜ਼ਦੀਕ ਆ ਕੇ ਖੜ ਗਏ।ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਆਪਣੇ ਮਾਰਚ ਨੂੰ ਸਫ਼ਲ ਬਣਾਉਣ ਲਈ ਹੋਰ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਵੀ ਇਸ ਵਿਰੋਧ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਅੱਜ ਜਿਵੇਂ ਹੀ ਵਿਦਿਆਰਥੀ ਸਾਥੀ ਫੀਸ ਵਾਧੇ ਖ਼ਿਲਾਫ਼ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਾਰਥ ਗੇਟ ਦਾ ਬੈਰੀਕੇਡ ਤੋੜ ਕੇ ਡਫਲੀ ਵਜਾਉਂਦੇ ਹੋਏ ਅਤੇ ਨਾਅਰੇਬਾਜ਼ੀ ਕਰਦੇ ਹੋਏ ਅੱਗੇ ਵਧੇ ਤਾਂ, ਪੁਲਿਸ ਪ੍ਰਸਾਸ਼ਨ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕਾਫ਼ੀ ਜ਼ਿਆਦਾ ਬਹਿਸ ਤੋਂ ਬਾਅਦ ਵਿਦਿਆਰਥੀਆਂ ਨਾਲ ਝੜਪ ਹੋ ਗਈ।ਦੱਸ ਦਈਏ ਕਿ ਜੇਐੱਨਯੂ ਦੇ ਗੇਟ ਦੇ ਬਾਹਰ ਬੈਰੀਕੇਡ ਲਗਾ ਕੇ ਦਿੱਲੀ ਪੁਲਿਸ ਨੇ ਮੇਨ ਗੇਟ ਬੰਦ ਕਰ ਦਿੱਤਾ ਜਦੋਂਕਿ ਵਿਦਿਆਰਥੀਆਂ ਦੇ ਸੰਘਰਸ਼ ਨੂੰ ਰੋਕਣ ਲਈ ਦਿੱਲੀ ਪੁਲਿਸ ਦੇ ਵਲੋਂ 9 ਕੰਪਨੀ ਫੋਰਸ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਕੋਲ ਤਹਿਨਾਤ ਕੀਤੀ ਗਈ ਸੀ, ਜਿਸ ਵਿਚ ਪੈਰਾ ਮਿਲਟਰੀ ਫੋਰਸ ਵੀ ਸ਼ਾਮਲ ਸੀ। ਉੱਥੇ ਸੁਰੱਖਿਆ ਵਿਚਕਾਰ ਕਰੀਬ 1200 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿਚ ਦਿੱਲੀ ਪੁਲਿਸ ਵੀ ਸ਼ਾਮਲ ਹੈ। ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਪਰ.!! ਵਿਦਿਆਰਥੀਆਂ ਦੀ ਡਫ਼ਲੀ ਵਿਚ ਇੰਨੀਂ ਤਾਕਤ ਸੀ ਕਿ ਵਿਦਿਆਰਥੀ ਸਾਥੀ ਆਜ਼ਾਦੀ ਦੇ ਗੀਤ ਗਾਉਂਦੇ ਹੋਏ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਪ੍ਰਸਾਸ਼ਨ ਦੇ ਵਿਰੁੱਧ ਨਾਂਅਰੇਬਾਜੀ ਕਰਦੇ ਹੋਏ ਅੱਗੇ ਵਧੇ, ਪਰ ਵਿਦਿਆਰਥੀਆਂ ਦੇ ਸੰਘਰਸ਼ ਨੂੰ ਦਬਾਉਣ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ। ਦੱਸਦੇ ਹਨ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਸੰਸਦ ਭਵਨ ਦੇ ਨਜ਼ਦੀਕ ਧਾਰਾ 144 ਲਾਗੂ ਕਰ ਦਿੱਤੀ ਗਈ ਸੀ। ਪਰ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦਾ ਰੋਹ ਰੁਕਣ ਵਾਲਾ ਨਹੀਂ ਸੀ।