ਕੋਲਕਾਤਾ, 24 ਮਈ (ਏਜੰਸੀ)-
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੀਤੇ ਦਿਨ ਕਿਹਾ ਹੈ ਕਿ ਸੂਬੇ ਨੂੰ ਅਮਫ਼ਾਨ ਤੂਫ਼ਾਨ ਕਾਰਨ ਇਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ, ਜਿਸ ਨਾਲ 80 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੂਫ਼ਾਨ ਕਾਰਨ ਸੂਬੇ ਦੇ 60 ਫ਼ੀਸਦੀ ਲੋਕ ਪ੍ਰਭਾਵਿਤ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤੂਫ਼ਾਨ ਦਾ ਹਵਾਈ ਸਰਵੇ ਅਤੇ ਸਮੀਖਿਆ ਮੀਟਿੰਗ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਮੋਦੀ ਦੇ ਰਵਾਨਾ ਹੋਣ ਤੋਂ ਬਾਅਦ ਇੱਥੇ ਹਵਾਈ ਅੱਡੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਮਤਾ ਨੇ ਕਿਹਾ ਕਿ ਸਰਵੇ ਦੌਰਾਨ ਦੇਖਿਆ ਕਿ ਜ਼ਿਆਦਾਤਰ ਇਲਾਕੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਪ੍ਰਧਾਨ ਮੰਤਰੀ ਨੂੰ ਤੂਫ਼ਾਨ ਤੋਂ ਬਾਅਦ ਦੀ ਸੂਬੇ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਮੋਦੀ ਬਿਨਾਂ ਪੂਰੀ ਸਮੀਖਿਆ ਕੀਤੇ ਸਿਰਫ਼ 1000 ਕਰੋੜ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ, ਜਦੋਂਕਿ ਨੁਕਸਾਨ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ 53000 ਕਰੋੜ ਤਾਂ ਸੂਬੇ ਦਾ ਹੀ ਕੇਂਦਰ ਸਰਕਾਰ ਵੱਲ ਵੱਖ-ਵੱਖ ਸਕੀਮਾਂ ਦਾ ਖ਼ੜ੍ਹਾ ਹੈ, ਜੇਕਰ ਕੇਂਦਰ ਸਾਨੂੰ ਇਹ ਪੈਸਾ ਦੇ ਦੇਵੇ ਤਾਂ ਅਸੀਂ ਕੰਮ ਕਰ ਸਕਦੇ ਹਾਂ। ਅਜੀਤ