ਬੱਚੇ ਦਾ ਪਹਿਲਾ ਗੁਰੂ ਉਸ ਦੀ ਮਾਂ ਹੁੰਦੀ ਹੈ ਅਤੇ ਪਹਿਲਾਂ ਸਕੂਲ ਉਸ ਦਾ ਪਰਿਵਾਰ। ਜਿਥੋਂ ਬੱਚਾ ਆਪਣੀ ਸਿੱਖਿਆ ਦਾ ਪਹਿਲਾਂ ਪਾਠ ਸਿੱਖਦਾ ਹੈ। ਸਕੂਲ ਦੀ ਪਹਿਲੀ ਕਲਾਸ ਵਿੱਚ ਦਾਖ਼ਲ ਹੁੰਦੇ ਸਮੇਂ ਹਰ ਬੱਚੇ ਦੇ ਅਚਾਰ-ਵਿਹਾਰ ਨੂੰ ਦੇਖ ਕੇ ਸਹਿਜੇ ਹੀ ਉਸ ਦੀ ਮਾਂ ਅਤੇ ਪਰਿਵਾਰਕ ਪਿਛੋਕੜ ਦਾ ਜਾਇਜ਼ਾ ਲਾ ਲਿਆ ਜਾਂਦਾ ਹੈ।
ਫਿਰ ਬੱਚਾ ਹੌਲੀ-ਹੌਲੀ ਆਪਣੇ ਸਾਥੀਆਂ ਵਿੱਚ ਰਚਦਾ-ਮਿਚਦਾ ਹੈ। ਇਸ ਤੋਂ ਬਾਅਦ ਸਕੂਲੀ ਵਾਤਾਵਰਨ ਉਸ ਨੂੰ ਥੋੜਾ ਜਿਹਾ ਵੱਖਰਾ ਮਹਿਸੂਸ ਹੁੰਦਾ ਹੈ। ਸਕੂਲ ਵਿੱਚ ਹਰ ਚੀਜ਼ ਘਰ ਨਾਲੋਂ ਵੱਖਰੀ ਹੁੰਦਾ ਹੈ। ਹਰ ਜਗ੍ਹਾ ਅਨੁਸ਼ਾਸਨ ਅਤੇ ਸਲੀਕਾ।
ਇਸ ਤੋਂ ਬਾਅਦ ਉਸ ਦੇ ਜ਼ਿਹਨ ਵਿੱਚ ਜਿਹੜੀ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ। ਜਿਸ ਨਾਲ ਉਸ ਦਾ ਰਿਸ਼ਤਾ ਬਣਦਾ ਹੈ। ਉਹ ਉਸ ਦੀ ਕਿਤਾਬ ਹੁੰਦੀ ਹੈ। ਜਿਸ ਉੱਪਰ ਉਹ ਉਨ੍ਹਾਂ ਚੀਜ਼ਾਂ ਦੇ ਸਾਰਥਿਕ ਚਿੱਤਰ ਦੇਖਦਾ ਹੈ। ਜਿਨ੍ਹਾਂ ਦਾ ਅਸਲੀ ਰੂਪ ਉਸ ਨੇ ਆਪਣੇ ਘਰ ਦੇਖਿਆ ਹੁੰਦਾ ਹੈ। ਜਿਵੇਂ ਸੇਬ ,ਕੇਲਾ, ਅੰਗੂਰ, ਅਮਰੂਦ,ਗੁਬਾਰਾ ,ਪਤੰਗ, ਤਰਬੂਜ਼ ਆਦਿ।
ਇਨ੍ਹਾਂ ਸਭ ਫਲਾਂ ਜਾਂ ਚੀਜ਼ਾਂ ਨੂੰ ਉਸ ਨੇ ਘਰ ਛੋਹ ਕੇ ਦੇਖਿਆ ਹੁੰਦਾ ਹੈ ਅਤੇ ਹਰ ਇੱਕ ਫਲ ਦਾ ਸੁਆਦ ਵੀ ਉਸ ਨੂੰ ਪਤਾ ਹੁੰਦਾ ਹੈ। ਕਹਿਣ ਦਾ ਭਾਵ ਹਰ ਇੱਕ ਚੀਜ਼ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਉਸ ਦੇ ਸੰਪਰਕ ਵਿੱਚ ਆਈ ਹੀ ਹੁੰਦੀ ਹੈ।
ਪਰ ਜਦੋਂ ਉਸ ਨੂੰ ਇਸ ਦੇ ਸ਼ਬਦੀ ਢਾਂਚੇ ਦਾ ਪਤਾ ਲੱਗਦਾ ਹੈ ਤਾਂ ਉਸ ਨੂੰ ਬਹੁਤ ਹੈਰਾਨੀ ਹੁੰਦੀ ਹੈ। ਫਿਰ ਵੀ ਉਹ ਬੜੇ ਉਤਸ਼ਾਹ ਨਾਲ ਇਸ ਨਾਲ ਇਸ ਨੂੰ ਸਿੱਖਦਾ ਹੈ।
