ਸੰਗੀਤ ਮਨੁੱਖ ਦੀ ਰੂਹ ਦੀ ਖੁਰਾਕ ਹੈ-ਸੰਗੀਤਕਾਰ ਕਿੱਲ ਬੰਦਾ/-

727

ਸੰਗੀਤ ਉਹ ਜੋ ਰੂਹਾਨੀਅਤ ਸਕੂਨ ਦੇਵੇ,ਕੰਨ ਪਾੜਵੇਂ ਸ਼ੋਰ ਤੋਂ ਮੁਕਤ ਕੰਨਾਂ ਵਿੱਚ ਰਸ ਘੋਲੇ। ਸੰਗੀਤ ਨੂੰ ਸੁਣ ਕੇ ਮਨ ਨੂੰ ਟਿਕਾਅ ਮਿਲੇ ਅਤੇ ਸੰਗੀਤ ਦੀਆਂ ਧੁਨਾਂ ਮਨ ਮੋਹ ਲੈਣ। ਅਜਿਹੇ ਹੀ ਸੰਗੀਤ ਨੂੰ ਆਪਣੇ ਉਂਗਲਾਂ ਦੇ ਪੋਟਿਆਂ ਦਾ ਸ਼ਿੰਗਾਰ ਬਣਾਉਣ ਲਈ ਯਤਨਸ਼ੀਲ ਹੈ- ਸੰਗੀਤਕਾਰ ਕੁਲਦੀਪ ਸਿੰਘ ਉਰਫ਼ ਕਿੱਲ ਬੰਦਾ। ਸੰਗੀਤ ਦੀ ਦੁਨੀਆ ਦੇ ਅੰਬਰਾਂ ਚ ਬਿਨ ਖੰਭਾਂ ਤੋਂ ਉੱਚੀਆਂ ਸੰਗੀਤਕ ਉਡਾਰੀਆਂ ਮਾਰਨ ਵਾਲੇ ਕੁਲਦੀਪ ਸਿੰਘ ਨੇ ਸੰਗੀਤਕ ਘਰਾਣੇ ਦੇ ਸ਼ਾਹੀ ਸ਼ਹਿਰ ਪਟਿਆਲਾ ਚ ਪਿਤਾ ਸ੍ਰ.ਉੱਦਮ ਸਿੰਘ ਅਤੇ ਮਾਤਾ ਸ੍ਰੀਮਤੀ ਮੁਖਤਿਆਰ ਕੌਰ ਦੇ ਘਰ ਜਨਮ ਲਿਆ ਅਤੇ ਸੰਗੀਤ ਦੀਆਂ ਉਹ ਮੰਜ਼ਲਾਂ ਤਹਿ ਕਰ ਗਿਆ,ਜਿਸ ਬਾਰੇ ਉਸ ਦਾ ਸੁਪਨਾ ਹੀ ਸੀ।

ਇਨਸਾਨ ਆਪਣੇ ਅੰਦਰ ਕੰਡਿਆਲੇ ਰਾਹਾਂ ਤੇ ਨੰਗੇ ਪੈਰੀਂ ਬੁਲੰਦ ਹੌਸਲੇ ਨਾਲ ਇਰਾਦਾ ਦ੍ਰਿੜ ਕਰਕੇ ਚੱਲਣ ਦੀ ਹਿੰਮਤ ਕਰ ਲਵੇ ਤਾਂ ਸਫਲਤਾ ਕਦਮ ਚੁੰਮਦੀ ਹੈ।ਆਪਣੀ ਜ਼ਿੰਦਗੀ ਦੀਆਂ 38 ਕੁ ਰੰਗੀਨ ਬਹਾਰਾਂ ਅਤੇ ਪੱਤਝੜਾਂ ਦਾ ਅਨੰਦ ਮਾਣ ਚੁੱਕੇ ਕੁਲਦੀਪ ਸਿੰਘ ਨੂੰ ਸਿਮਰ ਗਿੱਲ ਦੇ ਸੁਪਰ ਹਿੱਟ ਗੀਤ “ਰੋਟੀ..” ਨੇ ਸੰਗੀਤਕਾਰ ਕਿੱਲ ਬੰਦਾ ਬਣਾ ਦਿੱਤਾ। ਉਸ ਨੇ ਇੱਕ ਸੰਖੇਪ ਮੁਲਾਕਾਤ ਦੌਰਾਨ ਦੱਸਿਆ ਕਿ ਸੰਗੀਤ ਦਾ ਸ਼ੌਕ ਉਸ ਨੂੰ ਬਚਪਨ ਚ ਪੈ ਗਿਆ ਸੀ, ਕਿਉਂ ਕਿ ਉਸ ਦੇ ਪਿਤਾ ਜੀ ਕੀਰਤਨੀ ਜਥੇ ਨਾਲ ਕੀਰਤਨ ਕਰਿਆ ਕਰਦੇ ਸਨ।ਉਸ ਦਾ ਸੁਪਨਾ ਕੀਬੋਰਡ ਜਾਂ ਪਿਆਨੋ ਪਲੇਅ ਕਰਨਾ ਸੀ,ਪਰ ਆਰਥਿਕ ਮੰਦਹਾਲੀ ਕਾਰਨ ਉਹ ਕੀ ਬੋਰਡ ਨਹੀਂ ਖ਼ਰੀਦ ਸਕਿਆ ਅਤੇ ਢੋਲਕ ਖ਼ਰੀਦ ਕੇ ਸੰਗੀਤ ਦੇ ਖੇਤਰ ਚ ਕਦਮ ਰੱਖਿਆ।

