ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ 39 ਕੋਰੋਨਾ ਮਰੀਜ਼ਾ ਨੂੰ ਭੇਜਿਆ ਘਰ

637

ਸਿਵਲ ਹਸਪਤਾਲ ਫਿਰੋਜ਼ਪੁਰ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੁੱਲ 42 ਕੋਰੋਨਾ ਮਰੀਜ਼ਾਂ ਵਿਚੋਂ 39 ਵਿਅਕਤੀਆਂ ਨੂੰ ਸਿਹਤ ਵਿਭਾਗ ਦੀ ਨਵੀਂ ਪਾਲਿਸੀ ਅਨੁਸਾਰ ਡਿਸਚਾਰਜ ਕਰ ਕੇ ਉਨ੍ਹਾਂ ਦੇ ਘਰ ਭੇਜ ਦਿੱਤਾ ਗਿਆ ਹੈ ਅਤੇ ਘਰ ਭੇਜੇ ਗਏ ਵਿਅਕਤੀਆਂ ਵਿਚ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਨਹੀਂ ਸੀ ਅਤੇ ਉਨ੍ਹਾਂ ਦੀ ਤਬੀਅਤ ਬਿਲਕੁਲ ਠੀਕ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਇਨ੍ਹਾਂ ਵਿਅਕਤੀਆਂ ਨੂੰ ਮਿਠਾਈ ਖੁਆ ਕੇ ਅਤੇ ਫੁੱਲਾਂ ਦੀ ਵਰਖਾ ਕਰ ਕੇ ਤੰਦਰੁਸਤ ਹੋਣ ਤੇ ਵਧਾਈ ਦਿੱਤੀ ਅਤੇ ਸਿਵਲ ਹਸਪਤਾਲ ਦੀ ਐਂਬੇਲੰਸ ਰਾਹੀ ਇਨ੍ਹਾਂ ਨੂੰ  ਘਰ ਭੇਜਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਵਿਚ ਜ਼ਿਲ੍ਹੇ ਵਿਚ ਕੁੱਲ 44 ਵਿਅਕਤੀ ਕੋਰੋਨਾ ਪੋਜ਼ਿਟਿਵ ਰਿਪੋਰਟ ਹੋਏ ਸਨ, ਜਿਨ੍ਹਾਂ ਵਿਚੋਂ ਇੱਕ ਵਿਅਕਤੀ ਜੋ ਪੰਜਾਬ ਪੁਲਿਸ ਵਿਚ ਕਾਂਸਟੇਬਲ ਸੀ ਪਹਿਲਾਂ ਹੀ ਠੀਕ ਹੋ ਕੇ ਘਰ ਜਾ ਚੁੱਕਿਆ ਹੈ ਅਤੇ ਇੱਕ ਵਿਅਕਤੀ ਜੋ ਕਿ ਅਲੀ ਕੇ ਪਿੰਡ ਦਾ ਰਹਿਣ ਵਾਲਾ ਸੀ ਦੀ ਮੌਤ ਹੋ ਚੁੱਕੀ ਹੈ। ਉਸ ਤੋਂ ਬਾਅਦ ਕੁੱਲ 42 ਕੋਰੋਨਾ ਪੋਜ਼ਿਟਿਵ ਵਿਅਕਤੀ ਜੋ ਕਿ ਸਿਵਲ ਹਸਪਤਾਲ ਵਿਚ ਆਈਸਲੇਸ਼ਨ ਵਿਚ ਰਹਿ ਰਹੇ ਸੀ ਅਤੇ ਪ੍ਰੋਟੋਕਾਲ ਅਨੁਸਾਰ ਇਨ੍ਹਾਂ ਵਿਚੋਂ 39 ਵਿਅਕਤੀਆਂ ਨੂੰ ਘਰ ਭੇਜਿਆ ਗਿਆ ਹੈ, ਜਿਨ੍ਹਾਂ ਵਿਚ 22 ਮਰਦ, 10 ਔਰਤਾਂ ਅਤੇ 7 ਬੱਚੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 39 ਵਿਅਕਤੀਆਂ ਵਿਚੋਂ 33 ਵਿਅਕਤੀ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਸਨ ਅਤੇ 6 ਵਿਅਕਤੀ ਰਾਜਸਥਾਨ ਜਾਂ ਕਿਸੇ ਹੋਰ ਸੂਬਿਆਂ ਤੋਂ ਆਏ ਸਨ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਨਵੀਂ ਪਾਲਿਸੀ ਅਨੁਸਾਰ ਹੀ ਇਨ੍ਹਾਂ ਨੂੰ ਘਰ ਭੇਜਿਆ ਗਿਆ ਹੈ ਅਤੇ ਇਹ ਵਿਅਕਤੀ ਘਰ ਜਾਣ ਤੇ ਆਪਣੇ-ਆਪ ਨੂੰ ਆਈਸੋਲੇਸ਼ਨ ਵਿਚ ਰੱਖਣਗੇ ਅਤੇ ਕਿਸੇ ਵੀ ਦੂਸਰੇ ਵਿਅਕਤੀ ਦੇ ਸੰਪਰਕ ਵਿਚ ਨਹੀਂ ਆਉਣਗੇ।
ਇਸ ਮੌਕੇ ਐਸਐਮਓ ਡਾ. ਅਵਿਨਾਸ਼ ਜਿੰਦਲ ਨੇ ਦੱਸਿਆ ਕਿ ਘਰ ਭੇਜੇ ਗਏ ਹਰ ਵਿਅਕਤੀ ਦੇ ਮੋਬਾਇਲ ਵਿਚ ਕੋਵਾ ਐਪ ਵੀ ਡਾਊਨਲੋਡ ਕਰਵਾਈ ਗਈ ਹੈ, ਜਿਸ ਅਨੁਸਾਰ ਇੱਕ ਤਾਂ ਇਸ ਐਪ ਵਿਚ ਜੀਪੀਐਸ ਟਰੈਕਰ ਰਾਹੀਂ ਇੱਕ ਤਾਂ ਇਨ੍ਹਾਂ ਵਿਅਕਤੀਆਂ ਨੂੰ ਟਰੈਕ ਵੀ ਕੀਤਾ ਜਾਵੇਗਾ ਕਿ ਇਨ੍ਹਾਂ ਵਿਚੋਂ ਕੋਈ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਕਰਦਾ ਅਤੇ ਦੂਜਾ ਰੋਜ਼ਾਨਾ ਇਸ ਐਪ ਵਿਚ ਇਨ੍ਹਾਂ ਵਿਅਕਤੀਆਂ ਵੱਲੋਂ ਆਪਣੀ ਹੈਲਥ ਸਬੰਧੀ ਅੱਪਡੇਟ ਵੀ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਸਿਵਲ ਹਸਪਤਾਲ ਵਿਚ ਸਿਰਫ਼ 3 ਵਿਅਕਤੀ ਹੀ ਆੲਸੋਲੇਸ਼ਨ ਵਾਰਡ ਵਿਚ ਹਨ ਅਤੇ ਇਨ੍ਹਾਂ ਦੀਆਂ ਰਿਪੋਰਟਾਂ ਅਤੇ ਸਰਕਾਰ ਦੀ ਪਾਲਿਸੀ ਮੁਤਾਬਿਕ ਇਨ੍ਹਾਂ ਨੂੰ ਵੀ ਘਰ ਭੇਜ ਦਿੱਤਾ ਜਾਵੇਗਾ। ਇਸ ਦੌਰਾਨ ਘਰ ਭੇਜੇ ਜਾਣ ਵਾਲੇ ਵਿਅਕਤੀਆਂ ਨੇ ਸਿਵਲ ਹਸਪਤਾਲ ਵਿਚ ਉਨ੍ਹਾਂ ਦੀ ਚੰਗੀ ਦੇਖਭਾਲ, ਚੰਗੇ ਖਾਣੇ ਅਤੇ ਸਮੇਂ ਸਿਰ ਹਰ ਚੀਜ਼ ਮੁਹੱਈਆ ਕਰਵਾਉਣ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਵੀ ਕੀਤਾ।