ਹੁਣ ਜੋ ਮੂਲ ਰੂਪ ਵਿੱਚ ਸਮੱਸਿਆ ਸਾਹਮਣੇ ਆਉਂਦੀ ਹੈ। ਉਹ ਹੈ ਘਰ, ਗਲੀ-ਗੁਆਂਢ ਵਿੱਚ ਉਪਰੋਕਤ ਚੀਜ਼ਾਂ ਦੇ ਨਾਵਾਂ (ਸ਼ਬਦਾਂ) ਦਾ ਸਹੀ ਉਚਾਰਨ ਨਾ ਹੋਣ ਕਰਕੇ ਉਸ ਦੀ ਇਨ੍ਹਾਂ ਚੀਜ਼ਾਂ ਪ੍ਰਤੀ ਗੁੰਝਲ ਵੱਧਦੀ ਜਾਂਦੀ ਹੈ। ਜਿਵੇਂ ਘਰ ਵਿੱਚ ਸੇਬ ਨੂੰ ਸਿਉ, ਕੇਲੇ ਨੂੰ ਕੇਲਾ-ਛੱਲੀ, ਅਮਰੂਦ ਨੂੰ ਮਰੂਦ, ਤਰਬੂਜ਼ ਨੂੰ ਮਤੀਰਾ, ਪਤੰਗ ਨੂੰ ਗੁੱਡੀ, ਗੁਬਾਰੇ ਨੂੰ ਬੁਲਬੁਲਾ, ਚਾਕੂ ਨੂੰ ਕਾਚੂ ਆਦਿ।
ਇਹ ਚੀਜ਼ਾਂ ਬੱਚੇ ਦੇ ਮਨ ਉੱਪਰ ਗਹਿਰਾ ਪ੍ਰਭਾਵ ਪਾਉਦੀਆਂ ਹਨ। ਬੱਚੇ ਨੂੰ ਸਮਝ ਹੀ ਨਹੀਂ ਲੱਗਦੀ ਕੋਣ ਸਹੀ ਹੈ। ਪਰਿਵਾਰ ਵਾਲੇ ਜਾਂ ਫਿਰ ਅਧਿਆਪਕ। ਉਸ ਦੀ ਇਹੀ ਦੁਬਿਧਾ ਉਸ ਦੇ ਕਈ ਬਹੁ-ਕੀਮਤੀ ਸਿੱਖਣ ਵ੍ਹਰੇ ਖਰਾਬ ਕਰ ਦਿੰਦੀ ਹੈ।ਤੇ ਕਈ ਵਾਰ ਵਿਦਿਆਰਥੀਆਂ ਮੁਢਲੇ ਸਾਲਾਂ ਵਿੱਚ ਹੀ ਸਕੂਲ ਛੱਡ ਜਾਂਦੇ ਹਨ ਅਤੇ ਸਿੱਖਿਆ ਤੋਂ ਵਿਹੁਣੇ ਹੋ ਜਾਂਦੇ। ਸਿੱਖਿਆ ਉਨ੍ਹਾਂ ਤੋਂ ਵਿਸਰ ਜਾਂਦੀ ਹੈ।
ਹੁਣ ਇਸ ਜਗ੍ਹਾ ਉਪਰ ਜੋ ਸਭ ਤੋਂ ਜਿਆਦਾ ਜ਼ਰੂਰਤ ਹੁੰਦੀ ਹੈ ,ਉਹ ਹੈ ਅਧਿਆਪਕ ਦੀ ਸਾਰਥਿਕ ਭੂਮਿਕਾ ਦੀ। ਅਧਿਆਪਕਾਂ ਕੋਲ ਬਹੁਤ ਸਾਰੇ ਮੌਕੇ ਹੁੰਦੇ ਹਨ। ਜਦੋਂ ਉਹ ਸਿੱਧੇ ਜਾਂ ਅਸਿੱਧੇ ਤੌਰ ਤੇ ਮਾਪਿਆਂ ਜਾਂ ਸਮਾਜ ਦੇ ਸੰਪਰਕ ਵਿੱਚ ਆਉਂਦੇ ਹਨ। ਜਿਵੇਂ ਕਿ ਪਸਵਕ ਕਮੇਟੀ, ਪੀਟੀਏ ਕਮੇਟੀ, ਅਧਿਆਪਕ ਮਾਪੇ ਮਿਲਣੀ ਦੌਰਾਨ, ਸਕੂਲ ਵਿੱਚ ਦਾਖਲੇ ਦੇ ਮੌਕੇ ਅਤੇ ਮਿੱਡ-ਡੇ-ਮੀਲ ਨਾਲ ਸਬੰਧਤ ਕਰਮਚਾਰੀ ਦੇ ਜਰੀਏ ਆਦਿ। ਉਨ੍ਹਾਂ ਨੂੰ ਆਪਣੇ ਕੋਲ ਆਉਣ ਵਾਲੇ ਹਰ ਵਿਅਕਤੀ, ਬੱਚਿਆਂ ਦੇ ਮਾਪਿਆਂ ਦੇ ਉਚਾਰਨ ਨੂੰ ਸਹੀ ਕਰਨ ਲਈ ਕਹਿਣਾ ਚਾਹੀਦਾ ਹੈ। ਘਰੇਲੂ ਵਾਤਾਵਰਨ ਵਿੱਚ ਵੀ ਰੋਜ਼ਾਨਾਂ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੇ ਨਾਂਵਾਂ ਦਾ ਸਹੀ ਉਚਾਰਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।ਸ੍ਰੇਸ਼ਟਾਚਾਰ ਦੇ ਨਿਯਮਾਂ ਬਾਰੇ ਵੀ ਦੱਸਣਾ ਚਾਹੀਦਾ ਹੈ, ਤਾਂ ਜੋ ਹਰ ਸਕੂਲੀ ਵਿਦਿਆਰਥੀ ਦੇ ਵਿਚੋਂ ਪੜ੍ਹੇ ਲਿਖੇ ਅਤੇ ਸ਼ਾਨਦਾਰ ਹੋਣ ਦੀ ਝਲਕ ਮਿਲੇ। ਵਿੱਦਿਆ ਪ੍ਰਾਪਤੀ ਸਭ ਦਾ ਅਧਿਕਾਰ ਹੈ।
Paramjit kaur sidhu