ਲੇਖਕਾ:- ਪਰਮਜੀਤ ਕੌਰ ਸਿੱਧੂ
ਸਾਡੇ ਦੇਸ਼ ਦੇ ਅੰਦਰ ਕੋਰੋਨਾ ਵਾਇਰਸ ਨੇ ਉਦੋਂ ਦਸਤਕ ਦਿੱਤੀ ਸੀ, ਜਦੋਂ ਦੇਸ਼ ਦੇ ਅੰਦਰ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਹੋ ਰਹੀਆਂ ਸਨ। ਕੁੱਝ ਕੁ ਕਲਾਸਾਂ ਦੇ ਤਾਂ ਪੇਪਰ ਹੋ ਗਏ ਸਨ, ਜਦੋਂਕਿ ਬੋਰਡ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਦੇ ਪੇਪਰ ਅੱਧ ਵਿਚਾਲੇ ਰਹਿ ਗਏ। ਕੋਰੋਨਾ ਵਾਇਰਸ ਐਸਾ, ਸਾਡੇ ਦੇਸ਼ ਦੇ ਅੰਦਰ ਆਇਆ ਕਿ ਇਸ ਨੇ ਸਭ ਕੁੱਝ ਬਦਲ ਕੇ ਰੱਖ ਦਿੱਤਾ। ਜਿਹੜੇ ਵਿਦਿਆਰਥੀ ਅਤੇ ਅਧਿਆਪਕ ਸਕੂਲ ਤੋਂ ਇੱਕ ਵੀ ਛੁੱਟੀ ਨਹੀਂ ਸੀ ਕਰਦੇ ਅਤੇ ਆਪਣਾ ਕੰਮ ਪੂਰਾ ਲਗਨ ਅਤੇ ਮਿਹਨਤ ਦੇ ਨਾਲ ਕਰਦੇ ਸਨ, ਉਨ੍ਹਾਂ ਨੂੰ ਕਰੋਨਾ ਨੇ ਘਰ ਬਿਠਾ ਦਿੱਤਾ। ਬੇਸ਼ੱਕ 24 ਮਾਰਚ 2020 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿ ‘ਤੇ ਪੂਰੇ ਦੇਸ਼ ਦੇ ਅੰਦਰ ਜਨਤਾ ਕਰਫ਼ਿਊ ਅਤੇ ਤਾਲਾਬੰਦੀ ਕਰ ਦਿੱਤੀ ਗਈ, ਪਰ ਇਸ ਦੇ ਬਾਵਜੂਦ ਵੀ ਸਿੱਖਿਆ ਵਿਭਾਗ, ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਡਿਊਟੀਆਂ ਦਿੰਦੇ ਰਹੇ।
ਕੋਰੋਨਾ ਕਰਫ਼ਿਊ ਅਤੇ ਤਾਲਾਬੰਦੀ ਦੇ ਦੌਰਾਨ ਵਿਦਿਆਰਥੀ ਦੀ ਪੜਾਈ ਦਾ ਕੋਈ ਨੁਕਸਾਨ ਨਾ ਹੋਏ, ਇਸੇ ਦੇ ਚੱਲਦਿਆਂ ਸਿੱਖਿਆ ਵਿਭਾਗ ਪੰਜਾਬ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਚੰਗੀ ਸੋਚ ਮੁਤਾਬਿਕ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਅਧਿਆਪਕਾਂ ਦੀਆਂ ਅਨੋਖੇ ਤਰੀਕੇ ਨਾਲ ਡਿਊਟੀਆਂ ਲਗਾਈਆਂ। ਸਿੱਖਿਆ ਸਕੱਤਰ ਜਿਹੜੇ ਕਿ ਬਹੁਤ ਹੀ ਸੁਲਝੇ ਹੋਏ ਅਤੇ ਚੰਗੀ ਸੋਚ ਦੇ ਮਾਲਕ ਹਨ, ਉਨ੍ਹਾਂ ਦੇ ਵੱਲੋਂ ਅਧਿਆਪਕਾਂ ਨੂੰ ਕਿਹਾ ਗਿਆ ਕਿ ਉਹ ਖ਼ੁਦ ਵੀ ਕੋਰੋਨਾ ਵਾਇਰਸ ਤੋਂ ਬਚਣ ਅਤੇ ਵਿਦਿਆਰਥੀਆਂ ਨੂੰ ਵੀ ਇਸ ਵਾਇਰਸ ਤੋਂ ਬਚਾਉਣ ਲਈ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ। ਕੋਰੋਨਾ ਕਰਫ਼ਿਊ ਕਾਰਨ ਸਕੂਲਾਂ ਵਿਚ ਜਾਣ ਤੋਂ ਅਸਮਰਥ ਹੋਏ ਵਿਦਿਆਰਥੀਆਂ ਨੂੰ ਵਿੱਦਿਅਕ ਗਤੀਵਿਧੀਆਂ ਨਾਲ ਜੋੜਨ ਲਈ ਦੇ ਅਧਿਆਪਕ ਪੂਰੀ ਤਰਾਂ ਸਰਗਰਮ ਹੋ ਰਹੇ।
