ਹੁਣ ਸਰਕਾਰੀ ਸਕੂਲਾਂ ਦੇ ਨਿਆਣੇ ਕਰ ਸਕਣਗੇ ਰੱਜ ਕੇ ਪੜ੍ਹਾਈ

476

ਚੰਡੀਗੜ੍ਹ 18 ਮਈ (ਸਵਿੰਦਰ ਕੌਰ)-

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਲੋਂ ਸਮੇਂ ਸਮੇਂ ‘ਤੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਦੇ ਲਈ ਜਿਥੇ ਕਈ ਪ੍ਰਕਾਰ ਦੇ ਯਤਨ ਕੀਤੇ ਜਾ ਰਹੇ ਹਨ, ਉਥੇ ਹੀ ਮੌਜ਼ੂਦਾਂ ਦੌਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੇ ਵਿਚ ਵੀ ਸਿੱਖਿਆ ਵਿਭਾਗ ਬੱਚਿਆਂ ਤੱਕ ਚੰਗੀ ਅਤੇ ਮਿਆਰੀ ਵਿੱਦਿਆ ਪਹੁੰਚਾ ਰਿਹਾ ਹੈ। ਇਸ ਵਿਚ ਸਭ ਤੋਂ ਵੱਧ ਯੋਗਦਾਨ ਸਰਕਾਰੀ ਸਕੂਲਾਂ ਦੇ ਅਧਿਆਪਕ ਪਾ ਰਹੇ ਹਨ। ਕਿਉਂਕਿ ਅਧਿਆਪਕਾਂ ਦੇ ਵਲੋਂ ਇਸ ਵਕਤ ਬੱਚਿਆਂ ਨੂੰ ਆਨਲਾਈਨ ਕੰਮ ਕਰਵਾਇਆ ਜਾ ਰਿਹਾ ਹੈ, ਉਥੇ ਹੀ ਬੱਚਿਆਂ ਦੇ ਆਨਲਾਈਨ ਟੈਸਟ ਵੀ ਲਏ ਜਾ ਰਹੇ ਹਨ।

ਕੁਝ ਮਾਪਿਆਂ ਦੀਆਂ ਪਿਛਲੇ ਦਿਨੀਂ ਸਰਕਾਰ ਨੂੰ ਸ਼ਿਕਾਇਤਾਂ ਗਈਆਂ ਸਨ ਕਿ ਉਨ੍ਹਾਂ ਦੇ ਕੋਲ ਸਮਾਰਟ ਫੋਨ ਨਹੀਂ ਹਨ, ਇਸ ਲਈ ਉਹ ਆਪਣੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਦੇ ਵਿਚ ਅਸਫ਼ਲ ਹੋ ਰਹੇ ਹਨ। ਸਰਕਾਰ ਦੇ ਵਲੋਂ ਇਸ ਸਬੰਧੀ ਤੁਰੰਤ ਹਰਕਤ ਵਿਚ ਆਉਂਦਿਆਂ ਹੋਇਆ ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਇਹ ਫੁਰਮਾਨ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਦਿੱਤਾ ਗਿਆ ਕਿ ਉਹ ਸਰਕਾਰੀ ਸਕੂਲਾਂ ਵਿਚ ਪੜ੍ਹਣ ਵਾਲੇ ਹਰ ਬੱਚੇ ਤੱਕ ਕਿਤਾਬਾਂ ਪਹੁੰਚਾਉਣ ਤਾਂ, ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।

ਸਿੱਖਿਆ ਸਕੱਤਰ ਦਾ ਫੁਰਮਾਨ ਸੀ ਕਿ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਜਾਵੇ। ਇਸੇ ਦੇ ਚੱਲਦਿਆ ਹੋਇਆ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ (ਐਸਏਐਸ ਨਗਰ) ਦੀ ਸੈਂਟਰ ਹੈੱਡ ਟੀਚਰ ਰਮਿੰਦਰ ਕੌਰ ਦੀ ਅਗਵਾਈ ਵਿਚ ਸਕੂਲ ਦੇ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਗਈਆਂ। ਜਾਣਕਾਰੀ ਦਿੰਦਿਆਂ ਹੋਇਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ (ਐਸਏਐਸ ਨਗਰ) ਦੀ ਸੈਂਟਰ ਹੈੱਡ ਟੀਚਰ ਰਮਿੰਦਰ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਵਲੋਂ ਜਾਰੀ ਹੋਏ ਹੁਕਮਾਂ ਦੀ ਪਾਲਣਾ ਕਰਦਿਆ ਹੋਇਆ ਉਨ੍ਹਾਂ ਦੇ ਵਲੋਂ ਅੱਜ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਗਈਆਂ ਹਨ ਤਾਂ, ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।

ਉਨ੍ਹਾਂ ਕਿਹਾ ਕਿ ਉਹ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਅਤੇ ਲਾਕਡਾਊਨ ਦੇ ਬਾਵਜੂਦ ਵੀ ਬੱਚਿਆਂ ਨੂੰ ਆਨਲਾਈਨ ਪੜ੍ਹਾ ਰਹੇ ਹਨ। ਦੂਜੇ ਪਾਸੇ ਬੱਚਿਆਂ ਨੂੰ ਕਿਤਾਬਾਂ ਮਿਲਣ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਨੇ ਖੁਸ਼ੀ ਪ੍ਰਗਟਾਈ ਅਤੇ ਸਰਕਾਰ ਤੋਂ ਇਲਾਵਾ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਸਕੂਲ ਦੇ ਅਧਿਆਪਕ ਅਤੇ ਪਿੰਡ ਦੀ ਪੰਚਾਇਤ ਆਦਿ ਹਾਜ਼ਰ ਸੀ।