ਹਿੰਦੂ ਨੇਤਾ ਸੁਧੀਰ ਸੂਰੀ, ਦੰਗੇ ਭੜਕਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਕੇਸ ਦਰਜ ਹੋਣ ਤੋਂ ਬਾਅਦ ਲੁਕ ਗਿਆ

271

ਅੰਮਿ੍ਤਸਰ : 

ਸ਼ਿਵ ਸੈਨਾ ਟਕਸਾਲੀ ਦਾ ਨੇਤਾ ਸੁਧੀਰ ਸੂਰੀ (ਹਿੰਦੂ ਨੇਤਾ) ਜੰਡਿਆਲਾ ਗੁਰੂ ਥਾਣੇ ‘ਚ 7 ਜੁਲਾਈ ਨੂੰ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਕੇਸ ਦਰਜ ਹੋਣ ਤੋਂ ਬਾਅਦ ਲੁਕ ਗਿਆ ਹੈ। ਜੰਡਿਆਲਾ ਗੁਰੂ ਥਾਣੇ ਦੀ ਪੁਲਿਸ ਸੂਰੀ ਨੂੰ ਗਿ੍ਫ਼ਤਾਰ ਕਰਨ ਲਈ ਤਿੰਨ ਵਾਰ ਵੱਖ-ਵੱਖ ਜਗ੍ਹਾਂ ‘ਤੇ ਛਾਪੇਮਾਰੀ ਕਰ ਚੁੱਕੀ ਹੈ। ਸੂਰੀ ਖ਼ਿਲਾਫ਼ ਪਹਿਲਾਂ ਵੀ ਸੱਤ ਕੇਸ ਦਰਜ ਹਨ ਪਰ ਇਨ੍ਹਾਂ ‘ਚੋਂ ਜ਼ਮਾਨਤ ਮਿਲ ਚੁੱਕੀ ਹੈ। ਐੱਸਐੱਸਪੀ ਦਿਹਾਤੀ ਵਿਕਰਮਜੀਤ ਦੁੱਗਲ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਸੂਰੀ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ।

ਉਧਰ, ਹਿੰਦੂ ਨੇਤਾ ਸੁਧੀਰ ਸੂਰੀ ਨੇ ਦੱਸਿਆ ਕਿ ਪੁਲਿਸ ਉਨ੍ਹਾਂ ਖ਼ਿਲਾਫ਼ ਝੂਠੇ ਮਾਮਲੇ ਦਰਜ ਕਰ ਰਹੀ ਹੈ। ਪੰਜਾਬ ਪੁਲਿਸ ਦੇ ਕੁਝ ਅਫਸਰਾਂ ਕੋਲੋਂ ਉਨ੍ਹਾਂ ਨੂੰ ਜਾਨ ਤੋਂ ਖਤਰਾ ਹੈ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਵੀ ਦਾਇਰ ਕੀਤੀ ਹੈ ਕਿ ਉਨ੍ਹਾਂ ਦੀ ਪੰਜਾਬ ਪੁਲਿਸ ਵੱਲੋਂ ਦਿੱਤੀ ਗਈ ਸਕਿਓਰਿਟੀ ਹਟਾ ਲਈ ਜਾਵੇ ਤੇ ਕਿਸੇ ਹੋਰ ਏਜੰਸੀ ਨੂੰ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਦੇ ਘਰ ਜਾ ਕੇ ਅੌਰਤਾਂ ਨਾਲ ਬਦਸਲੂਕੀ ਕੀਤੀ। ਇਸ ਦੇ ਖ਼ਿਲਾਫ਼ ਉਨ੍ਹਾਂ ਨੇ ਹਾਈਕੋਰਟ ਨੂੰ ਪੱਤਰ ਵੀ ਲਿਖਿਆ ਹੈ।

ਸੁਰੱਖਿਆ ‘ਚ ਤਾਇਨਾਤ ਪੁਲਿਸ ਕਰਮਚਾਰੀ ਵਾਪਸ ਬੁਲਾਏ

ਪੁਲਿਸ ਵਿਭਾਗ ਮੁਤਾਬਕ ਅੱਤਵਾਦੀ ਸੰਗਠਨਾਂ ਦੀ ਹੱਤਿਆ ਦੀ ਧਮਕੀ ਤੋਂ ਬਾਅਦ ਹਿੰਦੂ ਨੇਤਾ ਸੁਧੀਰ ਸੂਰੀ ਨੂੰ ਅੱਠ ਸੁਰੱਖਿਆ ਕਰਮਚਾਰੀ, ਦੋ ਡਰਾਈਵਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰ ਵੀ ਪੰਜ ਹਥਿਆਰਬੰਦ ਪੁਲਿਸ ਕਰਮਚਾਰੀ ਤਾਇਨਾਤ ਹਨ। ਪਿਛਲੇ ਤਿੰਨ ਸਾਲਾਂ ਤੋਂ ਸੂਰੀ ਦਾ ਸੁਰੱਖਿਆ ਘੇਰਾ ਜ਼ਿਆਦਾ ਮਜ਼ਬੂਤ ਕੀਤਾ ਗਿਆ ਹੈ ਪਰ 7 ਜੁਲਾਈ ਨੂੰ ਦਰਜ ਮਾਮਲੇ ਤੋਂ ਬਾਅਦ ਸਾਰੇ ਸੁਰੱਖਿਆ ਕਰਮਚਾਰੀ ਪੁਲਿਸ ਲਾਈਨ ਵਾਪਸ ਬੁਲਾ ਲਏ ਗਏ ਹਨ। ਪੁਲਿਸ ਅਧਿਕਾਰੀ ਇਸ ਮਾਮਲੇ ‘ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਇਕ ਸੀਨੀਅਰ ਅਧਿਕਾਰੀ ਨੇ ਇੰਨਾਂ ਹੀ ਦੱਸਿਆ ਕਿ ਮਾਮਲਾ ਗੰਭੀਰ ਹੈ। ਉਹ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।