ਹੇਮਕੁੰਟ ਸਾਹਿਬ ਦੀ ਯਾਤਰਾ ਮੁਲਤਵੀ

197

ਸਵਿੰਦਰ ਕੌਰ, ਚੰਡੀਗੜ੍ਹ: ਦੇਸ਼ ਵਿੱਚ ਕੋਵਿਡ-19 ਦੇ ਪ੍ਰਕੋਪ ਵਿਚਕਾਰ ਉਤਰਾਖੰਡ ਵਿੱਚ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਅਣਮਿਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਹੇਮਕੁੰਟ ਸਾਹਿਬ ਟਰੱਸਟ ਨੇ 1 ਜੂਨ ਨੂੰ ਇਸ ਅਸਥਾਨ ਦੇ ਦਰਵਾਜ਼ੇ ਖੋਲ੍ਹਣ ਦਾ ਐਲਾਨ ਕੀਤਾ ਸੀ।

ਲੌਕਡਾਊਨ ਤੋਂ ਇਲਾਵਾ ਇੱਕ ਹੋਰ ਮੁੱਦਾ ਇਹ ਹੈ ਕਿ 4 ਕਿਲੋਮੀਟਰ ਦਾ ‘ਆਸਥਾ ਪੱਥ’ ਅਸਥਾਨ ਨੂੰ ਜਾਣ ਵਾਲਾ ਰਾਹ ਬਰਫ਼ ਦੀ ਸੰਘਣੀ ਪਰਤ ਨਾਲ ਢੱਕਿਆ ਹੋਇਆ ਹੈ। ਟਰੱਸਟ ਦੇ ਉਪ-ਚੇਅਰਪਰਸਨ ਨਰਿੰਦਰਪਾਲ ਸਿੰਘ ਬਿੰਦਰਾ ਨੇ ਕਿਹਾ ਕਿ ਇਸ ਅਸਥਾਨ ਦੇ ਖੋਲ੍ਹੇ ਜਾਣ ਦੀ ਤਾਰੀਖ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਤਾਜ਼ਾ ਤਰੀਖਾਂ ਦਾ ਐਲਾਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ “ਸਧਾਰਨਤਾ ਬਹਾਲ ਹੋਣ ਤੱਕ ਕੁਝ ਵੀ ਤੈਅ ਨਹੀਂ ਕੀਤਾ ਜਾ ਸਕਦਾ। ਟਰੈਕ ਨੂੰ ਸਾਫ ਕਰਨ ‘ਤੇ ਕੰਮ ਸ਼ੁਰੂ ਕਰਨਾ ਸੀ, ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਨਵੇਂ ਨਿਰਦੇਸ਼ਾਂ ਦਾ ਫ਼ੈਸਲਾ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਅਸਥਾਨ ‘ਤੇ ਬਰਫ ਨਾਲ ਢੱਕੇ ਹੋਏ ਰਸਤੇ ਨੂੰ ਸਾਫ ਕਰਨ ਵਿਚ ਘੱਟੋ ਘੱਟ ਇੱਕ ਮਹੀਨੇ ਦਾ ਸਮਾਂ ਲੱਗੇਗਾ।

ਦੇਸ਼ ਅਤੇ ਵਿਸ਼ਵ ਵਿੱਚ ਮਸ਼ਹੂਰ ਸਿੱਖਾਂ ਦਾ ਮੁੱਖ ਤੀਰਥ ਸਥਾਨ ਹੇਮਕੁੰਟ ਸਾਹਿਬ, ਉਤਰਾਖੰਡ ਦੇ ਚਮੌਲੀ ਜ਼ਿਲ੍ਹੇ ਵਿੱਚ ਹੈ। ਗੁਰੂਦੁਆਰਾ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਹਰ ਸਾਲ 1 ਜੂਨ ਤੋਂ ਖੁੱਲ੍ਹ ਗਏ ਸੀ, ਪਰ ਇਸ ਸਾਲ ਅਜਿਹਾ ਨਹੀਂ ਹੋ ਸਕਿਆ। ਇਸ ਦੇ ਪਿੱਛੇ ਇੱਕ ਕਾਰਨ ਬਰਫ ਵੀ ਹੈ, ਕਿਉਂਕਿ ਇਸ ਵਾਰ ਹੇਮਕੁੰਟ ਸਾਹਿਬ ਲਗਪਗ 10 ਫੁੱਟ ਬਰਫ ਵਿੱਚ ਢੱਕਿਆ ਹੋਇਆ ਹੈ, ਜੇਕਰ ਹਾਲਾਤ ਨਾ ਸੁਧਰੇ ਤਾਂ ਸ਼ਰਧਾਲੂਆਂ ਦਾ ਇੱਥੇ ਪਹੁੰਚਣਾ ਮੁਸ਼ਕਲ ਹੋਵੇਗਾ।

ਦੱਸ ਦਈਏ ਕਿ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਗਰਮੀਆਂ ਵਿਚ ਦੁਨੀਆ ਭਰ ਤੋਂ ਪਹੁੰਚਦੇ ਹਨ। ਇਹ ਗੁਰਦੁਆਰਾ ਇੱਕ ਝੀਲ ਦੇ ਕਿਨਾਰੇ ਸਥਿਤ ਹੈ। ਇਸ ਅਸਥਾਨ ਨੂੰ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਿਆ ਜਾਂਦਾ ਹੈ।