ਹਾਕੀ ਇੰਡੀਆ ਪ੍ਰਧਾਨ ਦਾ ਮੁਸ਼ਤਾਕ ਨੇ ਛੱਡਿਆ ਅਹੁਦਾ

184

ਮੁਹੰਮਦ ਮੁਸ਼ਤਾਕ ਅਹਿਮਦ ਨੇ ਨਿੱਜੀ ਵਚਨਬੱਧਤਾਵਾਂ ਕਾਰਨ ਹਾਕੀ ਇੰਡੀਆ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਖੇਡ ਮੰਤਰਾਲੇ ਨੇ ਉਨ੍ਹਾਂ ਦੀ ਚੋਣ ਨੂੰ ਰਾਸ਼ਟਰੀ ਖੇਡ ਜ਼ਾਬਤੇ ਦੇ ਕਾਰਜਕਾਲ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਕਿਹਾ ਸੀ। ਹਾਕੀ ਇੰਡੀਆ ਕਾਰਜਕਾਰੀ ਬੋਰਡ ਨੇ ਮਹਾਸੰਘ ਦੇ ਸੀਨੀਅਰ ਉੱਪ ਪ੍ਰਧਾਨ ਤੇ ਮਨੀਪੁਰ ਦੇ ਰਹਿਣ ਵਾਲੇ ਗਿਆਨੇਂਦਰੋ ਨਿਗੋਮਬਾਮ ਨੂੰ ਅਹਿਮਦ ਦੀ ਥਾਂ ‘ਤੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਹਾਕੀ ਇੰਡੀਆ ਨੇ ਕਿਹਾ ਕਿ ਮੁਸ਼ਤਾਕ ਅਹਿਮਦ ਦਾ ਅਸਤੀਫ਼ਾ ਸਾਨੂੰ ਸੱਤ ਜੁਲਾਈ ਨੂੰ ਮਿਲਿਆ ਸੀ ਜਿਸ ਵਿਚ ਉਨ੍ਹਾਂ ਨੇ ਇਸ ਦਾ ਕਾਰਨ ਨਿੱਜੀ ਤੇ ਪਰਿਵਾਰਕ ਵਚਨਬੱਧਤਾਵਾਂ ਨੂੰ ਦੱਸਿਆ ਸੀ।

ਅਸਤੀਫ਼ਾ ਕੀਤਾ ਸਵੀਕਾਰ

ਸ਼ੁੱਕਰਵਾਰ ਨੂੰ ਬੁਲਾਈ ਗਈ ਮੀਟਿੰਗ ਵਿਚ ਅਹਿਮਦ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ। ਖੇਡ ਮੰਤਰਾਲੇ ਨੇ ਪਾਇਆ ਸੀ ਕਿ 2018 ਵਿਚ ਹੋਈਆਂ ਚੋਣਾਂ ਵਿਚ ਅਹਿਮਦ ਨੇ ਕਾਰਜਕਾਲ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕੀਤਾ ਸੀ। ਇਨ੍ਹਾਂ ਚੋਣਾਂ ਤੋਂ ਬਾਅਦ ਹੀ ਉਨ੍ਹਾਂ ਨੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ।