ਹੱਕਾਂ ਲਈ ਜੋ ਲੜਦੇ ਲੋਕ, ਜੇਲ੍ਹਾਂ ਤੋਂ ਨਾ ਡਰਦੇ ਲੋਕ.!!

447

ਕਹਿਣ ਨੂੰ ਤਾਂ ਭਾਰਤ ਦੇਸ਼ ਆਜ਼ਾਦ ਦੇਸ਼ ਹੈ, ਪਰ ਇੱਥੇ ਰਹਿੰਦੇ ਲੋਕਾਂ ਦੇ ਨਾਲ ਐਨਾ ਭੈੜਾ ਸਲੂਕ ਕੀਤਾ ਜਾ ਰਿਹਾ ਹੈ ਕਿ ਕਹਿਣ ਦੀ ਹੱਦ ਨਹੀਂ। ਅਜ਼ਾਦ ਭਾਰਤ ਦੇ ਵਿੱਚ ਹੀ ਲੋਕਾਂ ਨੂੰ ਗੁਲਾਮੀ ਮਹਿਸੂਸ ਕਰਵਾਈ ਜਾ ਰਹੀ ਹੈ। ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਡੀਆਂ ਸਰਕਾਰਾਂ ਦੱਸਣਾ ਚਾਹੁੰਦੀਆਂ ਹਨ, ਕਿ ਭਾਰਤ ਦੇਸ਼ ਹਾਲੇ ਲੋਕਾਂ ਦੇ ਲਈ ਅਜ਼ਾਦ ਨਹੀਂ ਹੋਇਆ। ਅੱਜ ਹਰ ਗਲੀ, ਮੁਹੱਲੇ, ਸ਼ਹਿਰ, ਪਿੰਡ ਦੇ ਵਿੱਚ ਬਲਾਤਕਾਰ/ਜਿਨਸੀ ਸ਼ੋਸ਼ਣ ਤੋਂ ਇਲਾਵਾ ਹੋਰ ਕਈ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਦੇ ਨਾਲ ਸਾਡੇ ਦੇਸ਼ ਦੇ ਸਿਸਟਮ, ਕਾਨੂੰਨ ਤੇ ਸਵਾਲ ਉਠ ਰਹੇ ਹਨ। ਅਜਿਹੀਆਂ ਘਟਨਾਵਾਂ ਦੇ ਕਾਰਨ ਹੀ ਸਾਡੇ ਦੇਸ਼ ਦਾ ਅਕਸ ਵੀ ਖ਼ਰਾਬ ਹੋ ਰਿਹਾ ਹੈ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਆਜ਼ਾਦ ਭਾਰਤ ਦੇ ਵਿੱਚ ਵੀ ਔਰਤ ਮਰਦ ਹਾਲੇ ਗੁਲਾਮ ਹਨ ਅਤੇ ਹਾਲੇ ਵੀ ਹਕੂਮਤ ਵੱਲੋਂ ਔਰਤ ਨੂੰ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਹੈ।ਆਜ਼ਾਦੀ ਸੰਗਰਾਮ ਵਿੱਚ ਜਿਨ੍ਹਾਂ ਔਰਤਾਂ, ਮਰਦਾਂ, ਕ੍ਰਾਂਤੀਕਾਰੀਆਂ ਨੇ ਆਪਣੀ ਜਾਨ ਦੀ ਵੀ ਪਰਵਾਹ ਨਾ ਕਰਦਿਆਂ ਦੁਸ਼ਮਣ ਨਾਲ ਮੁਕਾਬਲਾ ਕੀਤਾ ਅਤੇ ਆਜ਼ਾਦੀ ਹਾਸਲ ਕੀਤੀ, ਅੱਜ ਉਨ੍ਹਾਂ ਔਰਤਾਂ ਅਤੇ ਮਰਦਾਂ ਨੂੰ ਹੀ ਹਕੂਮਤ ਵੱਲੋਂ ਗੁਲਾਮ ਬਣਾ ਕੇ ਰੱਖਿਆ ਜਾ ਰਿਹਾ ਹੈ। ਔਰਤ ਅੱਜ ਕਿਸੇ ਵੀ ਜਗ੍ਹਾ ਤੇ ਸੁਰੱਖਿਅਤ ਨਹੀਂ ਹੈ, ਕਿਉਂਕਿ ਉਸ ਦਾ ਹਰ ਜਗ੍ਹਾ ਰੇਪ ਹੋ ਰਿਹਾ ਹੈ। ਘਰ ਤੋਂ ਲੈ ਕੇ, ਸਕੂਲ, ਕਾਲਜ ਤੇ ਯੂਨੀਵਰਸਿਟੀ ਤੱਕ ਔਰਤ ਨੂੰ ਅਜਿਹੇ ਜ਼ੁਲਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਬਾਰੇ ਵਿੱਚ ਉਸ ਨੇ ਕਦੇ ਵੀ ਸੋਚਿਆ ਨਹੀਂ ਹੁੰਦਾ। ਜੇਕਰ ਕੋਈ ਔਰਤ ਨੌਕਰੀ ਵੀ ਕਰਦੀ ਹੈ ਤਾਂ ਉਸ ਨੂੰ ਵੀ ਸਮਾਜ ਵੱਲੋਂ ਭੈੜੀ ਨਿਗ੍ਹਾ ਦੇ ਨਾਲ ਵੇਖਿਆ ਜਾਂਦਾ ਹੈ, ਇਸੇ ਤੋਂ ਤੰਗ ਕਈ ਔਰਤਾਂ ਨੌਕਰੀ ਕਰਨਾ ਹੀ ਛੱਡ ਜਾਂਦੀਆਂ ਹਨ। ਜੇਕਰ ਵੇਖਿਆ ਜਾਵੇ ਤਾਂ ਅੱਜ ਔਰਤ ਕਿਸੇ ਵੀ ਜਗ੍ਹਾ ਤੇ ਸੁਰੱਖਿਅਤ ਨਹੀਂ ਹੈ। ਜਿਹੜੇ ਲੋਕ ਔਰਤ ਨੂੰ ਸੁਰੱਖਿਆ ਦੇਣ ਦੀ ਗੱਲ ਕਰਦੇ ਹਨ, ਉਹ ਖੁਦ ਹੀ ਔਰਤ ਦੇ ਦੁਸ਼ਮਣ ਬਣੇ ਹੋਏ ਹਨ। ਜਿਸ ਦੇ ਕਾਰਨ ਸਮਾਜ ਵਿੱਚ ਅਜਿਹਾ ਕੁਝ ਹੋ ਰਿਹਾ ਹੈ, ਜੋ ਕਿ ਇੱਕ ਆਜ਼ਾਦ ਦੇਸ਼ ਵਿੱਚ ਨਹੀਂ ਸੀ ਹੋਣਾ ਚਾਹੀਦਾ। ਦੋਸਤੋਂ, ਜੇਕਰ ਪਿਛਲੇ ਦਿਨੀਂ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਵਾਪਰੀ ਘਟਨਾ ਦੀ ਗੱਲ ਕਰੀਏ ਤਾਂ ਸਾਫ਼ ਪਤਾ ਲਗਦਾ ਹੈ ਕਿ ਹਕੂਮਤ ਕਿੰਨਾ ਲੋਕਾਂ ਦਾ ਸਾਥ ਦੇ ਰਹੀ ਹੈ ਅਤੇ ਕਿਸ ਪ੍ਰਕਾਰ ਔਰਤਾਂ ਦੇ ਹੱਕਾਂ ਨੂੰ ਕੁਚਲ ਰਹੀ ਹੈ। ਦਰਅਸਲ, ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਡਾਕਟਰ ਦਾ ਉਸ ਦੇ ਸੀਨੀਅਰ ਵੱਲੋਂ ਹੀ ਜਿਨਸੀ ਸ਼ੋਸ਼ਣ ਕਰ ਦਿੱਤਾ ਗਿਆ। ਜਦੋਂ ਪੀੜਤ ਮਹਿਲਾ ਡਾਕਟਰ ਨੇ ਅਵਾਜ਼ ਚੁੱਕੀ ਤਾਂ ਉਸ ਨੂੰ ਕਾਲਜ ਪ੍ਰਸ਼ਾਸਨ ਅਤੇ ਪੁਲਿਸ ਦੀਆਂ ਗੱਲਾਂ ਸੁਣਨੀਆਂ ਪਈਆਂ। ਜਿਸ ਤੋਂ ਬਾਅਦ ਮਹਿਲਾ ਡਾਕਟਰ ਨੇ ਕੁਝ ਇਨਕਲਾਬੀ ਸਾਥੀਆਂ ਦਾ ਸਾਥ ਲਿਆ ਅਤੇ ਇਨਸਾਫ ਦਵਾਉਣ ਦੀ ਮੰਗ ਕੀਤੀ। ਮਹਿਲਾ ਡਾਕਟਰ ਨੂੰ ਇਨਸਾਫ ਦਵਾਉਣ ਦੇ ਲਈ ਵਿਦਿਆਰਥੀ, ਨੌਜਵਾਨ, ਕਿਸਾਨ, ਕਿਰਤੀ ਅਤੇ ਮੁਲਾਜ਼ਮ ਵਰਗ ਦੇ ਆਗੂ ਅੱਗੇ ਆਏ। ਜਿਨ੍ਹਾਂ ਦੇ ਵੱਲੋਂ ਕਈ ਵਾਰ ਫਰੀਦਕੋਟ ਪੁਲਿਸ ਪ੍ਰਸ਼ਾਸਨ ਅਤੇ ਮੌਜੂਦਾ ਹਕੂਮਤ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ, ਪਰ ਹਰ ਵਾਰ ਹੀ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਪਾਣੀ ਦੀ ਬੁਛਾੜਾਂ ਵਰਾਹੀਆਂ।  ਪਰ ਫਿਰ ਵੀ ਇਨਕਲਾਬੀ ਪਿੱਛੇ ਨਹੀਂ ਹਟੇ ਅਤੇ ਜੰਮ ਕੇ ਰੋਸ ਪ੍ਰਦਰਸ਼ਨ ਕਰਦੇ ਰਹੇ। ਜਿਨਸੀ ਸ਼ੋਸ਼ਣ ਦਾ ਸ਼ਿਕਾਰ ਮਹਿਲਾ ਡਾਕਟਰ ਦੇ ਵੱਲੋਂ ਆਪਣੀਆਂ ਕੁਝ ਸਥਾਨਾਂ ਸਮੇਤ ਡੀਸੀ ਦਫਤਰ ਦੇ ਸਾਹਮਣੇ ਧਰਨਾ ਲਗਾਇਆ ਗਿਆ, ਪਰ ਪ੍ਰਸ਼ਾਸਨ ਨੇ ਇਨਸਾਫ ਦੇਣ ਦੀ ਬਜਾਏ ਮਹਿਲਾ ਡਾਕਟਰ ਅਤੇ ਉਸ ਦੀਆਂ ਸਾਥਣਾਂ ਨੂੰ ਹੀ ਚੁੱਕ ਕੇ ਜੇਲ੍ਹ ਅੰਦਰ ਸੁੱਟ ਦਿੱਤਾ। ਜਦੋਂ ਫਿਰ ਤੋਂ ਇਨਕਲਾਬੀਆਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਤਾਂ ਪੁਲਿਸ ਨੇ ਫਿਰ ਤੋਂ ਲਾਠੀਚਾਰਜ ਕੀਤਾ, ਜਿਸ ਵਿੱਚ ਕਈ ਸਾਥੀ ਜ਼ਖਮੀ ਹੋ ਗਏ। ਜਿਨ੍ਹਾਂ ਦਾ ਇਲਾਜ ਹੁਣ ਵੀ ਚੱਲ ਰਿਹਾ ਹੈ। ਦੱਸ ਦਈਏ ਕਿ ਇਸ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਜਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਤੇ ਪੁਲਿਸ ਨੇ ਝੂਠੇਕੇਸ ਪਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇੱਥੇ ਦੱਸ ਦਈਏ ਕਿ ਜਦੋਂ ਸ਼੍ਰੀ ਸ਼੍ਰੀ ਰਵੀ ਸ਼ੰਕਰ ਫਰੀਦਕੋਟ ਪਹੁੰਚੇ ਸਨ ਤਾਂ ਉਨ੍ਹਾਂ ਦਾ ਵੀ ਵਿਦਿਆਰਥੀਆਂ ਅਤੇ ਇਨਕਲਾਬੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ, ਪਰ ