Wednesday, December 6, 2023
Home Articles ਹੈਲੋ ਮੈਂ ਇਕਾਂਤਵਾਸ ਬੋਲ ਰਿਹਾ ਹਾਂ

ਹੈਲੋ ਮੈਂ ਇਕਾਂਤਵਾਸ ਬੋਲ ਰਿਹਾ ਹਾਂ

383

ਸੁਖਮਿੰਦਰ ਬਾਗ਼ੀ ਸਮਰਾਲਾ, 

ਮੋਬਾਈਲ ਨੰ 9417394805

ਕਿਸੇ ਨੇ ਕਿਹਾ ਸੀ ਕਿ ਕੱਲੀ ਹੋਵੇ ਨਾਂ ਬਣਾ ਦੇ ਵਿੱਚ ਲੱਕੜੀ ਤੇ ਕੱਲਾ ਨਾ ਹੋਵੇ ਪੁੱਤ ਜੱਟ ਦਾ। ਇਕੱਲਤਾ ਇੱਕ ਸਰਾਪ ਹੈ। ਕੁਦਰਤ ਨੇ ਵੀ ਇਸ ਧਰਤੀ ਤੇ ਨਰ ਅਤੇ ਮਾਦਾ ਦੀਆਂ ਜੋੜੀਆਂ ਬਣਾ ਕੇ ਭੇਜੀਆਂ ਹਨ। ਫਿਰ ਪਤਾ ਨਹੀਂ ਲੱਗ ਰਿਹਾ ਹੈ ਕਿ ਸਰਕਾਰ ਮੈਨੂੰ (ਇਕਾਂਤਵਾਸ ਨੂੰ ,) ਵਰਤ ਕੇ ਮੈਨੂੰ ਬਦਨਾਮ ਕਰਨ ਦੀ ਕਿਉਂ ਕੋਸ਼ਿਸ਼ ਕਰ ਰਹੀ ਹੈ,?ਜਦ ਕਿ ਮੈਂ ਕਿਸੇ ਦਾ ਕੁੱਝ ਵੀ ਨਹੀਂ ਵਿਗਾੜਿਆ। ਇਹ ਸੱਚ ਹੈ ਕਿ ਬਿਮਾਰ ਹੋਣ ਤੇ ਹਸਪਤਾਲ ਵਿੱਚ ਭਰਤੀ ਹੋਣਾ ਪੈਂਦਾ ਹੈ। ਕੋਈ ਵੀ ਸਿਹਤਮੰਦ ਵਿਅਕਤੀ ਹਸਪਤਾਲ ਵਿੱਚ ਦਾਖਲ ਨਹੀਂ ਹੋਣਾ ਚਾਹੁੰਦਾ। ਪਰ ਸੱਚ ਜਾਣਿਓ ਮੈਂ ਖੁਦ ਆਪਣੇ ਨਾਂ ਤੋਂ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ। ਪਤਾ ਨਹੀਂ ਉਹ ਕਿਹੜੀ ਕੁਲਹਿਣੀ ਘੜੀ ਸੀ ਜਦੋਂ ਮੇਰਾ ਨਾਂ ਕੁਦਰਤ ਦੇ ਨਿਯਮਾਂ ਦੇ ਉਲਟ ਜਾ ਕੇ ਇਕਾਂਤਵਾਸ ਰੱਖ  ਦਿੱਤਾ।
ਇਸ ਕੋਰੋਨਾ ਵਾਇਰਸ ਨੇ ਤਾਂ ਹੱਦ ਹੀ ਕਰ ਦਿੱਤੀ ਜੋ ਮੈਨੂੰ ਸਭ ਦੇ ਸਾਹਮਣੇ ਨੰਗਾ ਕਰ ਦਿੱਤਾ। ਇਸ ਭੈੜੇ ਵਾਇਰਸ ਨੇ ਪੂਰੇ ਭਾਰਤ ਵਿੱਚ ਮੈਨੂੰ ਜ਼ਲੀਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਮੈਂ ਤਾਂ ਕਿਸੇ ਖੂੰਜੇ ਵਿੱਚ ਲੱਗ ਕੇ ਦਿਨ ਕਟੀ ਕਰ ਰਿਹਾ ਸੀ। ਪਰ ਇਸ ਅੱਗਲੱਗੜੇ ਕਰੋਨੇ ਵਾਇਰਸ ਨੇ ਪੂਰੇ ਭਾਰਤ ਵਿੱਚ ਹਰ ਘਰ ਦੇ ਮੁੱਖ ਦੁਆਰ ਤੇ ਮੇਰੇ ਸਟਿੱਕਰ ਲਗਵਾ ਕੇ ਮੈਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਰਾ ਦਿੱਤਾ ਹੈ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਧਰਮ ਬੁਰਾ ਨਹੀਂ ਪਰ ਧਰਮ ਪਾਖੰਡੀਆਂ ਅਤੇ ਲੁਟੇਰੇ ਕਿਸਮ ਦੇ ਲੋਕਾਂ ਨੇ ਬਦਨਾਮ ਕਰ ਦਿੱਤਾ ਹੈ। ਇਹੋ ਹਾਲ ਹੁਣ ਕੋਰੋਨਾ ਵਾਇਰਸ ਦੇ ਦੌਰ ਵਿੱਚ ਮੇਰਾ ਹੋ ਰਿਹਾ ਹੈ।
ਕਈ ਤੰਦਰੁਸਤ ਵਿਆਕਤੀਆਂ ਨੂੰ ਸ਼ੱਕ ਦੇ ਆਧਾਰ ‘ਤੇ ਹੀ ਮੇਰੇ ਇਕਾਂਤਵਾਸ ਦਾ ਸੰਤਾਪ 14 ਦਿਨਾਂ ਲਈ ਹੰਢਾਉਣਾ ਪੈ ਰਿਹਾ ਹੈ ।
ਕਿਹਾ ਜਾਂਦਾ ਹੈ ਕਿ ਜੇ ਸਕਤਾ (ਤਕੜਾ) ਸਕਤੇ (ਤਕੜੇ)ਨੂੰ ਮਾਰੇ ਤਾਂ ਦੁੱਖ ਲੱਗੇ ਨਾ ਕੋਈ। ਪਰ ਮੈਨੂੰ ਤਾਂ ਗ਼ਰੀਬ ਮਿਹਨਤਕਸ਼ ਕਿਰਤੀ ਕਾਮਿਆਂ ਤੇ ਜੋ ਰੋਜੀ ਰੋਟੀ ਕਮਾ ਕੇ ਖਾ ਰਹੇ ਹਨ ਉਨ੍ਹਾਂ ਵਿਰੁੱਧ ਹੀ ਵਰਤਿਆ ਜਾ ਰਿਹਾ ਹੈ। ਸਿਹਤ ਵਿਭਾਗ ਦੀ ਅਫਸਰਸ਼ਾਹੀ ਖੁਦ ਖੁੱਡਾਂ ਵਿੱਚ ਲੁਕ ਛੁਪ ਕੇ ਬੈਠੀ ਹੈ ਪਰ ਆਪਣੇ ਛੋਟੇ ਮੁਲਜ਼ਮਾਂ ਨੂੰ ਮੇਰੇ ਸਟਿੱਕਰ ਦੇ ਕੇ ਹਰ ਰੋਜ਼ ਘਰਾਂ ਵਿੱਚ ਭਜਾਈ ਫਿਰਦੀ ਹੈ। ਅੱਗੋਂ ਉਨ੍ਹਾਂ ਨੂੰ ਤੰਦਰੁਸਤ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਿੰਨ੍ਹਾਂ ਨੂੰ ਮਰੀਜ਼ ਸਮਝ ਕੇ ਮੇਰੇ( ਇਕਾਂਤਵਾਸ ਦੇ) ਹਵਾਲੇ ਕੀਤਾ ਜਾ ਰਿਹਾ ਹੈ। ਸ਼ਰਮ ਮੈਨੂੰ ਵੀ ਬਹੁਤ ਆਉਂਦੀ ਹੈ ਕਿ ਇਹ ਕੀ ਹੋ ਰਿਹਾ ਹੈ ਪਰ ਮੈਂ ਵੀ ਧਰਮ ਦੀ ਤਰ੍ਹਾਂ ਹੀ ਮਜ਼ਬੂਰ ਹਾਂ। ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਮੈਂ ਤੇ ਧਰਮ ਦੋਵੇਂ ਹੀ ਮਜ਼ਬੂਰ ਭਰਾ ਹਾਂ ਜਿੰਨ੍ਹਾਂ ਦੀ ਪਾਖੰਡੀ ਤੇ ਲੁਟੇਰੇ ਖ਼ੂਬ ਦੁਰਵਰਤੋਂ ਕਰ ਰਹੇ ਹਨ।
ਸਾਡੀ ਪੱਤ ਸ਼ਰੇਆਮ ਚੌਰਾਹੇ ਵਿੱਚ ਰੋਲ਼ੀ ਜਾ ਰਹੀ ਹੈ ਪਰ ਸਾਨੂੰ ਕੋਈ ਵੀ ਵਿਅਕਤੀ ਬਚਾਉਣ ਲਈ ਅੱਗੇ ਨਹੀਂ ਆ ਰਿਹਾ। ਮੈਂ ਤਾਂ ਕਈ ਵਿਚਾਰਿਆਂ ਤੋਂ ਸੁਣਿਆ ਹੈ ਕਿ ਉਹ ਪਹਿਲਾਂ ਵੀ 14 ਦਿਨਾਂ ਤੱਕ ਮੇਰੀ ਸਜਾ ਭੁਗਤ ਚੁੱਕੇ ਹਨ ਪਰ ਦੂਸਰੇ ਸ਼ਹਿਰ ਆਉਣ ਕਾਰਨ ਉਨ੍ਹਾਂ ਨੂੰ ਦੁਬਾਰਾ ਇਕਾਂਤਵਾਸ ਦੀ ਸਜਾ ਭੁਗਤਣੀ ਪੈ ਰਹੀ ਹੈ। ਮੈਨੂੰ ਸਮਝ ਨਹੀਂ ਆ ਰਹੀ ਹੈ ਕਿ ਬਿਨਾਂ ਕਿਸੇ ਗੁਨਾਹ, ਬਿਨਾ ਕਿਸੇ ਬਿਮਾਰੀ ਦੇ  ਤੰਦਰੁਸਤ ਹੋਣ ਦੇ ਬਾਵਜੂਦ ਵੀ ਸਰਕਾਰ ਤੇ ਸਿਹਤ ਵਿਭਾਗ ਉਨ੍ਹਾਂ ਨੂੰ ਕਿਸ ਕਾਨੂੰਨ ਦੇ ਤਹਿਤ ਸ਼ੱਕ ਦੇ ਆਧਾਰ ਤੇ ਦੋ ਦੋ ਵਾਰ 14-14 ਦਿਨਾਂ ਦੀਆਂ ਸਜਾਵਾਂ ਦੇ ਰਿਹਾ ਹੈ।
ਕ੍ਰਿਪਾ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਦੁਰਵਰਤੋਂ ਬੰਦ ਕੀਤੀ ਜਾਵੇ। ਸਿਹਤ ਵਿਭਾਗ ਦੇ ਛੋਟੇ ਮੁਲਾਜ਼ਮਾਂ ਨੂੰ ਅਤਿ ਦੀ ਗਰਮੀ ਵਿੱਚ ਘਰ ਘਰ ਘੁੰਮਾਉਣਾ ਬੰਦ ਕੀਤਾ ਜਾਵੇ ।ਉਨ੍ਹਾਂ ਨੂੰ ਤਪਦੀ ਗਰਮੀ ਤੋਂ ਰਾਹਤ ਦਿਵਾਈ ਜਾਵੇ ,ਗ਼ਰੀਬ ਮਿਹਨਤਕਸ਼ ਕਿਰਤੀ ਕਾਮਿਆਂ ਨੂੰ ਆਪਣਾ ਢਿੱਡ ਭਰਨ ਲਈ ਰੋਜੀ ਰੋਟੀ ਕਮਾ ਕੇ ਖਾਣ ਦੀ ਇਜਾਜ਼ਤ ਦਿੱਤੀ ਜਾਵੇ ਉਹਨਾਂ ਨੂੰ ਭੁੱਖ ਨਾਲ ਮਰਨ ਦੀ ਬਜਾਏ ਕੋਰੋਨਾ ਵਾਇਰਸ ਨਾਲ ਲੜ ਕੇ ਉਸ ਨੂੰ ਮਾਤ ਦੇਣ ਦੀ ਇਜਾਜ਼ਤ ਦਿੱਤੀ ਜਾਵੇ। ਮੈਨੂੰ ਵੀ ਆਪਣੇ ਇਕਾਂਤ ਦਾ ਆਨੰਦ ਮਾਨਣ ਦਾ ਮੌਕਾ ਪ੍ਰਦਾਨ ਕੀਤਾ ਜਾਵੇ।
ਹਰ ਆਮ ਤੇ ਖਾਸ ਨੂੰ ਬੇਨਤੀ ਹੈ ਕਿ ਮੇਰੀ ਇਹ ਅਰਜ਼ ਸਰਕਾਰ ਦੇ ਕੰਨਾਂ ਤੱਕ ਜ਼ਰੂਰ ਪੁੱਜਦੀ ਕੀਤੀ ਜਾਵੇ। ਮੈਂ ਆਪ ਜੀ ਦਾ ਬਹੁਤ ਰਿਣੀ ਰਹਾਂਗਾ।