ਸੁਲਤਾਨਪੁਰ ਲੋਧੀ: ਮਤਰੇਈ ਮਾਂ ਤੇ ਪਿਓ ਹੀ ਨਿਕਲੇ 15 ਸਾਲਾ ਕੁੜੀ ਦੇ ਕਾਤਲ

188

ਸੁਲਤਾਨਪੁਰ ਲੋਧੀ :

ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਡੱਲਾ ‘ਚ 26 ਜੂਨ ਦੀ ਰਾਤ ਨੂੰ 15 ਸਾਲਾ ਨਾਬਾਲਗ ਕੁੜੀ ਅਮਨਜੋਤ ਕੌਰ ਦੀ ਭੇਤਭਰੇ ਢੰਗ ਨਾਲ ਹੋਈ ਮੌਤ ਦੇ ਮਾਮਲੇ ‘ਚ ਰਿਸ਼ਤੇ ਤਾਰ-ਤਾਰ ਹੁੰਦੇ ਨਜ਼ਰ ਆਏ ਹਨ। ਜਿੱਥੇ ਆਪਣੇ ਹੀ ਜਿਗਰ ਦੇ ਟੋਟੇ ਨੂੰ ਉਸ ਦੇ ਪਿਤਾ ਤੇ ਉਸ ਦੀ ਮਤਰੇਈ ਮਾਂ ਨੇ ਰਲ ਕੇ ਜ਼ਹਿਰ ਦੇ ਕੇ ਕਤਲ ਕਰ ਦਿੱਤਾ।

ਘਟਨਾ ਨੂੰ ਉਨ੍ਹਾਂ ਵੱਲੋਂ ਹਾਦਸਾ ਦੱਸਿਆ ਜਾ ਰਿਹਾ ਸੀ, ਪਰ ਹੁਣ ਇਸ ਮਾਮਲੇ ਬਾਰੇ ਪੁਲਿਸ ਨੇ ਸਨਸਨੀਖੇਜ ਖੁਲਾਸੇ ਕੀਤੇ ਹਨ। ਅਮਨਜੋਤ ਕੌਰ ਦੇ ਕਤਲ ਕੇਸ ‘ਚ ਉਸ ਦੇ ਸਕੇ ਪਿਤਾ ਸਰੂਪ ਸਿੰਘ ਨਿਵਾਸੀ ਡੱਲਾ ਅਤੇ ਮਤਰੇਈ ਮਾਂ ਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਥਾਣਾ ਸੁਲਤਾਨਪੁਰ ਲੋਧੀ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਮ੍ਰਿਤਕ ਲੜਕੀ ਅਮਨਜੋਤ ਕੌਰ ਦੇ ਮਾਮੇ ਗੁਰਬਾਜ਼ ਸਿੰਘ ਨਿਵਾਸੀ ਪਿੰਡ ਡੱਲਾ ਦੇ ਬਿਆਨਾਂ ‘ਤੇ ਵੱਖ-ਵੱਖ ਧਾਰਾਵਾਂ ਅਧੀਨ ਲੜਕੀ ਦੇ ਪਿਤਾ ਸਰੂਪ ਸਿੰਘ, ਮਤਰੇਈ ਮਾਂ ਮਨਦੀਪ ਕੌਰ ਤੇ ਸਰੂਪ ਸਿੰਘ ਦੀ ਸਾਲੇਹਾਰ ਅਮਨਦੀਪ ਕੌਰ ਪਤਨੀ ਜਸਵਿੰਦਰ ਸਿੰਘ ਨਿਵਾਸੀ ਪਿੰਡ ਅਮਰਜੀਤ ਪੁਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਪਤੀ-ਪਤਨੀ ਸਰੂਪ ਸਿੰਘ ਅਤੇ ਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਗਿਆ ਹੈ ਜਿਨ੍ਹਾਂ ਕੋਲੋ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਕਤਲ ਕੇਸ ‘ਚ ਜੇਕਰ ਕੋਈ ਹੋਰ ਵੀ ਸ਼ਾਮਲ ਹੋਇਆ ਤਾਂ ਉਹ ਵੀ ਬਖ਼ਸ਼ਿਆ ਨਹੀਂ ਜਾਵੇਗਾ।