ਸੰਪਾਦਕੀ: ਰਾਜੇ ਦੀ ਘੋੜ ਸਵਾਰੀ, ਹੁਣ ਪੰਜਾਬ ਵੇਚਣ ਦੀ ਤਿਆਰੀ/- ਗੁਰਪ੍ਰੀਤ

364

ਪਟਿਆਲੇ ਦਾ ਰਾਜਾ ਕਹਿਲਾਉਣ ਵਾਲਾ ਅਤੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬੇਸ਼ੱਕ ਜੱਦੀ ਪੁਸ਼ਤੀ ਰਾਜਾ ਹੋਵੇਗਾ, ਪਰ ਗ਼ਰੀਬਾਂ ਦੇ ਲਈ ਇਹ ਰਾਜਾ ਨਹੀਂ। ਕਿਉਂਕਿ ਇਹਨੂੰ ਗ਼ਰੀਬਾਂ ਪ੍ਰਤੀ ਭੋਰਾ ਵੀ ਪਿਆਰ ਨਹੀਂ। ਗ਼ਰੀਬ ਜਨਤਾ ਤਾਂ ਕਰੋਨਾ ਕਹਿਰ ਦੇ ਦੌਰਾਨ ਰੋਟੀ ਨੂੰ ਤਰਸਦੀ ਰਹੀ ਅਤੇ ਇਹ ਜਨਾਬ ਘਰੋਂ ਹੀ ਵੀਡੀਓ ਬਣਾ ਕੇ ਜਨਤਾ ਦੇ ਭਲੇ ਦੀ ਆਸ ਕਰਦੇ ਰਹੇ। ਪੰਜਾਬ ਦੇ ਅੰਦਰ ਬੇਰੁਜ਼ਗਾਰੀ ਏਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਕੋਈ ਕਹਿਣ ਦੀ ਗੱਲ ਨਹੀਂ, ਪਰ ਰਾਜਾ ਸਾਹਬ ਆਖ਼ ਰਹੇ ਹਨ, ਪੰਜਾਬ ਅੰਦਰ ਸਭ ਠੀਕ ਹੋ ਰਿਹਾ ਹੈ।

ਪੰਜਾਬ ਦੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਜਾਂ ਫਿਰ ਪੰਜਾਬ ਦਾ ਨਿੱਜੀਕਰਨ, ਗੱਲ ਇੱਕੋ ਹੀ ਹੈ। ਬਾਦਲਾਂ ਨੇ ਜਿਹੜਾ ਕੰਮ ਆਪਣੇ ਰਾਜ ਭਾਗ ਦੇ ਦੌਰਾਨ ਨਹੀਂ ਕੀਤਾ, ਉਹ ਕੰਮ ਅੱਗੇ ਕੈਪਟਨ ਅਮਰਿੰਦਰ ਸਿੰਘ ਨੇ ਕਰਕੇ, ਪੰਜਾਬ ਦੀ ਜਨਤਾ ਦੇ ਨਾਲ ਧੋਖਾ ਕੀਤਾ ਹੈ। ਭਾਵੇਂ ਹੀ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਬਾਦਲਾਂ ਦੇ ਵੱਲੋਂ ਕੀਤਾ ਗਿਆ, ਪਰ ਦੂਜੇ ਪਾਸੇ ਕੈਪਟਨ ਨੇ ਵੀ ਕੋਈ ਕਸਰ ਨਹੀਂ ਛੱਡੀ। ਬਾਦਲਾਂ ਦੇ ਰਾਹ ‘ਤੇ ਚੱਲ ਕੇ ਕੈਪਟਨ ਨੇ ਵੀ ਕਈ ਸਰਕਾਰੀ ਅਦਾਰਿਆਂ ਦੇ ਵਿੱਚ ਨਿੱਜੀ ਕੰਪਨੀਆਂ ਵਾੜ ਦਿੱਤੀਆਂ ਹਨ।

