ਜੀ ਹਾਂ, ਹਰ ਔਰਤ ਪਹਿਲਾਂ ਧੀ,ਭੈਣ,ਪਤਨੀ ਤੇ ਫਿਰ ਮਾਂ ਦਾ ਦਰਜਾ ਪ੍ਰਾਪਤ ਕਰਦੀ ਹੈ। ਪਰ ਪਤਾ ਨਹੀਂ ਕਿਉਂ ਧੀ ਦੇ ਜਨਮ ਸਮੇਂ ਅਸੀ ਇੱਕ ਵਾਰ ਤਾਂ ਜ਼ਰੂਰ ਉਸ ਵੱਲ ਉਦਾਸੀ ਨਜ਼ਰ ਨਾਲ ਵੇਖਦੇ ਹਾਂ।ਸ਼ਾਇਦ ਪੁੱਤ ਦੀ ਲਾਲਸਾ ਵੱਸ ਹੋ ਕੇ।ਪਰ ਕਈ ਧੀਆਂ ਤਾਂ ਅੇਨੀਆ ਕੁ ਸਮਝਦਾਰ ਅਤੇ ਸੁਘੜ ਸਿਆਣੀਆਂ ਹੁੰਦੀਆਂ ਹਨ ਕਿ ਮਾਪਿਆ ਨੂੰ ਉਨਾ ਤੇ ਮਾਣ ਮਹਿਸੂਸ ਹੁੰਦਾ ਹੈ।ਅਤੇ ਮਾਪਿਆ ਨੂੰ ਧੀ ਤੋ ਕੁੱਝ ਸਿੱਖਣ ਨੂੰ ਵੀ ਮਿਲਦਾ। ਮੇਰੇ ਵੇਖਣ ਵਿੱਚ ਆਇਆ ਇਹ ਸਭ ਕੁੱਝ ਇੱਕ ਧੀ ਨੇ ਕੁੱਝ ਅਜਿਹਾ ਕੀਤਾ ਕਿ ਮਾਪਿਆ ਦੇ ਨਾਲ,ਨਾਲ ਮੈ ਵੀ ਸਲਾਮ ਕਰਦੀ ਹਾਂ ਉਸ ਧੀ ਦੀ ਅਕਲ ਨੂੰ। ਹੋਇਆ ਇੰਜ ਕਿ ਇੱਕ ਚੰਗੇ ਪ੍ਰੀਵਾਰ ਦੀ ਚੁਲਬਲੀ ਅਤੇ ਨਾਜ਼ੁਕ ਜਿਹੀ ਧੀ ਦਰਮਿਆਨੇ ਜਿਹੇ ਘਰ ਵਿਆਹੀ ਗਈ ਅਤੇ ਸਹੁਰਾ ਪ੍ਰੀਵਾਰ ਹਰ ਗੱਲ ਨੂੰ ਸੀਰੀਅਸ ਹੀ ਲੈਂਦਾ।
ਬੇਟੀ ਦੀ ਸੱਸ ਨੇ ਪਹਿਲੇ ਦਿਨ ਰਸੋਈ ਦੀ ਰਸਮ ਸਮੇਂ ਆਪਣੀ ਨਵੀਂ ਨੂੰਹ ਨੂੰ ਇੱਕ ਚਾਬੀਆਂ ਦਾ ਗੁੱਛਾ ਦਿੱਤਾ ਅਤੇ ਸਾਰੇ ਘਰਦੇ ਜੀਆਂ ਦੀ ਪਸੰਦ ਦੱਸ ਦਿੱਤੀ ਤੇ ਨਾਲ ਇਹ ਗੱਲ ਕਹੀ ਲੈ ਧੀਏ ਆਪਣੇ ਸਾਰੇ ਘਰ ਦੀ ਜ਼ਿੰਮੇਵਾਰੀ ਅਤੇ ਆਪਣੀ ਘਰ ਗ੍ਰਹਿਸਥੀ ਨੂੰ ਸੀਰੀਅਸ ਹੋ ਕੇ ਸੰਭਾਲ਼ੀਂ ਜੇਕਰ ਕਿਸੇ ਗੱਲ ਦਾ ਪਤਾ ਨਾ ਲੱਗੇ ਤਾਂ ਬੇਝਿਜਕ ਮੇਰੇ ਨਾਲ ਗੱਲ ਸਾਂਝੀ ਕਰ ਲਵੀ।