ਜਿੱਥੇ ਸਾਨੂੰ ਚੰਗੀਆਂ ਕਿਤਾਬਾਂ ਪੜਣ ਦੇ ਨਾਲ ਵੱਧ ਗਿਆਨ ਪ੍ਰਾਪਤ ਹੁੰਦਾ ਹੈ, ਉੱਥੇ ਹੀ ਅਸੀਂ ਆਪਣੀ ਹਰ ਗੱਲ ਨੂੰ ਕਿਹੜੇ ਵੇਲੇ ਅਤੇ ਕਦੋਂ ਕਹਿਣਾ ਹੈ, ਉਹ ਵੀ ਸਿੱਖ ਜਾਂਦੇ ਹਨ। ਪਰ ਬਦਲਦੇ ਜ਼ਮਾਨੇ ਵਿੱਚ ਹੁਣ ਲੋਕ ਕਿਤਾਬਾਂ ਤਾਂ ਪੜਣਦੇ ਹਨ, ਪਰ ਸਮਾਰਟ ਫੋਨ ਦੇ ਵਿੱਚ। ਸਮਾਰਟ ਫੋਨ ਨੇ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਮੁਫ਼ਤ ਵਿੱਚ ਕਿਤਾਬਾਂ ਮੁਹੱਈਆ ਕਰਵਾਉਣ ਦਾ ਕੰਮ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਸਮਾਰਟ ਫੋਨ ਨੇ ਸਾਡੇ ਹੱਥਾਂ ਵਿੱਚ ਵਿਖ਼ਾਈ ਦਿੰਦੀ ਕਿਤਾਬ ਨੂੰ ਗਾਇਬ ਕਰਕੇ ਰੱਖ ਦਿੱਤਾ ਹੈ। ਅੱਜ ਬਹੁਤ ਸਾਰੇ ਲੇਖਕ, ਬੁੱਧੀਜੀਵੀ ਅਤੇ ਪੱਤਰਕਾਰ ਸਾਥੀ ਆਪਣੇ ਸਮਾਰਟ ਫੋਨਾਂ ਦੇ ਵਿੱਚ ਹੀ ਜ਼ਿਆਦਾ ਕਿਤਾਬਾਂ ਪੜਣਾ ਪਸੰਦ ਕਰਦੇ ਹਨ। ਕਿਉਂਕਿ ਹਰ ਕਿਸੇ ਕੋਲ ਸਮੇਂ ਦੀ ਅਤੇ ਜਗ੍ਹਾ ਦੀ ਘਾਟ ਹੈ। ਜਿਸਦੇ ਕਾਰਨ ਇੱਕੋ ਹੀ ਸਮਾਰਟ ਫੋਨ ਦੇ ਵਿੱਚ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਹੀ ਕਿਤਾਬਾਂ ‘ਸੇਵ’ ਕਰਕੇ ਰੱਖ ਲੈਂਦੇ ਹਨ। ਭਾਵੇਂ ਹੀ ਸਾਹਿਤ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਅੰਗ ਹੈ, ਪਰ ਸਮੇਂ ਦੇ ਹਿਸਾਬ ਨਾਲ ਅਤੇ ਭੱਜ ਦੌੜ ਦੀ ਜ਼ਿੰਦਗੀ ਵਿੱਚ ਸਾਹਿਤ ਸਾਡੇ ਕੋਲੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਇਸਦੇ ਦੋਸ਼ੀ ਵੀ ਅਸੀਂ ਖ਼ੁਦ ਹੀ ਹਾਂ। ਦੱਸ ਦਈਏ ਕਿ ਕਈ ਲੋਕ ਚੇਹਰੇ ਪੜਦੇ ਹਨ, ਕਈ ਲੋਕ ਬੋਲਬਾਣੀ ਨੂੰ ਸਮਝਦੇ ਹਨ ਅਤੇ ਕਈ ਲੋਕ ਕਿਤਾਬਾਂ ਪੜਦੇ ਹਨ, ਪਰ ਕਿਤਾਬਾਂ ਪੜਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਸ ਜ਼ਮਾਨੇ ਵਿੱਚ ਬਹੁਤ ਘੱਟ ਲੋਕ ਅਜਿਹੇ ਹਨ, ਜੋ ਸਮਾਰਟ ਫੋਨ ਦੀ ਬਜਾਏ ਆਪਣੇ ਹੱਥ ਵਿੱਚ ਕਿਤਾਬ ਨੂੰ ਫੜ ਕੇ ਪੜਦੇ ਹਨ। ਲਾਇਬ੍ਰੇਰੀਆਂ ਹੁਣ ਇਸ ਲਈ ਵੀ ਘੱਟ ਰਹੀਆਂ ਹਨ, ਕਿਉਂਕਿ ਲੋਕਾਂ ਦੇ ਕੋਲ ਪੜਣ ਨੂੰ ਸਮਾਂ ਹੀ ਨਹੀਂ ਬਚਿਆ ਅਤੇ ਉਹ ਆਪਣੀ ਇੱਕ ਨਿੱਕੀ ਜਿਹੀ ਲਾਇਬ੍ਰੇਰੀ ਫੋਨ ਦੇ ਵਿੱਚ ਹੀ ਬਣਾ ਲੈਂਦੇ ਹਨ। ਜਿਸਦੇ ਵਿੱਚ ਉਹ ਆਪਣੀਆਂ ਮਨਪਸੰਦ ਕਿਤਾਬਾਂ ਨੂੰ ‘ਸੇਵ’ ਕਰਕੇ ਰੱਖ ਲੈਂਦੇ ਹਨ। ਪਿਛਲੇ ਕੁਝ ਕੁ ਸਮੇਂ ਤੋਂ, ਜਦੋਂ ਤੋਂ ਸਾਡੇ ਵਿੱਚ ਸਮਾਰਟ ਫੋਨ ਨੇ ਦਸਤਕ ਦਿੱਤੀ ਹੈ, ਉਦੋਂ ਤੋਂ ਹੱਥ ਵਿੱਚ ਕਿਤਾਬ ਫੜ ਕੇ ਤੁਰਨ ਅਤੇ ਕਿਤਾਬ ਪੜਣ ਦਾ ਰਿਵਾਜ ਘੱਟ ਗਿਆ ਹੈ। ਕਿਉਂਕਿ ਬਹੁਤ ਸਾਰੀਆਂ ਕਿਤਾਬਾਂ ਸਮਾਰਟ ਫੋਨ ਤੇ ਬਹੁਤ ਸਾਰੀਆਂ ਵੈਬਸਾਈਟ ‘ਤੇ ਪੀਡੀਐਫ਼ ਕਿਤਾਬਾਂ ਉਪਲਬਧ ਹੋ ਚੁੱਕੀਆਂ ਹਨ। ਜਿੱਥੋਂ ਅੱਜ ਹਰ ਕੋਈ ਕਿਤਾਬ ਲੈ ਕੇ ਪੜ ਰਿਹਾ ਹੈ ਅਤੇ ਜਿਹੜੀ ਗੱਲ ਕਰਨ ਦੀ ਜਦੋਂ ਲੋੜ ਹੈ, ਉਦੋਂ ਖੋਲ ਕੇ ਪੜ ਰਿਹਾ ਹੈ। ਦੱਸ ਇਹ ਵੀ ਦਈਏ ਕਿ ਕਿਤਾਬਾਂ ਭਾਵੇਂ ਹੀ ਆਪਣੇ ਹੱਥ ਵਿੱਚ ਚੰਗੀਆਂ ਲੱਗਦੀਆਂ ਨੇ, ਪਰ ਸਮਾਂ ਘੱਟ ਹੋਣ ਦੇ ਕਾਰਨ ਕਈ ਲੋਕ ਆਪਣੇ ਸਮਾਰਟ ਫੋਨ ਵਿੱਚ ਹੀ ਕਈ-ਕਈ ਕਿਤਾਬਾਂ ‘ਸਾਂਭ ਕੇ ਰੱਖ’ ਲੈਂਦੇ ਹਨ ਤਾਂ ਜੋ ਸਮਾਂ ਮਿਲਣ ‘ਤੇ ਪੜ ਲਿਆ ਜਾਵੇ। ਪਰ, ਤਾਜ਼ਾ ਜਾਣਕਾਰੀ ਦੇ ਮੁਤਾਬਿਕ ਬਹੁਤ ਸਾਰੇ ਦੋਸਤ ਆਪਣੀਆਂ ਕਿਤਾਬਾਂ ਦੀ ਮਸ਼ਹੂਰੀ ਵੀ ਕਰਦੇ ਹਨ, ਪਰ ਉਨ੍ਹਾਂ ਦੀਆਂ ਕਿਤਾਬਾਂ ਫ਼ਿਰ ਵੀ ਵਿੱਕ ਨਹੀਂ ਪਾਉਂਦੀਆਂ। ਲੇਖਣੀ ਭਾਵੇਂ ਹੀ ਉਨ੍ਹਾਂ ਦੀ ਚੰਗੀ ਹੁੰਦੀ ਹੈ, ਪਰ ਡਿਪੈਂਡ ਕਰਦਾ ਹੈ, ਪੜਣ ਵਾਲੇ ਉਪਰ। ਪੜਣ ਵਾਲੇ ਵਿਅਕਤੀ ਨੂੰ ਕਿਹੜੀ ਕਿਤਾਬ ਪੜਣੀ ਚਾਹੀਦੀ ਹੈ ਅਤੇ ਕਿਵੇਂ ਪੜਣੀ ਚਾਹੀਦੀ ਹੈ। ਭਾਅ ਸਮਾਰਟ ਫੋਨ ਵਿੱਚ ਜਾਂ ਫਿਰ ਹੱਥ ਵਿੱਚ ਕਿਤਾਬ ਫੜ ਕੇ। ਕਿਤਾਬਾਂ ਵੱਡੀ ਗਿਣਤੀ ਵਿੱਚ ਨਾ ਵਿੱਕਣ ਦਾ ਕਾਰਨ, ਭਾਵੇਂ ਹੀ ਇਹ ਮੰਨ ਲਓ ਕਿ ਲੋਕਾਂ ਦੇ ਹੱਥ ਵਿੱਚ ਸਮਾਰਟ ਫੋਨ ਆ ਚੁੱਕੇ ਹਨ ਜਾਂ ਫਿਰ ਕੁਝ ਹੋਰ, ਪਰ ਕਿਤਾਬ ਪੜਣੀ ਕਿਵੇਂ ਹੈ, ਇਹ ਤੁਹਾਡੇ ‘ਤੇ ਡਿਪੈਂਡ ਕਰਦਾ ਹੈ। ਵੈਸੇ ਵੀ ਅੱਜ ਦੇ ਜ਼ਮਾਨੇ ਵਿੱਚ ਹਰ ਕੋਈ ਸੋਚਦਾ ਹੈ ਕਿ ਇੱਕ ਕਿਤਾਬ ਚੁੱਕਣ ਨਾਲੋਂ ਚੰਗਾ ਹੈ ਕਿ ਸਮਾਰਟ ਫੋਨ ਦੇ ਵਿੱਚ ਤਾਂ ਅਣਗਿਣਤ ਕਿਤਾਬਾਂ ਮੌਜ਼ੂਦ ਕਰ ਲਈਆਂ ਜਾਣ। ਸਮਾਰਟ ਫੋਨ ਦੇ ਵਿੱਚ ਕਿਤਾਬਾਂ ਮੌਜ਼ੂਦ ਹੋਣਗੀਆਂ ਤਾਂ ਬੰਦਾ ਜਦੋਂ ਮਰਜ਼ੀ ਚਾਹੇ ਕਿਤਾਬ ਪੜ ਲਵੇਗਾ। ਪਰ.!! ਜੋ ਇਸ ਸਮੇਂ ਗੱਲ ਵੇਖਣ ਵਿੱਚ ਆਈ ਹੈ ਕਿ ਬਹੁਤ ਸਾਰੇ ਲੇਖਕ ਆਪਣੀ ਕਿਤਾਬ ਵੇਚਣ ਦੇ ਲਈ ਮਸ਼ਹੂਰੀ ਕਰਦੇ ਹਨ, ਤਾਂ ਜੋ ਕਿਤਾਬ ਵਿੱਕ ਸਕੇ ਅਤੇ ਚੰਗਾ ਪੈਸਾ ਵੀ ਕਮਾਇਆ ਜਾ ਸਕੇ। ਲੇਖ਼ਕ ਸਾਥੀਓ, ਬੇਸ਼ੱਕ ਆਪਣੀ ਕਿਤਾਬ ਦੀ ਮਸ਼ਹੂਰੀ ਕਰੋ, ਪਰ ਕਿਸੇ ਨੂੰ ਪੜ੍ਹਣ ਲਈ ਮਜ਼ਬੂਰ ਨਾ ਕਰੋ। ਸਮਾਰਟ ਫੋਨ ਦੇ ਨੁਕਸਾਨ ਤੇ ਫਾਇਦੇ ਦੱਸੋ, ਲੋਕ ਆਪਣੇ ਆਪ ਤੁਹਾਡੀ ਗੱਲ ਨੂੰ ਮੰਨ ਲੈਣਗੇ ਅਤੇ ਜਦੋਂ ਜਿਸ ਨੂੰ ਜਿਹੜੀ ਕਿਤਾਬ ਦੀ ਲੋੜ ਹੋਈ, ਉਹ ਆਪਣੇ ਆਪ ਹੀ ਮੰਗਵਾ ਲੈਣਗੇ।