ਦੁਨੀਆ ਭਰ ਦੇ ਲੋਕ ਇਸ ਵੇਲੇ ਕੋਰੋਨਾ ਵਾਇਰਸ ਦੇ ਨਾਲ ਲੜ ਰਹੇ ਹਨ, ਪਰ ਫਿਰ ਵੀ ਕੋਰੋਨਾ ਦਾ ਕਹਿਰ ਘਟਣ ਦਾ ਨਾਮ ਨਹੀਂ ਲੈ ਰਿਹਾ। ਦੁਨੀਆ ਦੇ 192 ਦੇਸ਼ ਜਿੱਥੇ ਕਰੋਨਾ ਦੀ ਗ੍ਰਿਫਤ ਵਿਚ ਹਨ, ਉੱਥੇ ਹੀ ਇਨ੍ਹਾਂ 192 ਦੇਸ਼ਾਂ ਵਿਚ ਲੱਖਾਂ ਹੀ ਮੌਤਾਂ ਹੋ ਚੁੱਕੀਆਂ ਹਨ। ਭਾਰਤ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਵਿਚ ਵੀ ਲਗਾਤਾਰ ਕੇਸ ਵੱਧ ਰਹੇ ਹਨ, ਪਰ ਸਮੇਂ ਦੀ ਹਕੂਮਤ ਕੁੱਝ ਨਹੀਂ ਕਰ ਰਹੀ। ਮਹਿਜ਼ ਡਰਾਮੇਬਾਜੀਆਂ ਤੋਂ ਇਲਾਵਾ ਹੋਰ ਕੋਈ ਵੀ ਕੰਮ ਸਰਕਾਰ ਨੂੰ ਨਹੀਂ ਹੈ। ਦੇਸ਼ ਦੇ ਅੰਦਰ ਕਿਸਾਨ ਤਾਂ ਪਹਿਲੋਂ ਹੀ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਹਨ, ਉੱਥੇ ਹੀ ਦੂਜੇ ਪਾਸੇ ਮੋਦੀ ਸਰਕਾਰ ਅਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਵੀ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ।
ਦੱਸ ਦਈਏ ਕਿ ਭਾਰਤ ਵਿਚ ਤਾਲਾਬੰਦੀ 24 ਮਾਰਚ ਤੋਂ ਸ਼ੁਰੂ ਹੋਈ, ਜੋ ਹੁਣ ਵੀ ਲਾਗੂ ਹੈ, ਪਰ ਇਸ ਵਿਚ ਕਿਸੇ ਵੀ ਕਿਸਾਨ, ਮਜ਼ਦੂਰ, ਕਿਰਤੀਆਂ ਦਾ ਦਰਦ ਸਰਕਾਰ ਨੇ ਨਹੀਂ ਸੁਣਿਆ। ਕਿਸਾਨਾਂ ਦੇ ਵੱਲੋਂ ਪਿਛਲੇ ਅਪ੍ਰੈਲ ਅਤੇ ਮਈ ਮਹੀਨੇ ਦੌਰਾਨ ਕਣਕ ਦੀ ਕਟਾਈ ਕੀਤੀ ਗਈ। ਕਟਾਈ ਦੌਰਾਨ ਜਿੱਥੇ ਕਿਸਾਨਾਂ ਨੂੰ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਮੰਡੀਆਂ ਦੇ ਵਿਚ ਵੀ ਅਫ਼ਸਰ ਅਤੇ ਰਾਜਨੀਤਿਕ ਲੋਕਾਂ ਦੇ ਵੱਲੋਂ ਉਨ੍ਹਾਂ ਨੂੰ ਲੁੱਟਿਆ ਗਿਆ। ਦੱਸ ਇਹ ਵੀ ਦਈਏ ਕਿ ਕੋਰੋਨਾ ਵਰਗੀ ਮਹਾਂਮਾਰੀ ਨਾਲ ਲੜਨ ਵਾਸਤੇ ਬੁਰੀ ਤਰਾਂ ਫੇਲ ਹੋਈ ਕਾਂਗਰਸ ਸਰਕਾਰ ਦਾ ਅਫ਼ਸਰਸ਼ਾਹੀ ਅਤੇ ਵਜ਼ੀਰਾਂ ਦੇ ਵਿਵਾਦ ਨੇ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ।
