ਸੰਪਾਦਕੀ/… ਤੇ ਉਹਦੀ ਮਾਂ ਮਰ ਗਈ/- ਗੁਰਪ੍ਰੀਤ

277

ਕੇਂਦਰ ਸਰਕਾਰ ਦੇ ਵਲੋਂ ਭਾਰਤ ਭਰ ਵਿਚ ਕੀਤੀ ਗਈ ਤਾਲਾਬੰਦੀ ਨੇ ਸਭ ਕੁਝ ਉਜਾੜ ਕੇ ਰੱਖ ਦਿੱਤਾ ਹੈ। ਕਰੋਨਾ ਵਾਇਰਸ ਜਿਥੇ ਅਮੀਰ ਲੋਕਾਂ ਦੇ ਲਈ ਅਰਾਮ ਦੇ ਦਿਨ ਲੈ ਕੇ ਆਇਆ ਹੈ, ਉਥੇ ਹੀ ਗਰੀਬਾਂ ਦੇ ਲਈ ਇਹ ਮੌਤ ਦੇ ਦਿਨ ਲੈ ਕੇ ਆਇਆ ਹੈ। ਪ੍ਰਵਾਸੀ ਮਜ਼ਦੂਰ ਕਰੋਨਾ ਦੇ ਨਾਲ ਘੱਟ ਅਤੇ ਭੁਖ ਦੇ ਨਾਲ ਜ਼ਿਆਦਾ ਮਰ ਰਹੇ ਹਨ। ਬੇਸ਼ੱਕ ਮੋਦੀ ਸਰਕਾਰ ਦੇ ਵਲੋਂ ਮਜ਼ਦੂਰਾਂ ਦੀ ਸਹਾਇਤਾ ਕਰਨ ਦੇ ਲਈ ਵੱਖ ਵੱਖ ਪ੍ਰਕਾਰ ਦੇ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ, ਪਰ ਇਹ ਮਹਿਜ਼ ਡਰਾਮੇਬਾਜੀ ਤੋਂ ਇਲਾਵਾ ਕੁਝ ਵੀ ਨਹੀਂ ਹਨ।

ਦੱਸ ਦਈਏ ਕਿ ਭੁੱਖੇ ਭਾਣੇ ਲੋਕ ਸੜਕਾਂ ‘ਤੇ ਪੈਦਲ ਆਪਣੇ ਘਰ ਨੂੰ ਜਾ ਰਹੇ ਹਨ, ਪਰ ਸਰਕਾਰ ਦੇ ਵਲੋਂ ਉਨ੍ਹਾਂ ਦੇ ਆਉਣ ਜਾਣ ਲਈ ਕੋਈ ਵੀ ਵਿਵਸਥਾ ਨਹੀਂ ਕੀਤੀ ਗਈ। ਸੜਕ ਹਾਦਸਿਆਂ ਵਿਚ ਕਈ ਮਜ਼ਦੂਰ ਮਰ ਰਹੇ ਹਨ, ਕਈਆਂ ਨੂੰ ਪੁਲਿਸ ਕੁਟ ਕੁਟ ਕੇ ਮਾਰ ਰਹੀ ਹੈ ਅਤੇ ਕਈ ਵਿਚਾਰੇ ਭੁੱਖ ਪਿਆਸ ਦੇ ਨਾਲ ਮਰ ਰਹੇ ਹਨ। ਸਰਕਾਰ ਦੇ ਵਲੋਂ ਭਾਵੇਂ ਹੀ ਇਹ ਬਿਆਨ ਪਿਛਲੇ ਦਿਨੀਂ ਦਿੱਤਾ ਗਿਆ ਸੀ ਕਿ 20 ਲੱਖ ਕਰੋੜ ਰੁਪਇਆ ਕਰੋਨਾ ਵਾਇਰਸ ਦੇ ਨਾਲ ਲੜਣ ਦੇ ਲਈ ਖ਼ਰਚ ਕੀਤਾ ਜਾਵੇਗਾ, ਪਰ ਜੇਕਰ ਜ਼ਮੀਨੀ ਹਕੀਕਤ ਵੇਖੀਏ ਤਾਂ ਕੁਝ ਹੋਰ ਹੀ ਹੈ।