ਪਹਿਲਾ ਤਾਂ ਨਵੀਂ ਨੂੰਹ ਨੂੰ ਬੜਾ ਔਖਾ ਲੱਗਾ ਇਹ ਸਭ ਪਰ ਕੁੱਝ ਕੁ ਦਿਨਾ ਵਿੱਚ ਹੀ ਸੁਘੜ ਸਿਆਣੀ ਨੂੰਹ ਬਣ ਸਹੁਰੇ ਘਰ ਦੇ ਮਾਹੌਲ ਅਨੁਸਾਰ ਢਲ ਗਈ ਤੇ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਲੱਗੀ।
ਸਹੁਰਾ ਪ੍ਰੀਵਾਰ ਬੜਾ ਖ਼ੁਸ਼ ਰਲ-ਮਿਲ ਨੂੰਹ,ਸੱਸ ਘਰ ਦੇ ਕੰਮ ਧੰਦੇ ਨਿਬੇੜ ਲੈਂਦੀਆਂ। ਇੱਕ ਦਿਨ ਅਚਾਨਕ ਹੀ ਉਸ ਦੀ ਸੱਸ ਬਿਮਾਰ ਹੋ ਮੰਜੇ ਵਿੱਚ ਪੈ ਗਈ ਪਰ ਨੂੰਹ ਨੇ ਕਦੇ ਮੱਥੇ ਵੱਟ ਨਾ ਪਾਉਣਾ ਬਹੁਤ ਸੇਵਾ ਕਰਦੀ ਉਹ ਆਪਣੀ ਸੱਸ ਦੀ ਸਮੇਂ ਸਿਰ ਦਵਾਈ ਵਗ਼ੈਰਾ ਦੇ ਕੇ ਪੂਰਾ ਫ਼ਰਜ਼ ਨਿਭਾਉਂਦੀ।ਫਿਰ ਨੂੰਹ ਦੀ ਮਾਂ ਇੱਕ ਦਿਨ ਆਈ ਅਤੇ ਆਪਣੀ ਧੀ ਕੋਲ ਰਾਤ ਰਹਿ ਪਈ।ਉਸ ਨੇ ਆਪਣੀ ਧੀ ਨੂੰ ਸਾਰੇ ਘਰ ਦੇ ਕੰਮ ਕਰਨ ਦੇ ਨਾਲ,ਨਾਲ ਸੱਸ ਨੂੰ ਸੰਭਾਲਦੀ ਨੂੰ ਵੇਖਿਆ ਸੋਚਿਆ ਇੰਨਾ ਬਦਲਾਵ ਮੇਰੀ ਸੋਹਲ ਜਿਹੀ ਧੀ ਕਿਵੇਂ ਕੰਮ ਵਿੱਚ ਰੋਲ ਰੱਖੀ ਹੈ ਇੰਨਾ ਨੇ। ਆਖ਼ਿਰ ਮਾਂ ਕੋਲੋਂ ਰਿਹਾ ਨਾ ਗਿਆ ਧੀ ਨੂੰ, ਕਹਿਣ ਲੱਗੀ ਛੱਡ ਇੰਨਾ ਦਾ ਖਹਿੜਾ ਤੇ ਅੱਡ ਹੋ ਜਾ ਇਹ ਕੀ ਹਾਲਤ ਬਣਾ ਰੱਖੀ ਹੈ ਤੂੰ ਆਪਣੀ ਸਾਰੀ ਦਿਹਾੜੀ ਘਰ ਦੇ ਕੰਮ ਕਰਦੀ ਐ ਫਿਰ ਰਾਤ ਨੂੰ ਇਹ ਬਿਮਾਰ ਬੁੱਢੀ ਨੀ ਟਿਕਣ ਦਿੰਦੀ।ਪਰ ਧੀ ਨੇ ਆਪਣੀ ਮਾਂ ਦੇ ਇੱਕ ਵਾਰ ਤਾਂ ਮੂੰਹ ਵੱਲ ਵੇਖਿਆ ਜਦੋ ਦੁਬਾਰਾ ਅੱਡ ਹੋਣ ਵਾਲੀ ਗੱਲ ਮਾਂ ਨੇ ਕਹੀ ਤਾਂ ਕੜਕ ਪਈ ਧੀ ਆਪਣੀ ਮਾਂ ਤੇ ਕਹਿਣ ਲੱਗੀ ਖ਼ਬਰਦਾਰ ਅੱਜ ਤੋ ਮੈ ਤੇਰੀ ਧੀ ਨਹੀਂ ਤੂੰ ਮੇਰੀ ਮਾਂ ਨਹੀਂ।