ਆਉਣ ਵਾਲੇ ਸਮੇਂ ਵਿਚ ਜਿੱਥੇ ਪਰਵਾਸੀ ਮਜ਼ਦੂਰਾਂ ਦੇ ਜਾਣ ਨਾਲ ਉਦਯੋਗਿਕ ਇਕਾਈਆਂ ਦੀ ਹੋਂਦ ਖ਼ਤਰੇ ਵਿੱਚ ਹੈ, ਉੱਥੇ ਕਿਸਾਨਾਂ ਦੀ ਮਦਦ ਕਰਦੇ ਮਜ਼ਦੂਰਾਂ ਦੀ ਘਾਟ ਆਉਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਫ਼ੈਸਲੇ ਤੇ ਬੀਜ ਅਤੇ ਮਸ਼ੀਨਰੀ ਵਿਚ ਹੋ ਰਹੀ ਲੁੱਟ ਖਸੁੱਟ ਨੂੰ ਰੋਕਣ ਲਈ ਵੀ ਸਰਕਾਰ ਅਸਫਲ ਨਜ਼ਰ ਆ ਰਹੀ ਹੈ, ਜਿਸ ‘ਤੇ ਤੁਰਤ ਧਿਆਨ ਦੀ ਲੋੜ ਲੋੜ ਹੈ।ਦੱਸ ਦਈਏ ਕਿ ਜੋ ਕੰਮ ਬਾਦਲ ਆਪਣੇ ਰਾਜ ਵਿਚ ਕਰਦੇ ਰਹੇ, ਉਹੀ ਕੰਮ ਹੁਣ ਕਾਂਗਰਸ ਨੇ ਫੜ ਲਿਆ ਹੈ। ਅਕਾਲੀਆਂ ਦੇ ਰਾਜ ਵਿਚ ਵੀ ਕਿਸਾਨਾਂ ‘ਤੇ ਅੱਤਿਆਚਾਰ ਹੁੰਦਾ ਸੀ, ਉਨ੍ਹਾਂ ਨੂੰ ਬੀਜ ਚੰਗੇ ਨਹੀਂ ਸੀ ਮਿਲਦੇ ਅਤੇ ਨਾ ਹੀ ਮਸ਼ੀਨਰੀ ਸਮੇਂ ਸਿਰ ਸਬਸਿਡੀ ‘ਤੇ ਮਿਲਦੀ ਸੀ, ਜਿਸ ਦੇ ਕਾਰਨ ਸਮੇਂ ਸਮੇਂ ‘ਤੇ ਕਿਸਾਨ ਸੰਘਰਸ਼ ਕਰਦੇ ਆਏ ਹਨ।
ਪਰ ਦੁੱਖ ਇਸ ਗੱਲ ਦਾ ਹੈ, ਜਿਨ੍ਹਾਂ ਅਕਾਲੀਆਂ ਨੇ ਪੰਜਾਬ ਨੂੰ ਲਗਾਤਾਰ 10 ਸਾਲ ਲੁੱਟਿਆ, ਉਹ ਹੀ ਹੁਣ ਕਾਂਗਰਸ ‘ਤੇ ਨਿਸ਼ਾਨੇ ਵਿੰਨ ਰਹੇ ਹਨ। ਇੱਥੋਂ ਤੱਕ ਕਿ ਕਈ ਅਕਾਲੀ ਤਾਂ ਕਾਂਗਰਸ ਦੇ ਨਾਲ ਸੈਟਿੰਗ ਕਰਕੇ, ਕਿਸਾਨਾਂ ਨੂੰ ਬਰਬਾਦ ਕਰਨ ‘ਤੇ ਤੁਲੇ ਹੋਏ ਹਨ। ਇਨ੍ਹਾਂ ਦਿਨਾਂ ਵਿਚ ਜਿੱਥੇ ਪਹਿਲਾਂ ਕਿਸਾਨ ਝੋਨੇ ਦੀ ਪਨੀਰੀ ਬੀਜਦਾ ਸੀ, ਉੱਥੇ ਹੁਣ ਪੰਜਾਬ ਵਿਚ ਲਾਕਡਾਊਨ ਕਾਰਨ ਮਜ਼ਦੂਰਾਂ ਦੀ ਘਾਟ ਕਾਰਨ ਤਕਰੀਬਨ 40 ਫ਼ੀਸਦੀ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇ ਰਿਹਾ ਹੈ, ਜਿਸ ਨਾਲ ਜਿੱਥੇ ਝੋਨੇ ਦੇ ਬੀਜ ਦੀ ਜ਼ਰੂਰਤ ਜ਼ਿਆਦਾ ਵੱਧ ਗਈ ਹੈ, ਉੱਥੇ ਡੀ ਐਸ ਆਰ (ਡਾਇਰੈਕਟਰ ਸੀਡਜ਼ ਰਾਈਸ) ਮਸ਼ੀਨਾਂ ਦੀ ਮੰਗ ਵੀ ਵਧੀ ਹੈ।
ਇਸੇ ਦੇ ਚੱਲਦਿਆਂ ਹੋਇਆ ਹੁਣ ਕਾਲਾ ਬਾਜ਼ਾਰੀ ਕਰਨ ਵਾਲੇ ਦੁਕਾਨਦਾਰ ਕਿਸਾਨਾਂ ਤੋਂ ਦੁੱਗਣੀ ਤਿਗੁਣਾ ਰਕਮ ਵਸੂਲ ਰਹੇ ਹਨ, ਜਿਸ ਦਾ ਰੌਲਾ ਪੂਰੇ ਪੰਜਾਬ ਵਿਚ ਪੈ ਰਿਹਾ ਹੈ। ਜਦੋਂਕਿ ਹਰ ਸਾਲ 50 ਤੋਂ 55 ਰੁਪਏ ਵਿਕਣ ਵਾਲਾ ਬੀਜ ਬਲੈਕ ਵਿਚ 90 ਤੋਂ 100 ਤੱਕ ਵੇਚਿਆ ਜਾ ਰਿਹਾ ਹੈ। ਉਸੇ ਤਰਾਂ ਡੀ ਐਸ ਆਰ ਮਸ਼ੀਨਾਂ ਜੋ ਕਿ 45000 ਰੁਪਏ ਵਿਚ ਮਿਲ ਜਾਂਦੀ ਸੀ, ਉਸ ਨੂੰ 75 ਤੋਂ 80 ਹਜ਼ਾਰ ਤੱਕ ਵੇਚਿਆ ਜਾ ਰਿਹਾ ਹੈ। ਜਿਸ ‘ਤੇ ਖੇਤੀਬਾੜੀ ਵਿਭਾਗ ਸਭ ਜਾਣਦਾ ਹੋਇਆ ਵੀ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਸਰਕਾਰ ਨੂੰ ਤੁਰੰਤ ਭਾਅ ਨਿਸ਼ਚਿਤ ਕਰਨੇ ਚਾਹੀਦੇ ਹਨ, ਤਾਂ ਜੋ ਕਿਸਾਨਾਂ ਦੀ ਲੁੱਟ ਤੋਂ ਬਚਾਇਆ ਜਾ ਸਕੇ।
ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਫ਼ੈਸਲੇ ‘ਤੇ ਵੈਸੇ ਤਾਂ ਬੇਹੱਦ ਖ਼ੁਸ਼ੀ ਹੈ। ਇਸ ਦੇ ਨਾਲ ਜਿੱਥੇ ਬਹੁਤ ਘੱਟ ਖ਼ਰਚ ਆਵੇਗਾ, ਉੱਥੇ ਕੁਦਰਤ ਵੱਲੋਂ ਬਖ਼ਸ਼ੀ ਪਾਣੀ ਦੀ ਦਾਤ ਦਾ ਵੀ ਬਹੁਤ ਬਚਾ ਹੋਵੇਗਾ। ਪੰਜਾਬ ਦੇ ਬਹੁਤੇ ਇਲਾਕਿਆਂ ਵਿਚ ਝੋਨੇ ਦੀ ਲੁਆਈ ਵੇਲੇ ਪੂਸਾ 44 ਝੋਨੇ ਦੀ ਕਿਸਮ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ, ਜਿਸ ਦਾ ਝਾੜ ਚੰਗਾ ਹੁੰਦਾ ਹੈ, ਪਰ ਸਰਕਾਰ ਵੱਲੋਂ ਉਸ ਦੀ ਖ਼ਰੀਦ ਬੰਦ ਕਰਨ ਦੇ ਬਿਆਨ ਨੇ ਠਾਹ ਸੋਟਾ ਮਾਰਦਿਆਂ ਕਿਸਾਨਾਂ ਨੂੰ ਮਹਿੰਗੇ ਭਾਅ ਦੇ ਹੋਰ ਕਿਸਮਾਂ ਦੇ ਬੀਜ ਖ਼ਰੀਦਣ ਲਈ ਮਜਬੂਰ ਕੀਤਾ ਹੈ।
ਜਦੋਂਕਿ ਅਸਲੀਅਤ ਇਹ ਹੈ ਕਿ ਝੋਨੇ ਦਾ ਬੀਜ ਖ਼ੁਦ ਕਿਸਾਨਾਂ ਨੇ ਤਿਆਰ ਕਰਕੇ ਘਰਾਂ ਵਿਚ ਰੱਖਿਆ ਹੋਇਆ ਸੀ, ਪਰ ਸਰਕਾਰ ਦੀ ਪਹਿਲਾਂ ਤੋਂ ਕੋਈ ਵੀ ਸਪਸ਼ਟ ਨੀਤੀ ਨਾ ਹੋਣ ਕਰਕੇ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ। ਦੱਸ ਦਈਏ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ, ਉਸ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।
ਗੁਰਪ੍ਰੀਤ
ਮੁੱਖ ਸੰਪਾਦਕ
ਪੰਜਾਬ ਨੈੱਟਵਰਕ