ਲੰਘੇ ਦਿਨ ਦੀ ਜੇਕਰ ਗੱਲ ਕਰੀਏ ਤਾਂ ਮੁਜੱਫਰਪੁਰ ਰੇਲਵੇ ਸਟੇਸ਼ਨ ‘ਤੇ ਇਕ ਔਰਤ ਇਸ ਲਈ ਦਮ ਤੋੜ ਗਈ, ਕਿਉਂਕਿ ਉਸ ਨੇ ਕਈ ਦਿਨਾਂ ਤੋਂ ਕੁਝ ਖ਼ਾਦਾ ਪੀਤਾ ਨਹੀਂ ਸੀ। ਤਾਲਾਬੰਦੀ ਦੇ ਕਾਰਨ ਉਸ ਦੇ ਕੋਲ ਕੁਝ ਵੀ ਨਹੀਂ ਸੀ ਅਤੇ ਭਿਆਨਕ ਗਰਮੀ ਨੇ ਵੀ ਉਸ ਦਾ ਬੁਰਾ ਹਾਲ ਕੀਤਾ ਸੀ। ਭਿਆਨਕ ਗਰਮੀ ਅਤੇ ਭੁੱਖ ਤੋਂ ਬੇਹਾਲ ਹੋ ਕੇ ਬਿਹਾਰ ਦੇ ਮੁਜੱਫਰਪੁਰ ਰੇਲਵੇ ਸਟੇਸ਼ਨ ‘ਤੇ ਔਰਤ ਨੇ ਦਮ ਤੋੜ ਦਿੱਤਾ। ਦੱਸਣਾ ਬਣਦਾ ਹੈ ਕਿ ਇਕ ਵੀਡੀਓ ਵਾਇਰਸ ਬੀਤੇ ਦਿਨ ਇਸੇ ਹੀ ਘਟਨਾ ਦੀ ਵਾਇਰਲ ਹੋਈ।

ਮ੍ਰਿਤਕ ਔਰਤ ਦਾ ਮਾਸੂਮ ਬੱਚਾ ਆਪਣੀ ਮਰੀ ਮਾਂ ‘ਤੇ ਦਿੱਤੀ ਚਾਦਰ ਨੂੰ ਹਟਾ ਕੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਘਟਨਾ ਦੀ ਰੂਹ ਨੂੰ ਕੰਬਾਉਣ ਵਾਲੀ ਵੀਡੀਓ ਜਦੋਂ ਸਾਹਮਣੇ ਆਈ ਤਾਂ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਰ ਦੁਖ ਦੀ ਗੱਲ ਇਹ ਕਿ ਕਿਸੇ ਵੀ ਲੀਡਰ ਨੇ ਇਸ ਘਟਨਾ ‘ਤੇ ਦੁਖ ਜਾਹਰ ਨਹੀਂ ਕੀਤਾ। ਕੋਰੋਨਾਵਾਇਰਸ ਦੇ ਚਲਦਿਆਂ ਤਾਲਾਬੰਦੀ ਨੇ ਸਭ ਤੋਂ ਜਿਆਦਾ ਦੁਖ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਸਮੇਂ ਸਮੇਂ ‘ਤੇ ਆਸਾਮਾਨ ਨੂੰ ਛੂਹਣ ਵਾਲੇ ਦਾਅਵੇ ਅਤੇ ਵਾਅਦੇ ਤਾਂ ਕਰਦੇ ਰਹਿੰਦੇ ਹਨ, ਪਰ ਇਹ ਸਿਰਫ ਤੇ ਸਿਰਫ ਡਰਾਮੇਬਾਜੀ ਵਾਲੇ ਹੀ ਹਨ। ਹਿੰਦੂ-ਮੁਸਲਿਮ ਦੇ ਨਾਂਅ ‘ਤੇ ਮੋਦੀ ਹਕੂਮਤ ਨੂੰ ਲੋਕਾਂ ਨੂੰ ਲੜਾਉਣਾ ਆਉਂਦਾ ਹੈ। ਸਾਰਾ ਮੀਡੀਆ ਸਰਕਾਰ ਨੇ ਆਪਣੇ ਕਬਜ਼ੇ ਵਿਚ ਕੀਤਾ ਹੋਇਆ ਹੈ, ਜੇਕਰ ਕੋਈ ਇਕ ਦੋ ਮੀਡੀਆ ਅਦਾਰੇ ਸਰਕਾਰ ਦੇ ਵਿਰੁੱਧ ਅਵਾਜ਼ ਬੁਲੰਦ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਹਕੂਮਤ ਵਲੋਂ ਡਰਾਇਆ ਧਮਕਾਇਆ ਜਾ ਰਿਹਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਰਕਾਰ ਇਸੇ ਤਰ੍ਹਾਂ ਹੀ ਲੋਕਾਂ ਨੂੰ ਮਰਦਾ ਵੇਖਦੀ ਰਹੇਗੀ ਜਾਂ ਫਿਰ ਕੋਈ ਇਸ ਦਾ ਹੱਲ ਵੀ ਕਰੇਗੀ?

ਗੁਰਪ੍ਰੀਤ
ਮੁੱਖ ਸੰਪਾਦਕ
ਪੰਜਾਬ ਨੈੱਟਵਰਕ

2 COMMENTS

Comments are closed.