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਹੱਲਾਸ਼ੇਰੀ ਨਾਲ ਵਿਦਿਆਰਥੀ ਆਨਲਾਈਨ ਪੜਾਈ ਕਰਨ ਵਿਚ ਮਸਰੂਫ਼ ਹੋ ਗਏ। ਸਾਰੇ ਅਧਿਆਪਕ, ਵਿਦਿਆਰਥੀਆਂ ਨੂੰ ਜ਼ੂਮ ਐਪ ਜ਼ਰੀਏ ਨਿਰਧਾਰਿਤ ਸਮੇਂ ‘ਤੇ ਪੜਾਉਂਦੇ ਰਹੇ ਅਤੇ ਪੜ੍ਹ ਰਹੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਵਟਸਐਪ ਰਾਹੀਂ ਦਿੱਤੇ ਗਏ ਹੋਮ ਵਰਕ ਨੂੰ ਆਪੋ-ਆਪਣੇ ਅਧਿਆਪਕਾਂ ਕੋਲ ਪਹੁੰਚਾਉਂਦੇ ਰਹੇ ਅਤੇ ਪਹੁੰਚਾ ਰਹੇ ਹਨ। ਅਧਿਆਪਕ ਬੱਚਿਆਂ ਦਾ ਕੰਮ ਚੈੱਕ ਕਰਕੇ, ਵਾਪਿਸ ਵਟਸਐਪ ਰਾਹੀਂ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਰਹੇ। ਵਿਦਿਆਰਥੀ ਬਹੁਤ ਹੀ ਚਾਅ ਨਾਲ ਪੜਾਈ ਕਰਨ ਲੱਗੇ। ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪੇ ਵੀ ਸਿੱਖਿਆ ਵਿਭਾਗ ਦੇ ਇਸ ਨਵੇਂ ਕ੍ਰਿਸ਼ਮੇ ਤੋਂ ਖ਼ੁਸ਼ ਹਨ ਅਤੇ ਬੱਚਿਆਂ ਦੀ ਪੜਾਈ ਵੱਲ ਉਚੇਚਾ ਧਿਆਨ ਦੇ ਰਹੇ ਹਨ।
ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਪਾਠਕ੍ਰਮ ਨਾਲ ਸਬੰਧਿਤ ਪੁਸਤਕਾਂ ਵੀ ਖ਼ੂਬਸੂਰਤ ਰੂਪ ਵਿਚ ਆਨਲਾਈਨ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾ ਚੁੱਕੀਆਂ ਹਨ ਅਤੇ ਕਈ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਕਿਤਾਬਾਂ ਮਿਲ ਵੀ ਚੁੱਕੀਆਂ ਹਨ। ਦੱਸਣਾ ਬਣਦਾ ਹੈ ਕਿ ਗੁਣਾਤਮਿਕ ਸਿੱਖਿਆ ਸੁਧਾਰ ਦੇ ਪ੍ਰਾਜੈਕਟ ਤਹਿਤ ਬੱਚਿਆਂ ਵੱਲੋਂ ਕੀਤੀਆਂ ਗਈਆਂ ਸੈੱਲਫ਼ ਇੰਟਰੋਡਕਸ਼ਨ, ਸੁੰਦਰ ਲਿਖਤ, ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਪੜ੍ਹਨ, ਪਹਾੜਿਆਂ ਆਦਿ ਦੀਆਂ ਪੇਸ਼ਕਾਰੀਆਂ ਲਈ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਅਧਿਆਪਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਅਧਿਆਪਕ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਦੀ ਦਰ ਵਧਾਉਣ ਲਈ ਵਿਸ਼ੇਸ਼ ਉਪਰਾਲੇ ਵੀ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰਨਗੇ।
ਪਿਛਲੇ ਦਿਨੀਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਵੱਲੋਂ ਸਮੂਹ ਸਕੂਲ ਮੁਖੀਆਂ ਨੂੰ ਬੱਚਿਆਂ ਅਤੇ ਮਾਪਿਆਂ ਦੀ ਕਰੋਨਾ ਰੋਕਥਾਮ ਬਾਰੇ ਅਗਵਾਈ ਕਰਨ ਲਈ ਕਿਹਾ ਗਿਆ। ਉਨ੍ਹਾਂ ਅਧਿਆਪਕਾਂ ਨੂੰ ਆਨਲਾਈਨ ਦਾਖਲਾ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਗਿਆ, ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਦਸਵੀਂ ਅਤੇ ਬਾਰ੍ਹਵੀਂ ਦੇ ਬੱਚਿਆਂ ਨੂੰ ਸਟੱਡੀ ਮੈਟੀਰੀਅਲ ਭੇਜਣ ਦੇ ਨਾਲ ਨਾਲ ਪ੍ਰੇਰਿਤ ਕਰਨ ਲਈ ਕਿਹਾ ਗਿਆ। ਛੇਵੀਂ ਤੋਂ ਬਾਰ੍ਹਵੀਂ ਤੱਕ ਜਮਾਤਾਂ ਦੇ ਸਾਰੇ ਵਿਦਿਆਰਥੀਆਂ ਨੂੰ ਈ ਕੰਟੈਂਟ ਅਤੇ ਪੀਡੀਐੱਫ ਕਿਤਾਬਾਂ ਭੇਜਣ ਲਈ ਕਿਹਾ ਗਿਆ। ਇਸ ਸੰਕਟ ਕਾਲੀਨ ਸਥਿਤੀ ਵਿੱਚ ਬੱਚਿਆਂ ਨੂੰ ਮੋਬਾਈਲ ਫੋਨਾਂ, ਰੇਡੀਉ, ਟੀਵੀ ਆਦਿ ਬਿਜਲੀ ਬਿਜਲਈ ਸਾਧਨਾਂ ਰਹੀ ਪੜਾਈ ਨਾਲ ਜੋੜੀ ਰੱਖਣਾ ਸਾਡੀ ਪਹਿਲ ਹੋਣੀ ਚਾਹੀਦੀ ਹੈ।
ਸਿੱਖਿਆ ਸਕੱਤਰ ਨੇ ਆਪਣੇ ਸੁਨੇਹੇ ਵਿਚ ਇਹ ਵੀ ਕਿਹਾ ਕਿ ਇਸ ਸਾਲ ਕੋਵਿਡ-19 ਦੇ ਫੈਲਣ ਕਾਰਨ ਭਾਵੇਂ ਹਾਲਾਤ ਵੱਖਰੇ ਹਨ, ਪਰ ਵਿਦਿਆਰਥੀ ਅਤੇ ਅਧਿਆਪਕ ਆਪਣੇ-ਆਪਣੇ ਘਰਾਂ ਵਿਚ ਹਨ ਅਤੇ ਆਨਲਾਈਨ ਵਿਦਿਆਰਥੀਆਂ ਨੂੰ ਅਧਿਆਪਕ ”ਵਰਕ” ਕਰਵਾ ਰਹੇ ਹਨ। ਵਿਦਿਆਰਥੀਆਂ ਦੀ ਸਿਹਤ ਸੁਰੱਖਿਆ, ਉਨ੍ਹਾਂ ਦਾ ਖਾਣ ਪੀਣ, ਸਾਫ਼ ਸਫ਼ਾਈ ਆਦਿ ਸਭ ਤੋਂ ਜ਼ਰੂਰੀ ਹੈ, ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਤਹਿਤ ਜਾਗਰੂਕਤਾ ਲਈ ਅਤੇ ਉਨ੍ਹਾਂ ਦੇ ਵਿਹਲੇ ਸਮੇਂ ਨੂੰ ਲਾਭਕਾਰੀ ਕੰਮ ਵਿਚ ਲਗਾਉਣ ਲਈ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ ਦੇ ਸੁਝਾਵਾਂ ਅਤੇ ਮੰਗ ਅਨੁਸਾਰ ਸਿੱਖਿਆ ਵਿਭਾਗ ਪੰਜਾਬ ਦੁਆਰਾ ਸਕੂਲਾਂ ਦੇ ਵਿਦਿਆਰਥੀਆਂ ਲਈ ਕੁੱਝ ਗਤੀਵਿਧੀਆਂ ਘਰੇ ਬੈਠ ਕੇ ਕਰਨ ਲਈ ਸੋਸ਼ਲ ਮੀਡੀਆ ਅਤੇ ਫ਼ੋਨ ਰਾਹੀਂ ਲਿਖਤ, ਆਡੀਓ, ਵੀਡੀਓ ਰੂਪ ਵਿਚ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।
ਮੈਨੂੰ ਲੱਗਦਾ ਹੈ ਕਿ ਅਧਿਆਪਕਾਂ ਕੋਲ ਵੀ ਵਿਦਿਆਰਥੀਆਂ ਦੇ ਨਾਲ ਜੁੜੇ ਰਹਿਣ ਅਤੇ ਉਨ੍ਹਾਂ ਨੂੰ ਸਿਹਤ ਸੁਰੱਖਿਆ ਲਈ ਅਗਵਾਈ ਦੇਣ ਦਾ ਇਹ ਵਧੀਆ ਮੌਕਾ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਵਾਸਤੇ ਕੋਵਿਡ-19 ਤੋਂ ਬਚਣ ਲਈ ਸਰਕਾਰੀ ਹਦਾਇਤਾਂ ਦੀ ਪਾਲਨਾ ਕਰਦਿਆਂ ਆਪਣੇ ਘਰਾਂ ਵਿਚ ਹੀ ਰਹੋ ਅਤੇ ਇਸ ਬਾਰੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰੋ। ਕੋਰੋਨਾ ਵਾਇਰਸ ਤੋਂ ਬਚਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ‘ਖੰਘ ਜ਼ੁਕਾਮ ਵਾਲੇ ਮਰੀਜ਼ਾ ਤੋਂ ਘੱਟੋਂ ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ, ਖੰਘਣ ਛਿੱਕਣ ਸਮੇਂ ਆਪਣਾ ਨੱਕ ਮੂੰਹ ਕੂਹਣੀ ਨਾਲ ਢਕੋ, ਵਾਰ ਵਾਰ ਸਾਬਣ ਨਾਲ ਜਾਂ ਫਿਰ ਹੈਂਡ ਸੈਨੇਟਾਈਜ਼ਰ ਨਾਲ ਹੱਥਾਂ ਦੀ ਸਫ਼ਾਈ ਕਰੋ। ਇਸ ਤੋਂ ਇਲਾਵਾ ਆਸ ਪਾਸ ਦੀਆਂ ਚੀਜ਼ਾਂ ਨੂੰ ਛੂਹਣ ਤੋਂ ਬਚੋ। ਇਸ ਤਰਾਂ ਕੁੱਝ ਕੁ ਸਾਵਧਾਨੀਆਂ ਵਰਤ ਕੇ ਅਸੀਂ ਕੋਰੋਨਾ ਵਾਇਰਸ ਤੋਂ ਬਚ ਸਕਦੇ ਹਾਂ।
ਪਰਮਜੀਤ ਕੌਰ ਸਿੱਧੂ, ਅੰਗਰੇਜੀ ਲੈਕਚਰਾਰ ਤੋ ਇਲਾਵਾ ਪੰਜਾਬੀ-ਅੰਗਰੇਜੀ ਦੀ ਪ੍ਰਸਿੱਧ ਲੇਖਕਾ ਹੈ, ਜਿਨ੍ਹਾਂ ਦੇ ਵਿਸ਼ੇਸ਼ ਲੇਖ ਹੁਣ ਤੱਕ ਕਈ ਅਖ਼ਬਾਰਾਂ ਛਾਪ ਚੁੱਕੇ ਹਨ।