ਭਾਰਤੀ ਹਾਕਮਾਂ ਦੇ ਮੁਤਾਬਿਕ 1947 ਨੂੰ ਜਦੋਂ ਹਿੰਦੁਸਤਾਨ ਦੇਸ਼ ਆਜ਼ਾਦ ਹੋਇਆ, ਉਦੋਂ ਭਾਰਤ ਦੇ ਦੋ ਟੁਕੜੇ ਹੋ ਗਏ। ਬਟਵਾਰਾ ਵੀ ਐਸਾ ਹੋਇਆ ਕਿ ਦੱਸਣ ਲੱਗਿਆ ਵੀ ਜ਼ੁਬਾਨ ਕੰਬਦੀ ਏ ਅਤੇ ਬੋਲਣ ਲੱਗਿਆ ਮੂੰਹ ਕੰਬਦਾ ਏ। ਸਕੇ ਭਰਾਵਾਂ ਵਾਂਗੂ ਰਹਿੰਦੇ ਸਭ ਧਰਮਾਂ ਦੇ ਲੋਕ ਰਾਤੋਂ ਰਾਤ ਇੱਕ ਦੂਜੇ ਦੇ ਵੈਰੀ ਬਣ ਬੈਠੇ। ਉਸ ਵਕਤ ਦੇ ਹਾਕਮਾਂ ਨੇ ਹੌਕਾ ਦਿੱਤਾ ਸੀ ਕਿ ਪਾਕਿਸਤਾਨ ਸਿਰਫ਼ ਤੇ ਸਿਰਫ਼ ਮੁਸਲਮਾਨਾਂ ਦਾ ਹੀ ਦੇਸ਼ ਹੈ, ਜਦੋਂਕਿ ਭਾਰਤ ਹਿੰਦੂਆਂ, ਸਿੱਖਾਂ, ਈਸਾਈਆਂ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਦਾ ਦੇਸ਼ ਹੈ। ਬਟਵਾਰੇ ਵੇਲੇ, ਦੋਵਾਂ ਹੀ ਮੁਲਕਾਂ ਦੇ ਲੋਕਾਂ ਦਾ ਚੋਖਾ ਨੁਕਸਾਨ ਹੋਇਆ, ਪਰ ਕਿਸੇ ਵੀ ਸਿਆਸਤਦਾਨ ਨੂੰ ਆਂਚ ਤੱਕ ਨਹੀਂ ਆਈ। ਵੈਸੇ ਤਾਂ, ਜਿਸ ਜੰਗ ਦੇ ਵਿਚ ਸਿਆਸਤਦਾਨ ਨੂੰ ਝਰੀਟ ਤੱਕ ਨਾ ਆਉਂਦੀ ਹੋਵੇ, ਉਹ ਜੰਗ ਨਹੀਂ, ਬਲਕਿ ਲੋਕਾਂ ‘ਤੇ ਢਾਹਿਆ ਗਿਆ ਕਹਿਰ ਹੁੰਦਾ ਹੈ। ਅਜਿਹਾ ਹੀ 1947 ਦੇ ਵੇਲੇ ਹੋਇਆ, ਕਿਸੇ ਸਿਆਸਤਦਾਨ ਨੂੰ ਭੋਰਾ ਸੱਟ ਨਹੀਂ ਵੱਜੀ।
ਜਦੋਂਕਿ ਇਤਿਹਾਸ ਗਵਾਹ ਹੈ ਕਿ ਉਸ ਵੇਲੇ ਸਭਨਾਂ ਧਰਮਾਂ ਦੇ ਲੱਖਾਂ ਲੋਕ ਮਾਰੇ ਗਏ। 