ਲੰਘੇ ਦਿਨੀਂ ਇੱਕ ਖ਼ਬਰ ਆਈ ਸੀ ਕਿ ਵਿਰਾਸਤੀ ਇਮਾਰਤਾਂ ਦਾ ਨਿੱਜੀਕਰਨ ਹੋਣ ਜਾ ਰਿਹਾ ਹੈ ਅਤੇ ਅੱਜ ਖ਼ਬਰ ਆਈ ਹੈ ਕਿ ਪੰਜਾਬ ਦਾ ਸਭ ਤੋਂ ਵੱਡਾ ਮੱਤੇਵਾੜਾ ਦਾ ਜੰਗਲ ਸਰਕਾਰ ਨਿੱਜੀ ਹੱਥਾਂ ਵਿਚ ਦੇਣ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਸ ਜੰਗਲ ਹੇਠਾਂ 4000 ਏਕੜ ਜ਼ਮੀਨ ਹੈ, ਜੋ ਕਿ ਨਿੱਜੀ ਕੰਪਨੀਆਂ ਹੱਥ ਜਦੋਂ ਚਲੀ ਜਾਵੇਗੀ ਤਾਂ, ਲੁੱਟ ਹੋਣੀ ਸ਼ੁਰੂ ਹੋ ਜਾਵੇਗੀ। ਦਰਅਸਲ, ਮੱਤੇਵਾੜਾ ਜੰਗਲ ਨੂੰ ਖ਼ਤਮ ਕਰਕੇ ਇੰਡਸਟਰੀਅਲ ਪਾਰਕ ਬਣਾਉਣ ਦਾ ਰਾਜਾ ਸਾਹਬ ਵੱਲੋਂ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਤਾਂ ਕੈਬਨਿਟ ਵਿਚ ਵੀ ਮਤਾ ਪਾਸ ਹੋ ਚੁੱਕਿਆ ਹੈ।

ਜਾਣਕਾਰੀ ਦੇ ਮੁਤਾਬਿਕ ਕੈਪਟਨ ਸਰਕਾਰ ਦੇ ਇਸ ਫ਼ੈਸਲੇ ਦਾ ਅਨੇਕਾਂ ਸਮਾਜਿਕ ਸੰਸਥਾਵਾਂ, ਬੁੱਧੀਜੀਵੀਆਂ ਅਤੇ ਸੰਵੇਦਨਸ਼ੀਲ ਨਾਗਰਿਕਾਂ ਦੇ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ। ਲੁਧਿਆਣਾ ਵਿਚ ਕਰੀਬ 4 ਹਜ਼ਾਰ ਏਕੜ ਵਿਚ ਫੈਲਿਆ ਮੱਤੇਵਾੜਾ ਜੰਗਲ ਸੈਂਕੜੇ ਪਰਜਾਤੀਆਂ ਨੂੰ ਆਪਣੇ ਵਿਚ ਸਾਂਭੀ ਬੈਠਾ ਹੈ। ਵਿਰੋਧ ਵਿਚ ਆਏ ਲੋਕਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਦੇ ਫ਼ੈਸਲੇ ਨਾਲ ਹੁਣ ਨਾ ਹਿਰਨ, ਨਾ ਮੋਰ ਤੇ ਉਹ ਚਿੜੀਆਂ ਤੋਤੇ ਅਤੇ ਅਨੇਕਾਂ ਕਿਸਮ ਦੇ ਪੰਛੀ, ਅਨੇਕਾਂ ਜੰਗਲੀ ਬੂਟੀਆਂ ਅਤੇ ਪੰਛੀਆਂ ਦੇ ਰਹਿਣ ਬਸੇਰੇ ਸੰਵੇਦਨਸ਼ੀਲ ਮਨਾਂ ਦੀ ਰਾਤ ਦੀ ਨੀਂਦ ਵੀ ਉਡਾਉਣਗੇ ਅਤੇ ਰਹਿ ਰਹਿ ਕੇ ਸਵਾਲ ਵੀ ਪੁੱਛਣਗੇ ਕਿ ਸਮੇਂ ਦੀ ਸਰਕਾਰ ਨੇ ਸਨਅਤੀ ਵਿਕਾਸ ਦੇ ਨਾਂਅ ‘ਤੇ ਆਉਣ ਵਾਲੀਆਂ ਪੀੜੀਆਂ ਲਈ ਕੰਡੇ ਬੀਜ ਦਿੱਤੇ ਹਨ।

ਵੇਖਿਆ ਜਾਵੇ ਤਾਂ, ਪੰਜਾਬ ਤਾਂ ਅੱਧਾ ਉਦੋਂ ਬਾਦਲਾਂ ਨੇ ਵੇਚ ਦਿੱਤਾ ਸੀ ਅਤੇ ਅੱਧਾ ਪੰਜਾਬ ਹੁਣ ਕੈਪਟਨ ਵੇਚਣ ਜਾ ਰਿਹਾ ਹੈ। ਦੱਸ ਦਈਏ ਕਿ ਰਾਜਾ ਬੇਸ਼ੱਕ ਆਪਣੇ ਭਾਣੇ ਠੀਕ ਫ਼ੈਸਲੇ ਲੈਂਦਾ ਹੋਵੇਗਾ, ਪਰ ਇਹ ਫ਼ੈਸਲੇ ਸਿੱਧੇ ਤੌਰ ‘ਤੇ ਲੋਕ ਵਿਰੋਧੀ ਹਨ। ਜੇਕਰ ਵਿਰਾਸਤੀ ਇਮਾਰਤਾਂ ਨਿੱਜੀ ਹੱਥਾਂ ਵਿੱਚ ਚਲੀਆਂ ਜਾਣਗੀਆਂ ਤਾਂ, ਉਕਤ ਇਮਾਰਤਾਂ ਨੂੰ ਦੇਖਣ ਜਾਣ ਵਾਲਿਆਂ ਦੀ ਸਿੱਧੇ ਤੌਰ ‘ਤੇ ਨਿੱਜੀ ਕੰਪਨੀਆਂ ਲੁੱਟ ਕਰਨਗੀਆਂ ਅਤੇ ਮਨਮਰਜ਼ੀ ਦਾ ਕਿਰਾਇਆ ਵਸੂਲਣਗੀਆਂ। ਜੇਕਰ ਜੰਗਲ ਨਿੱਜੀ ਹੱਥਾਂ ਵਿਚ ਹੁਣ ਚਲੇ ਗਏ ਤਾਂ, ਫਿਰ ਵਾਤਾਵਰਨ ਨੂੰ ਬਚਾਉਣ ਦਾ ਨਾਅਰਾ ਜਿਹੜਾ ਰਾਜਾ ਦਿੰਦਾ ਹੈ, ਇਹ ਨਾਅਰਾ ਸਿਰਫ਼ ਨਾਅਰਾ ਹੀ ਰਹਿ ਜਾਵੇਗਾ। ਕਿਉਂਕਿ ਸਨਅਤੀ ਵਿਕਾਸ ਦੇ ਨਾਂਅ ‘ਤੇ ਜਿਹੜੀ ਵੀ ਕੰਪਨੀ ਜੰਗਲ ‘ਤੇ ਰਾਜ ਕਰੇਗੀ, ਉਹ ਆਪਣੇ ਤਰੀਕੇ ਦੇ ਨਾਲ ਵੱਢ ਟੁੱਕ ਕੇ, ਸਭ ਖ਼ਤਮ ਕਰ ਦੇਵੇਗੀ।

ਕਈ ਬੇਜ਼ਬਾਨ ਪੰਛੀ ਰਾਜੇ ਦੀਆਂ ਮਾੜੀਆਂ ਨੀਤੀਆਂ ਕਾਰਨ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਜਾਣਗੇ। ਇਸ ਤੋਂ ਪਹਿਲੋਂ ਕਿ ਜੰਗਲ ਦਾ ਉਜਾੜਾ ਹੋਵੇ, ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਰਾਜੇ ਦੇ ਸਮਾਜ ਵਿਰੋਧੀ ਫ਼ੈਸਲੇ ਦਾ ਵਿਰੋਧ ਕਰਨਾ ਚਾਹੀਦਾ ਹੈ। ਰਾਜੇ ਦਾ ਧੜਾਧੜ ਨਿੱਜੀ ਕੰਪਨੀਆਂ ਹਵਾਲੇ ਪੰਜਾਬ ਨੂੰ ਕਰਨਾ, ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਰਾਜੇ ਨੂੰ ਜਰਾਂ ਜਿੰਨੀ ਵੀ ਪੰਜਾਬ ਦੀ ਪ੍ਰਵਾਹ ਨਹੀਂ। ਪੰਜਾਬ ਦੇ ਲੋਕ ਬੇਸ਼ੱਕ ਆਪਣੇ ‘ਪੰਜ-ਆਬ’ ਨੂੰ ਪਿਆਰ ਕਰਦੇ ਹੋਣਗੇ, ਪਰ ਹਾਕਮ ਕਦੇ ਵੀ ਸੂਬੇ ਨੂੰ ਪਿਆਰ ਨਹੀਂ ਕਰਦੇ। ਪਿਛਲੇ ਸਮੇਂ ਦੌਰਾਨ ਲੋਟੂ ਬਾਦਲ ਹਕੂਮਤ ਅਤੇ ਹੁਣ ਦੀ ਲੁਟੇਰੀ ਕੈਪਟਨ ਹਕੂਮਤ ਨੇ ਪੰਜਾਬ ਨੂੰ ਬਰਬਾਦੀ ਕੰਡੇ ਲਿਆ ਕੇ ਖੜਾਂ ਕਰ ਦਿੱਤਾ ਹੈ। ਆਓ ਸਾਰੇ ਰਲ ਮਿਲ ਕੇ ਬਾਦਲ ਕੈਪਟਨ ਜੁੰਡਲੀ ਦਾ ਵਿਰੋਧ ਕਰੀਏ ਅਤੇ ਪੰਜਾਬ ਨੂੰ ਵਿਕਣ ਤੋਂ ਬਚਾਈਏ।

ਗੁਰਪ੍ਰੀਤ
ਮੁੱਖ ਸੰਪਾਦਕ
ਪੰਜਾਬ ਨੈੱਟਵਰਕ