ਬੇਟੀ ਬਚਾਓ, ਬੇਟੀ ਪੜ੍ਹਾਓ.!!! ਇਹ ਨਾਅਰਾ ਕੇਂਦਰ ਦੀ ਮੋਦੀ ਸਰਕਾਰ ਦਾ ਹੈ। ਮੋਦੀ ਸਰਕਾਰ ਦੇ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਨੂੰ ਕਰੀਬ 5 ਸਾਲ ਪਹਿਲੋਂ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਭਾਰਤ ਅੰਦਰ ਘੱਟ ਰਹੀ ਧੀਆਂ ਦੀ ਗਿਣਤੀ ਨੂੰ ਪੂਰਾ ਕੀਤਾ ਜਾ ਸਕੇ। ਸਾਡੇ ਸਮਾਜ ਅੰਦਰ ਵੇਖਿਆ ਜਾਵੇ ਤਾਂ ਇਸ ਮੁਹਿੰਮ ਨਾਲੋਂ ਜ਼ਿਆਦਾ ਸੋਸ਼ਲ ਮੀਡੀਆ ਨੇ ਕੰਮ ਕੀਤਾ ਹੈ, ਜਿਸ ਨੇ ਸਮਾਜ ਵਿੱਚ ਚੰਗੇ ਸੁਨੇਹੇ ਪਹੁੰਚਾ ਕੇ ਲੋਕਾਂ ਨੂੰ ਧੀਆਂ ਦੇ ਕਤਲ ਕਰਨ ਤੋਂ ਰੋਕਿਆ ਹੈ। ਲਗਾਤਾਰ ਸੋਸ਼ਲ ਮੀਡੀਆ ‘ਤੇ ਧੀਆਂ ਬਚਾਓ ਦੇ ਸਬੰਧ ਵਿੱਚ ਰਿਲੀਜ਼ ਹੋ ਰਹੀਆਂ ਡਾਕੂਮੈਂਟਰੀ ਫਿਲਮਾਂ ਨੇ ਲੋਕਾਂ ਦੇ ਮਨਾਂ ‘ਤੇ ਕਾਫੀ ਜ਼ਿਆਦਾ ਅਸਰ ਪਾਇਆ ਹੈ। ਮੋਦੀ ਸਰਕਾਰ ਦੀ ਮੁਹਿੰਮ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਕੰਪਲੈਕਸ ਦੇ ਕਮਰਿਆਂ ਤੱਕ ਹੀ ਸੀਮਤ ਰਹਿ ਗਈਆਂ ਹਨ। ਦੱਸ ਦਈਏ ਕਿ ਪੰਜਾਬ ਦੇ ਅੰਦਰ ਬੇਟੀ ਬਚਾਓ ਬੇਟੀ ਪੜ੍ਹਾਓ ਸਪਤਾਹ ਮਨਾਇਆ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਧੀਆਂ ਨੂੰ ਬਚਾਇਆ ਜਾ ਸਕੇ, ਪਰ ਵੇਖਿਆ ਜਾਵੇ ਤਾਂ ਇਸ ਸਪਤਾਹ ਦਾ ਗਰੀਬ ਤਬਕੇ ਨੂੰ ਰਤਾ ਵੀ ਫਾਇਦਾ ਨਹੀਂ ਮਿਲ ਰਿਹਾ। ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਬੇਟੀ ਬਚਾਓ, ਬੇਟੀ ਪੜਾਓ ਸਪਤਾਹ ਜੋ ਸਰਕਾਰ ਮਨਾ ਰਹੀ ਹੈ, ਇਹ ਸਪਤਾਹ ਕੁੱਲ ਮਿਲਾ ਕੇ ਮੀਡੀਆ ਸੁਰਖੀਆਂ ਵਿੱਚ ਆਉਣ ਲਈ ਹੀ ਕੀਤਾ ਜਾ ਰਿਹਾ ਹੈ। ਦਰਅਸਲ, ਇਸ ਸਪਤਾਹ ਦਾ ਨਾ ਤਾਂ ਕੋਈ ਲਾਭ ਕਿਸੇ ਨੂੰ ਪ੍ਰਾਪਤ ਹੋ ਰਿਹਾ ਹੈ, ਬਲਕਿ ਇਸ ਨਾਲ ਪੈਸੇ ਦੀ ਬਰਬਾਦੀ ਹੋ ਰਹੀ ਹੈ। ਦੱਸ ਦਈਏ ਕਿ ਬੰਦ ਕਮਰਿਆਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਸਹੁੰ ਚੁਕਵਾਈਆਂ ਜਾ ਰਹੀਆਂ ਹਨ ਕਿ ਉਹ ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨਗੇ। ਪਰ .!! ਸਭ ਕੁਝ ਇਸ ਦੇ ਉਲਟ ਰਿਹਾ ਹੈ। ਸੂਤਰ ਦੱਸਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਅਧਿਕਾਰੀ ਅਤੇ ਕਰਮਚਾਰੀ ਜਾਗਰੂਕ ਕਰ ਰਹੇ ਹਨ, ਉਹ ਲੋਕ ਤਾਂ ਪਹਿਲੋਂ ਹੀ ਇਸ ਤੋਂ ਜਾਗਰੂਕ ਹਨ, ਜਦਕਿ ਇਸ ਦਾ ਪਿੰਡਾਂ ਵਿੱਚ ਭੋਰਾ ਵੀ ਪ੍ਰਭਾਵ ਵੇਖਣ ਨੂੰ ਨਹੀਂ ਮਿਲ ਰਿਹਾ। ਪਿੰਡਾਂ ਵਿੱਚ ਇਹ ਮੁਹਿੰਮ ਨਾ ਤਾਂ ਪਹੁੰਚ ਰਹੀ ਹੈ ਅਤੇ ਨਾ ਹੀ ਲੋਕਾਂ ਨੂੰ ਇਸ ਮੁਹਿੰਮ ਬਾਰੇ ਪਤਾ ਲੱਗ ਰਿਹਾ ਹੈ। ਪੰਜਾਬ ਦੇ ਬਹੁਤੇ ਸ਼ਹਿਰੀ ਇਲਾਕਿਆਂ ਵਿੱਚ ਹੀ ਇਸ ਮੁਹਿੰਮਾਂ ਨੂੰ ਅਗਾਂਹ ਵਧਾ ਕੇ ਸੁਰਖੀਆਂ ਅਧਿਕਾਰੀਆਂ ਦੇ ਵੱਲੋਂ ਬਟੋਰੀਆਂ ਜਾ ਰਹੀਆਂ ਹਨ। ਬੁੱਧੀਜੀਵੀਆਂ ਦੀ ਮੰਨੀਏ ਤਾਂ ਉਹ ਸਵਾਲ ਕਰ ਰਹੇ ਹਨ ਕਿ ”ਸਹੁੰ ਬੰਦ ਕਮਰਿਆਂ ਚੁੱਕ ਕੇ ਕਿਵੇਂ ਬਚ ਜਾਣਗੀਆਂ ਬੇਟੀਆਂ.? ਵੇਖਿਆ ਜਾਵੇ ਤਾਂ ਬੁੱਧੀਜੀਵੀਆਂ ਦਾ ਸਵਾਲ ਬਿਲਕੁਲ ਠੀਕ ਹੈ। ਬੰਦ ਕਮਰੇ ਵਿੱਚ ਸਹੁੰ ਚੁੱਕ ਕੇ ਅਸੀਂ ਧੀਆਂ ਨੂੰ ਨਹੀਂ ਬਚਾ ਸਕਦੇ। ਇਸ ਦੇ ਲਈ ਸਾਨੂੰ ਲੰਮਾ ਸੰਘਰਸ਼ ਲੜਣਾ ਪਵੇਗਾ, ਮਤਲਬ ਕਿ ਉਨ੍ਹਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ, ਜਿਨ੍ਹਾਂ ਪਿੰਡਾਂ ਦੇ ਵਿੱਚ ਅਖਬਾਰ ਵੀ ਨਹੀਂ ਜਾਂਦੀ। ਕਮਰਿਆਂ ਵਿੱਚ ਬੈਠ ਕੇ ਸਹੁੰ ਖਾ ਕੇ ਕਦੇ ਵੀ ਧੀ ਨੂੰ ਅਸੀਂ ਨਹੀਂ ਬਚਾ ਸਕਦੇ। ਮਾਲਵਾ ਖੇਤਰ ਵਿੱਚੋਂ ਰੋਜ਼ਾਨਾ ਹੀ ਰੇਪ ਕੇਸ, ਦਾਜ ਦਹੇਜ ਤੋਂ ਇਲਾਵਾ ਕੁੜੀਆਂ ਨੂੰ ਪੜ੍ਹਣ ਤੋਂ ਹਟਾਇਆ ਜਾ ਰਿਹਾ ਹੈ, ਇਸ ਵੱਲ ਨਾ ਤਾਂ ਸਰਕਾਰ ਦਾ ਧਿਆਨ ਜਾ ਰਿਹਾ ਹੈ ਅਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਧਿਆਨ ਦੇ ਰਿਹਾ ਹੈ। ਭਾਵੇਂ ਕਿ ਕੁਝ ਮਾਪੇ ਆਪਣੀਆਂ ਧੀਆਂ ਨੂੰ ਪੜ੍ਹਾ ਲਿਖਾ ਰਹੇ ਹਨ, ਪਰ ਉਨ੍ਹਾਂ ਨੂੰ ਨੌਕਰੀਆਂ ਨਾ ਮਿਲਣ ਦੇ ਕਾਰਨ ਉਕਤ ਧੀਆਂ ਵੀ ਮੁੰਡਿਆਂ ਵਾਂਗ ਸੜਕਾਂ ‘ਤੇ ਰੁਲ ਰਹੀਆਂ ਹਨ। ਸਰਕਾਰ ਦਾ ਮਕਸਦ ਸਿਰਫ ਧੀਆਂ ਨੂੰ ਬਚਾਉਣਾ ਹੈ, ਪਰ ਅਧਿਕਾਰੀਆਂ ਦਾ ਮਕਸਦ ਸਿਰਫ ਤੇ ਸਿਰਫ ਸੁਰਖੀਆਂ ਬਟੋਰਨਾ ਹੈ।
ਸਚਾਈ ਬਿਆਨ ਕਰਦਾ ਆਰਟੀਕਲ
Thank you so much mam..
Welcome ji