ਸਿੱਖਿਆ ਜਗਤ ਕੋਵਿਡ-19 ਮਹਾਮਾਰੀ ਕਾਰਨ ਖ਼ਤਰੇ ‘ਚ : ਵਿਸ਼ਵ ਬੈਂਕ

813

ਨਵੀਂ ਦਿੱਲੀ :- ਕੋਵਿਡ-19 ਮਹਾਮਾਰੀ ਕਾਰਨ ਸਿੱਖਿਆ ਦੇ ਬਦਤਰ ਨਤੀਜੇ ਸਾਹਮਣੇ ਆਉਣ ਦਾ ਖ਼ਤਰਾ ਹੈ ਤੇ ਜੇ ਕੋਈ ਹਮਲਾਵਰ ਨੀਤੀ ਨਾ ਬਣਾਈ ਗਈ ਤਾਂ ਦੁਨੀਆ ਭਰ ‘ਚ ਇਸ ਵਾਇਰਸ ਦੇ ਪ੍ਰਕੋਪ ਦੀ ਕੀਮਤ ਬੱਚਿਆਂ ਤੇ ਨੌਜਵਾਨਾਂ ਦੋਵਾਂ ਦੀ ਸਿੱਖਿਆ ਤੇ ਸਿਹਤ ਦੇ ਰੂਪ ‘ਚ ਚੁਕਾਉਣੀ ਪਵੇਗੀ। ਇਹ ਵਿਸ਼ਵ ਬੈਂਕ ਦੀ ਸਿੱਖਿਆ ਟੀਮ ਨੇ ਕਿਹਾ।

ਵਿਸ਼ਵ ਬੈਂਕ ਦੇ ਮਾਹਿਰਾਂ ਨੇ ਕਿਹਾ ਕਿ ਮਹਾਮਾਰੀ ਤੋਂ ਪਹਿਲਾਂ ਵੀ ਦੁਨੀਆ ‘ਸਿੱਖਣ ਦੇ ਸੰਕਟ’ ਦਾ ਸਾਹਮਣਾ ਕਰ ਰਹੀ ਸੀ ਤੇ ਸੰਪੂਰਨ ਵਿਕਾਸ ਦੇ ਟੀਚੇ ਦੇ ਰਾਹ ‘ਤੇ ਪਹਿਲਾਂ ਹੀ ਭਟਕ ਗਈ ਸੀ। ਇਹ ਸਾਰੇ ਦੇਸ਼ਾਂ ਨੂੰ ਇਹ ਪੱਕਾ ਕਰਨ ਲਈ ਵਚਨਬੱਧ ਕਰਦਾ ਹੈ ਕਿ ਉਮੀਦਾਂ ਭਰੇ ਟੀਚਿਆਂ ਵਿਚਾਲੇ ਸਾਰੇ ਬੱਚੇ ਤੇ ਨੌਜਵਾਨ ਮੁਫ਼ਤ, ਬਰਾਬਰ ਤੇ ਮਿਆਰੀ ਪ੍ਰਾਇਮਰੀ ਤੇ ਮਿਡਲ ਸਿੱਖਿਆ ਪੂਰੀ ਕਰਨ।

ਟੀਮ ਨੇ ‘ਕੋਵਿਡ-19 ਮਹਾਮਾਰੀ : ਸਿੱਖਿਆ ਤੇ ਨੀਤੀ ਪ੍ਰਤੀਕਿਰਿਆਵਾਂ ਨੂੰ ਝਟਕਾ’ ਟਾਈਟਲ ਵਾਲੀ ਰਿਪੋਰਟ ‘ਚ ਦੱਸਿਆ ਕਿ ਮਹਾਮਾਰੀ ਤੋਂ ਪਹਿਲਾਂ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ 258 ਮਿਲੀਅਨ ਬੱਚੇ ਤੇ ਨੌਜਵਾਨ ਸਕੂਲ ਤੋਂ ਬਾਹਰ ਸਨ ਤੇ ਨਿਮਨ ਸਕੂਲੀ ਸਿੱਖਿਆ ਦਾ ਮਤਲਬ ਹੈ ਕਿ ਸਕੂਲ ‘ਚ ਕਈ ਅਜਿਹੇ ਵੀ ਸਨ ਜੋ ਬਹੁਤ ਘੱਟ ਸਿੱਖਦੇ ਸਨ। ਸਭ ਤੋਂ ਵਾਂਝੇ ਬੱਚੇ ਤੇ ਨੌਜਵਾਨਾਂ ਦੀ ਸਕੂਲੀ ਸਿੱਖਿਆ ਤਕ ਪਹੁੰਚ ਬਹੁਤ ਖ਼ਰਾਬ ਸੀ ਤੇ ਸਕੂਲੀ ਸਿੱਖਿਆ ਛੱਡਣ ਦੀ ਦਰ ਜ਼ਿਆਦਾ ਸੀ।

ਵਿਸ਼ਵ ਬੈਂਕ ‘ਚ ਸਿੱਖਿਆ ਦੇ ਕੌਮਾਂਤਰੀ ਨਿਰਦੇਸ਼ਕ ਜੈਮੀ ਸਾਵੇਦ੍ਰਾ ਮੁਤਾਬਕ ਮਹਾਮਾਰੀ ਕਾਰਨ ਹੁਣ ਸਿੱਖਿਆ ਦੇ ਨਤੀਜਿਆਂ ਦੇ ਹੋਰ ਖ਼ਰਾਬ ਹੋਣ ਦਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਕਾਰਨ ਸਿੱਖਿਆ ਪਹਿਲਾਂ ਹੀ ਕਾਫੀ ਪ੍ਰਭਾਵਿਤ ਹੋਈ ਹੈ ਕਿਉਂਕਿ ਦੁਨੀਆ ‘ਚ ਲਗਪਗ ਹਰ ਜਗ੍ਹਾ ਸਕੂਲ ਬੰਦ ਹਨ। ਇਹ ਸਾਡੀ ਜ਼ਿੰਦਗੀ ‘ਚ ਸਾਰੀਆਂ ਸਿੱਖਿਆ ਪ੍ਰਣਾਲੀਆਂ ਲਈ ਸਭ ਤੋਂ ਵੱਡਾ ਝਟਕਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਹਿਲਾ ਕਦਮ ਸਿਹਤ ਤੇ ਸੁਰੱਖਿਆ ਦੀ ਰੱਖਿਆ ਕਰਦੇ ਹੋਏ ਸਕੂਲ ਬੰਦ ਹੋਣ ਦਾ ਸਫਲਤਾਪੂਰਵਕ ਸਾਹਮਣਾ ਕਰਨਾ ਹੈ ਤੇ ਵਿਦਿਆਰਥੀਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਡਿਸਟੈਂਸ ਐਜੂਕੇਸ਼ਨ ਜ਼ਰੀਏ ਘਟਾਇਆ ਜਾ ਸਕਦਾ ਹੈ। ਇਸ ਸਮੇਂ ਦੇਸ਼ਾਂ ਨੂੰ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਲਈ ਯੋਜਨਾ ਬਣਾਉਣ ਦੀ ਜ਼ਰੂਰਤ ਹੈ।