1947 ਦੌਰਾਨ ਵੱਖ ਹੋਏ ਦੋ ਭਰਾ ਹੁਣ ਤੱਕ ਵੀ ਆਪਸੀ ਗਲੇ ਨਹੀਂ ਮਿਲ ਸਕੇ। ਭਾਵੇਂ ਕਿ ਸਮੇਂ ਸਮੇਂ ‘ਤੇ ਸਿਆਸਤਦਾਨ ਕਹਿੰਦੇ ਰਹਿੰਦੇ ਹਨ ਕਿ ਉਹ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਹਨ ਕਿ ਪਾਕਿਸਤਾਨ ਨੂੰ ਫਿਰ ਤੋਂ ਭਾਰਤ ਦੇ ਨਾਲ ਮਿਲਾਇਆ ਜਾਵੇ, ਪਰ ਇਹ ਸਿਆਸਤਦਾਨ ਕੋਰਾ ਝੂਠ ਬੋਲਦੇ ਹਨ। ਕਿਉਂਕਿ ਇਹ ਸਿਰਫ਼ ਲੋਕਾਂ ਨੂੰ ਲੜਾਉਣਾ ਜਾਣਦੇ ਹਨ, ਕਦੇ ਵੀ ਮਿਲਾਉਣਾ ਨਹੀਂ ਜਾਣਦੇ। ਜੇਕਰ ਲੋਕ ਮਿਲ ਜਾਣਗੇ ਤਾਂ ਤਖ਼ਤੇ ਹਿਲਾ ਦੇਣਗੇ, ਇਸ ਲਈ ਹਾਕਮ ਧਿਰ ਕਦੇ ਵੀ ਨਹੀਂ ਚਾਹੁੰਦੀ ਹੁੰਦੀ ਕਿ ਸਭਨਾਂ ਧਰਮਾਂ ਜਾਤਾਂ ਦੇ ਲੋਕ ਮਿਲ ਜੁਲ ਕੇ ਰਹਿਣ। 1947 ਵੇਲੇ ਸਾਡਾ ਵੀ ਚੋਖਾ ਉਜਾੜਾ ਹੋਇਆ ਸੀ। ਲਾਹੌਰ ਤੋਂ ਜਦੋਂ 47 ਦੇ ਬਟਵਾਰੇ ਵੇਲੇ ਸਾਡੇ ਦਾਦੇ, ਪੜਦਾਦੇ ਹੋਰੀਂ ਨਿਕਲੇ ਸਨ ਤਾਂ ਉਨ੍ਹਾਂ ‘ਤੇ ਕਾਫ਼ੀ ਜ਼ਿਆਦਾ ਅੱਤਿਆਚਾਰ ਹੋਏ ਸਨ, ਇੱਥੋਂ ਤੱਕ ਕਿ ਔਰਤਾਂ, ਬੱਚੀਆਂ ਨੂੰ ਵੀ ਨੋਚ ਕੇ ਖਾਣ ਦੀ ਕੋਸ਼ਿਸ਼, ਕੁੱਝ ਕੱਟੜਪੰਥੀਆਂ ਨੇ ਕੀਤੀ ਸੀ।
ਖ਼ੈਰ, ਹੁਣ 1947 ਨੂੰ ਯਾਦ ਕਰੀਏ ਤਾਂ, ਅੱਖਾਂ ਵਿਚੋਂ ਹੰਝੂ ਬਦੋ-ਬਦੀ ਵਹਿ ਪੈਂਦੇ ਹਨ, ਕਿਉਂਕਿ ਜਿਨ੍ਹਾਂ ਦੇ ਬਾਪ ਦਾਦੇ, ਪੜਦਾਦੇ ਆਪਣੇ ਜੱਦੀ ਘਰ ਲਾਹੌਰ ਤੋਂ ਛੱਡ ਕੇ ਕਿਸੇ ਹੋਰ ਅਣਦੱਸੇ ਟਿਕਾਣੇ ‘ਤੇ ਪਹੁੰਚੇ ਹੋਣ, ਉਨ੍ਹਾਂ ਨੂੰ ਦੁੱਖ ਤਾਂ ਹੁੰਦਾ ਹੀ ਹੈ। ਹਰ ਕੋਈ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਉਂਦਾ ਹੁੰਦਾ ਹੈ, ਪਰ ਅਸੀਂ ਇਸ ਨੂੰ ਦੁਖਦਾਈ ਦਿਹਾੜਾ ਆਖਦੇ ਹਾਂ। ਮੈਂ ਕਹਿੰਦਾ ਹੁੰਦਾ 15 ਅਗਸਤ 1947 ਨੂੰ ਸਾਡਾ ਤਾਂ ਉਜਾੜਾ ਹੋਇਆ ਸੀ, ਉਸ ਵੇਲੇ ਦੇ ਹਾਕਮਾਂ ਨੇ ਸਾਨੂੰ ਲੱਖਾਂ ਤੋਂ ਕੱਖਾਂ ਦੇ ਕਰ ਦਿੱਤਾ ਸੀ, ਕਿੰਜ ਕਹੀਏ ਕਿ ਅਸੀਂ ਆਜ਼ਾਦ ਹਾਂ? ਅਸੀਂ ਆਜ਼ਾਦ ਤਾਂ ਉਦੋਂ ਸੀ, ਜਦੋਂ ਅਸੀਂ ਇਕੱਠੇ ਮਿਲ ਜੁਲ ਕੇ ਬਹਿੰਦੇ ਸੀ। ਨਾ ਕੋਈ ਲੜਾਈ, ਨਾ ਕੋਈ ਝਗੜਾ, ਪਤਾ ਵੀ ਨਹੀਂ ਸੀ ਕਿ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਵਿਚ ਫ਼ਰਕ ਕੀ ਹੈ? ਵਿਆਹ, ਸ਼ਾਦੀਆਂ ਅਤੇ ਹੋਰ ਸਮਾਗਮਾਂ ਵਿਚ ਇਕੱਠੇ ਰਹਿ ਬਹਿ ਕੇ ਹੱਥ ਵਟਾਉਣ ਵਾਲਿਆਂ ਨੂੰ ਹਾਕਮਾਂ ਨੇ ਇੱਕ ਦੂਜੇ ਦੇ ਵੈਰੀ ਬਣਾ ਦਿੱਤਾ।
ਪਰ ਹੁਣ ਵੀ ਵੇਲਾ ਹੈ, ਅਸੀਂ ਸਭ ਇਕੱਠੇ ਹੋ ਸਕਦੇ ਹਾਂ, ਸਮੇਂ ਦੇ ਹਾਕਮਾਂ ਦੇ ਵਿਰੁੱਧ ਆਜ਼ਾਦ ਬੁਲੰਦ ਕਰਕੇ। ਰੋਜ਼ਾਨਾ ਹੀ ਇਹੋ ਜਿਹੀਆਂ ਖ਼ਬਰਾਂ ਸੁਣ ਕੇ ਮਨ ਬਹੁਤ ਉਦਾਸ ਹੁੰਦਾ ਹੈ ਕਿ ਸਰਹੱਦ ਉੱਤੇ ਫ਼ੌਜ ਦਾ ਜਵਾਨ ਸ਼ਹੀਦ ਹੋ ਗਿਆ। ਇਹ ਕੋਈ ਭਾਰਤ ਦੀ ਗੱਲ ਨਹੀਂ ਕਰਦਾ ਮੈਂ… ਮੈਂ ਤਾਂ ਦੋਵਾਂ ਮੁਲਕਾਂ ਭਾਰਤ ਅਤੇ ਪਾਕਿਸਤਾਨ ਦੀ ਗੱਲ ਕਰਦਾ। ਫ਼ੌਜ ਦਾ ਜਵਾਨ ਚਾਹੇ ਏਧਰ ਭਾਰਤ ਦਾ ਸ਼ਹੀਦ ਹੋਵੇ ਜਾਂ ਫਿਰ ਪਾਕਿਸਤਾਨੀ ਫ਼ੌਜ ਦਾ ਜਵਾਨ ਸ਼ਹੀਦ ਹੋਵੇ, ਮਰਦਾ ਤਾਂ ਕਿਸੇ ਮਾਂ ਦਾ ਪੁੱਤ, ਕਿਸੇ ਭੈਣ ਦਾ ਭਰਾ, ਕਿਸੇ ਦਾ ਬਾਪ ਅਤੇ ਕਿਸੇ ਦਾ ਸੁਹਾਗ। ਡੁੱਲ੍ਹਦਾ ਤਾਂ ਖ਼ੂਨ ਹੀ ਹੈ, ਚਾਹੇ ਉਹ ਏਧਰ ਵਾਲਿਆਂ ਦਾ ਹੋਵੇ, ਜਾਂ ਫਿਰ ਓਧਰ ਵਾਲਿਆਂ ਦਾ… ਕੀ ਫ਼ਰਕ ਪੈਂਦਾ ਹੈ ਹਾਕਮਾਂ ਨੂੰ? ਉਹ ਤਾਂ ਚਾਹੁੰਦੇ ਹਾਂ ਕਿ ਅਸੀਂ ਲੜਦੇ ਰਹੀਏ, ਮਰਦੇ ਰਹੀਏ, ਬਰਬਾਦ ਹੁੰਦੇ ਰਹੀਏ ਅਤੇ ਹਾਕਮ ਤਮਾਸ਼ਾ ਵੇਖਦੇ ਰਹਿਣ।
ਜੇਕਰ ਦੋਵਾਂ ਮੁਲਕਾਂ ਦਾ ਖ਼ੂਨ ਡੁੱਲ੍ਹਣ ਤੋਂ ਰੋਕਣਾ ਹੈ ਤਾਂ ਸਾਨੂੰ ਅੱਗੇ ਆਉਣਾ ਹੀ ਪੈਣਾ ਹੈ। ਅਸੀਂ ਕਿਸੇ ਵੀ ਜੰਗ ਦੀ ਹਮਾਇਤ ਨਹੀਂ ਕਰਦੇ ਅਤੇ ਨਾ ਹੀ ਕਰਾਂਗੇ, ਕਿਉਂਕਿ ਜਿਨ੍ਹਾਂ ਦੇ ਬਾਪ, ਦਾਦਿਆਂ ਅਤੇ ਪੜਦਾਦਿਆਂ ਨੇ ਜੰਗਾਂ ਵੇਖੀਆਂ ਹੋਣ, ਉਹ ਕਦੇ ਵੀ ਜੰਗ ਦੀ ਗੱਲ ਨਹੀਂ ਕਰਦੇ। ਕੁੱਝ ਕੁ ਕੱਟੜਪੰਥੀ ਭਾਰਤ ਵਿਚ ਬੈਠੇ ਹਨ ਅਤੇ ਪਾਕਿਸਤਾਨ ਦੇ ਵਿਚ ਵੀ ਹਨ, ਜਿਨ੍ਹਾਂ ਨੂੰ ਹਰ ਵੇਲੇ ਜੰਗ ਲਗਾਉਣ ਦੀ ਅੱਗ ਲੱਗੀ ਰਹਿੰਦੀ ਹੈ। ਮੈਨੂੰ ਤਾਂ ਕਦੇ ਕਦੇ ਇੰਜ ਲੱਗਦਾ ਹੁੰਦਾ ਹੈ ਕਿ ਜਿਹੜੇ ਜੰਗ ਲਗਾਉਣ ਦੀਆਂ ਗੱਲਾਂ ਕਰਦੇ ਹਨ, ਇਨ੍ਹਾਂ ਦਾ ਲੱਗਦਾ 1947 ਵੇਲੇ ਉਜਾੜਾ ਨਹੀਂ ਹੋਇਆ ਹੋਣਾ, ਇਨ੍ਹਾਂ ਨੇ ਲੁੱਟਾਂ ਖੋਹਾਂ ਕੀਤੀਆਂ ਹੋਣੀਆਂ ਨੇ। ਧੀਆਂ, ਭੈਣਾਂ ਦੀਆਂ ਔਰਤਾਂ ਦੀ ਇੱਜ਼ਤ ਨਾਲ ਵੀ ਖਿਲਵਾੜ ਕੀਤਾ ਹੋਣਾ ਹੈ, ਤਾਂ ਹੀ ਇਹ ਕੱਟੜਪੰਥੀ ਜੰਗ ਦੀ ਮੰਗ ਕਰਦੇ ਹਨ। ਜੰਮੂ ਕਸ਼ਮੀਰ ਵਿਚ ਵੀ ਸਾਡੇ ਕਸ਼ਮੀਰੀਆਂ ‘ਤੇ ਹਾਕਮਾਂ ਦੇ ਫ਼ੀਲੇ ਅਤੇ ਛੱਡੀ ਹੋਈ ਕਤੀੜ ਗੰਦ ਪਾ ਰਹੀ ਹੈ ਅਤੇ ਕਸ਼ਮੀਰੀ ਕੁੜੀਆਂ/ਔਰਤਾਂ ਦੇ ਨਾਲ ਬਲਾਤਕਾਰ ਕਰ ਰਹੀ ਹੈ।
ਪਰ ਇਸ ਦੇ ਵੱਲ ਕਦੇ ਵੀ ਹਾਕਮਾਂ ਦਾ ਧਿਆਨ ਨਹੀਂ ਜਾਂਦਾ। ਹਾਕਮ ਜਮਾਤ ਹਮੇਸ਼ਾ ਹੀ ਕਸ਼ਮੀਰੀਆਂ ਨੂੰ ਅੱਤਵਾਦੀ ਕਹਿੰਦੀ ਆਈ ਹੈ, ਪਰ ਕਦੇ ਵੀ ਕਸ਼ਮੀਰੀਆਂ ਦੀਆਂ ਅਸਲ ਸਮੱਸਿਆਵਾਂ ਦੇ ਵੱਲ ਹਾਕਮਾਂ ਨੇ ਧਿਆਨ ਨਹੀਂ ਦਿੱਤਾ। ਦੱਸ ਦਿਆਂ ਕਿ ਅੱਜ ਮੁਸਲਮਾਨ ਭਰਾਵਾਂ ਦਾ ਵਿਸ਼ੇਸ਼ ਤਿਉਹਾਰ ”ਈਦ-ਉਲ ਫ਼ਿਤਰ” ਮਨਾਇਆ ਜਾ ਰਿਹਾ ਹੈ। ਇੱਕ ਪਾਸੇ ਤਾਂ ਮੁਸਲਮਾਨ ਭਰਾ ਅੱਜ ਆਪਣੇ ਧਰਮ ਦੇ ਲੋਕਾਂ ਨਾਲ ਈਦ ਮਨਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇੱਕ ਅਜਿਹੀ ਖ਼ਬਰ ਵੀ ਸਾਹਮਣੇ ਆ ਰਹੀ ਹੈ, ਜਿਸ ਨੇ ਸਾਨੂੰ ਸਭਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਸਾਨੂੰ ਸਮਝਾ ਦਿੱਤਾ ਹੈ ਕਿ ਅਸੀਂ ਸਭ ਧਰਮਾਂ ਦੇ ਲੋਕ ਇੱਕੋ ਹੀ ਹਾਂ। ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਿਆਂ ਹੋਇਆ ਸਿੱਖ ਵੀਰਾਂ ਦੇ ਵੱਲੋਂ ਮੁਸਲਮਾਨ ਭਰਾਵਾਂ ਦੇ ਲਈ ਵਿਸ਼ੇਸ਼ ਪ੍ਰਬੰਧ ਗੁਰੂ ਘਰਾਂ ਦੇ ਵਿਚ ਕੀਤਾ ਗਿਆ। ਪੰਜਾਬ ਦੇ ਸੰਦੌੜ ਇਲਾਕੇ ਦੇ ਨੇੜਲੇ ਪਿੰਡ ਕੁਠਾਲਾ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪਿੰਡ ਕੁਠਾਲਾ ਵਿਖੇ ਰਹਿੰਦੇ ਮੁਸਲਮਾਨ ਵੀਰਾਂ ਦੇ ਗੁਰੂ ਘਰ ਵਿਖੇ ਸਿੱਖ ਵੀਰਾਂ ਵੱਲੋਂ ਰੋਜ਼ੇ ਖੁਲ੍ਹਵਾਏ ਗਏ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਤੇ ਖ਼ਜ਼ਾਨਚੀ ਗੋਬਿੰਦ ਸਿੰਘ ਫ਼ੌਜੀ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਿਆਂ ਮੁਸਲਮਾਨ ਵੀਰਾਂ ਦੇ ਗੁਰੂ ਘਰ ਵਿੱਚ ਰੋਜ਼ੇ ਖੁਲ੍ਹਵਾਏ ਗਏ ਅਤੇ ਗੁਰੂ ਘਰ ਵਿੱਚ ਹੀ ਮੁਸਲਮਾਨ ਵੀਰਾਂ ਵੱਲੋਂ ਨਵਾਜ਼ ਅਦਾ ਕੀਤੀ ਗਈ। ਦੱਸਣਾ ਬਣਦਾ ਹੈ ਕਿ ਮੁਸਲਮਾਨ ਵੀਰ ਅੱਜ ”ਈਦ-ਉਲ ਫ਼ਿਤਰ” ਦਾ ਤਿਉਹਾਰ ਮਨਾ ਰਹੇ ਹਨ। ਜਿਸ ਤਰਾਂ ਸੰਦੌੜ ਵਿਖੇ ਸਿੱਖ ਵੀਰਾਂ ਨੇ ਮੁਸਲਮਾਨ ਵੀਰਾਂ ਦੇ ਲਈ ਗੁਰੂ ਘਰਾਂ ਦੇ ਦਰਵਾਜ਼ੇ ਖੋਲ੍ਹੇਂ ਅਤੇ ਉੱਥੇ ਗੁਰੂ ਘਰ ਦੇ ਵਿਚ ਹੀ ਮੁਸਲਮਾਨ ਵੀਰਾਂ ਨੇ ਰੋਜ਼ੇ ਖੋਲ੍ਹੇਂ ਅਤੇ ਨਵਾਜ਼ ਅਦਾ ਕੀਤੀ, ਇਸੇ ਤਰਾਂ ਪੂਰੇ ਭਾਰਤ ਦੇ ਅੰਦਰ ਹੀ ਸਭਨਾਂ ਧਰਮਾਂ ਦੇ ਲੋਕਾਂ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ। ਕੱਟੜਪੰਥੀ ਜੋ ਕਿ ਹੁਣ ਤੱਕ ਵਿਚ ਬਿਰਾਜਮਾਨ ਹਨ, ਉਨ੍ਹਾਂ ਦੇ ਵਿਰੁੱਧ ਵੀ ਸਾਨੂੰ ਇਕਜੁੱਟ ਹੋਣਾ ਚਾਹੀਦਾ ਹੈ। ਜੇਕਰ ਸਭ ਹਿੰਦੂ, ਮੁਸਲਿਮ, ਸਿੱਖ ਇਸਾਈ ਇਕੱਠੇ ਹੋ ਜਾਣ ਤਾਂ ਸਰਹੱਦਾਂ ‘ਤੇ ਕਦੇ ਵੀ ਕਿਸੇ ਵੀ, ਫ਼ੌਜੀ ਜਵਾਨ ਦਾ ਖ਼ੂਨ ਨਹੀਂ ਡੁੱਲ੍ਹ ਸਕਦਾ।
ਗੁਰਪ੍ਰੀਤ
ਮੁੱਖ ਸੰਪਾਦਕ
ਪੰਜਾਬ ਨੈੱਟਵਰਕ
ਜਿਨਾਂ ਚਿਰ ਉਪਦੇਸ਼ ਦੀਆਂ ਕਿਤਾਬਾਂ ਅਤੇ ਦਫਤਰ ਬੰਦ ਨਹੀ ਹੁੰਦੇ, ਉਨਾਂ ਚਿਰ ਦੂਸਰੇ ਨੂੰ ਨੀਵਾਂ ਵਿਖਾਉਣ ਦੇ ਚੱਕਰ ਵਿੱਚ ਇਕ ਹੋ ਹੀ ਨਹੀ ਸਕਦੇ ।ਉਦਾਹਰਣ 47 84 ਵਿੱਚ ਦੇ ਚੁੱਕੇ ਨੇ ਵੀਰ ਜੀ ।