ਮਾਂ ਕਹਿੰਦੀ ਧੀਏ ਮੈ ਤੈਨੂੰ ਜਨਮ ਦਿੱਤਾ ਇਸ ਤਰਾ ਕਿਉਂ ਬੋਲਦੀ ਹੈ ਪਰ ਤੁਸੀਂ ਮੈਨੂੰ ਜਨਮ ਦਿੱਤਾ ਤਾਂ ਹੀ ਥੋੜ੍ਹਾ ਲਿਹਾਜ਼ ਕਰ ਲਿਆ।ਜੇਕਰ ਤੁਸੀਂ ਮੈਨੂੰ ਜਨਮ ਦਿੱਤਾ ਤਾਂ ਉਹ ਜਿਹੜੀ ਬਿਮਾਰ ਮਾਂ ਮੰਜੇ ਵਿੱਚ ਪਈ ਹੈ ਉਸ ਨੇ ਮੇਰੇ ਤੇ ਵਿਸ਼ਵਾਸ ਕਰ ਕੇ ਸਾਰੇ ਘਰ ਦੀ ਅਤੇ ਸਾਰੀ ਜਾਇਦਾਦ ਦੀ ਮਾਲਕਣ ਬਣਾਇਆ ਮੈਨੂੰ ਅਤੇ ਨਾਲ,ਨਾਲ ਚੰਗੇ ਸੰਸਕਾਰ ਦੇ ਕੇ ਜਿਮੇਵਾਰੀਆ ਨੂੰ ਸੁਚੱਜੇ ਢੰਗ ਨਾਲ ਨਿਭਾ ਕੇ ਸਮਾਜ ਵਿੱਚ ਵਿਚਰਨਾ ਸਿਖਾਇਆ।ਜਿਸ ਮਾਂ ਨੇ ਪਹਿਲੇ ਦਿਨ ਹੀ ਮੇਰੇ ਤੇ ਵਿਸ਼ਵਾਸ ਕਰ ਕੇ ਸਾਰੇ ਘਰ ਦੀਆ ਚਾਬੀਆਂ ਮੈਨੂੰ ਫੜਾ ਦਿਤੱੀਆ ਤੇ ਅੱਜ ਮੈ ਉਸ ਮਾਂ ਦਾ ਵਿਸ਼ਵਾਸ ਤੋੜਾ ਤੇ ਅੱਡ ਹੋ ਜਾਵਾਂ ਹਰਗਿਜ਼ ਨਹੀਂ। ਮੇਰੀ ਲੋੜ ਹੈ ਮੇਰੀ ਇਸ ਮਾਂ ਨੂੰ ਤੇ ਮੈ ਹਮੇਸ਼ਾ ਆਪਣੀ ਮਾਂ(ਸੱਸ) ਦੇ ਨਾਲ ਰਹਿ ਕੇ ਸੇਵਾ ਕਰਾਂਗੀ ਇਸ ਮਾਂ ਦੀ ਤੇ ਇੱਕ ਦਿਨ ਮੰਮੀ ਜੀ ਬਿਲਕੁਲ ਤੰਦਰੁਸਤ ਹੋ ਜਾਣਗੇ ।ਧੀ ਦੇ ਮੂੰਹੋਂ ਕਰਾਰਾ ਜਵਾਬ ਸੁਣਕੇ ਮਾਂ ਲਾਜਵਾਬ ਹੋ ਗਈ ਤੇ ਆਪਣੀ ਕਹੀ ਗੱਲ ਤੇ ਪਛਤਾਵਾ ਕਰਨ ਲੱਗੀ ।ਪਰ ਅੰਦਰੋਂ ਅੰਦਰੀ ਸੋਚੇ ਇਹਨੂੰ ਹੀ ਕਹਿੰਦੇ ਨੇ ਸੁਘੜ ਸਿਆਣੀ ਧੀ ਪ੍ਰਮਾਤਮਾ ਐਸੀ ਧੀ ਹਰ ਇੱਕ ਨੂੰ ਦੇਵੇ।
ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ
94786 58384