ਸ਼ੁਰੂਆਤ ਦਿਨਾਂ ਚ ਪਿਤਾ ਜੀ ਅਤੇ ਪਟਿਆਲਾ ਘਰਾਣੇ ਦੇ ਹੋਰ ਉਸਤਾਦਾਂ ਦੀ ਸ਼ਾਗਿਰਦੀ ਚ ਸੰਗੀਤਕ ਧੁਨਾਂ ਅਤੇ ਸੁਰਾਂ ਦਾ ਗਿਆਨ ਪ੍ਰਾਪਤ ਕੀਤਾ।ਮਿਹਨਤ,ਲਗਨ, ਸੰਜੀਦਗੀ, ਸਹਿਣਸ਼ੀਲਤਾ ਅਤੇ ਸੰਗੀਤਕ ਖਿੱਚ ਨੇ ਕਿੱਲ ਬੰਦੇ ਨੂੰ ਔਕੜਾਂ ਤੋਂ ਘਬਰਾਉਣ ਨਹੀਂ ਦਿੱਤਾ, ਸਗੋਂ ਹੋਰ ਮਜ਼ਬੂਤ ਅਤੇ ਪ੍ਰਪੱਕ ਹੋਣ ਲਈ ਉਤਸ਼ਾਹਿਤ ਕੀਤਾ।ਉਸ ਦਾ ਸੁਪਨਾ ਗਾਇਕਾਂ ਨਾਲ ਸਟੇਜ ਸ਼ੋਆਂ ਚ ਮਿਲੇ ਪਿਆਰ ਨਾਲ ਸਾਕਾਰ ਹੁੰਦਾ ਜਾਪਿਆ। ਪਾਕਿਸਤਾਨੀ ਗਾਇਕਾ ਰੇਸ਼ਮਾ ਤੋਂ ਇਲਾਵਾ ਬਾਲੀਵੁੱਡ ਅਤੇ ਪੰਜਾਬ ਦੇ ਸਟਾਰ ਗਾਇਕਾਂ ਨਾਲ ਸਟੇਜ ਸ਼ੋ ਕਰਨ ਦਾ ਸੁਭਾਗ ਪ੍ਰਾਪਤ ਸੰਗੀਤਕਾਰ ਕਿੱਲ ਬੰਦਾ ਨੂੰ ਆਰ ਦੀਪ ਦੇ ਹਿੱਟ ਗੀਤ “ਫਲੈਟ” ਨੇ ਨਿਵੇਕਲੀ ਪਛਾਣ ਦਿਵਾਈ। ਮਨਿੰਦਰ ਬਾਠ ਦੇ “ਕੈਮ” ਗੀਤ ਨਾਲ ਉਸ ਦਾ ਨਾਮ ਸੰਗੀਤਕ ਸਫ਼ਾਂ ਦੀ ਮੂਹਰਲੀ ਕਤਾਰ ਚ ਬੋਲਣ ਲੱਗ ਪਿਆ।

ਬੱਸ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ।ਗਾਇਕ ਸਿੰਘਾ ਦੇ ਗੀਤਾਂ ‘ਖਾ ਕੇ ਨਿਰਨੇ ਕਾਲਜੇ ਮਰਜੋ ਜਿੰਨਾ ਨੂੰ ਜੱਟ ਜ਼ਹਿਰ ਲੱਗਦਾ’,’ਅੱਗ ਦਾ ਬਰੋਲਾ’,’ਡਰ ਸਾਡੇ ਤੋਂ’ ਆਦਿ ਤੋਂ ਇਲਾਵਾ ਜੀ ਸੰਧੂ ਦਾ ਵਿਆਹ, ਦੀਪ ਸੋਹੀ ਦਾ ਮੇਰੀ ਜਾਨ, ਸੁਖਵੰਤ ਲਵਲੀ ਦਾ ਮਾਪੇ,ਰੋਮੀ ਮਾਨ ਦਾ ਬਾਰਡਰ ਨੇੜੇ ਪਿੰਡ ਆਦਿ ਸੁਪਰ ਹਿੱਟ ਗੀਤਾਂ ਨੂੰ ਸੰਗੀਤਕ ਧੁਨਾਂ ਚ ਪ੍ਰੋਣ ਦਾ ਸੰਗੀਤਕਾਰ ਕਿੱਲ ਬੰਦਾ ਮਾਣ ਹਾਸਲ ਹੈ।ਜੰਮੂ ਕਸ਼ਮੀਰ ਦੀ ਗਲਵਾਨ ਘਾਟੀ ਚ ਚੀਨ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਦੇ ਅੱਜ ਕਲ ਚਰਚਿਤ ਗੀਤ “ਬੇਬੇ ਤੇਰਾ ਪੁੱਤ” ਨੂੰ ਵੀ ਸੰਗੀਤਕ ਸੰਗੀਤਕਾਰ ਕਿੱਲ ਬੰਦਾ ਨੇ ਦਿੱਤਾ ਹੈ।

ਭਵਿੱਖ ਚ ਗਾਇਕ ਸਿੰਘਾ,ਆਰ ਨੇਤ, ਸਿੱਪੀ ਗਿੱਲ, ਰੋਮੀ ਮਾਨ,ਸਾਰਥੀ ਕੇ ਆਦਿ ਗਾਇਕਾਂ ਦੇ ਗੀਤਾਂ ਚ ਸੰਗੀਤ ਸੰਗੀਤਕਾਰ ਕਿੱਲ ਬੰਦਾ ਦਾ ਸੁਣਨ ਨੂੰ ਮਿਲੇਗਾ। ਉਸ ਦਾ ਕਹਿਣਾ ਹੈ ਕਿ ਸੰਗੀਤ ਸ਼ੋਰ ਮੁਕਤ ਰੂਹਾਨੀਅਤ ਸਕੂਨ ਦੇਣ ਵਾਲਾ ਅਤੇ ਮਨਮੋਹਕ ਹੋਣਾ ਚਾਹੀਦਾ ਹੈ। ਜਦੋਂ ਰੂਹ ਨਾਲ ਸੰਗੀਤ ਵਿਚ ਵੜ ਜਾਈਏ ਤਾਂ ਉਂਗਲਾਂ ਦੇ ਪੋਟਿਆਂ ਚੋਂ ਅਲੌਕਿਕ ਧੁਨਾਂ ਪ੍ਰਗਟ ਹੋ ਜਾਂਦੀਆਂ ਹਨ। ਉਸ ਦਾ ਸੁਪਨਾ ਗੁਰਬਾਣੀ ਸ਼ਬਦਾਂ ਨੂੰ ਸੰਗੀਤਕ ਧੁਨਾਂ ਚ ਪ੍ਰੋਣ ਦਾ ਹੈ।ਦੁਆ ਹੈ ਉਨ੍ਹਾਂ ਦਾ ਇਹ ਸੁਪਨਾ ਵਾਹਿਗੁਰੂ ਜਲਦੀ ਪੂਰਾ ਕਰਨ।

ਸਤਨਾਮ ਸਿੰਘ ਮੱਟੂ
ਬੀਂਬੜ,ਸੰਗਰੂਰ
9779708257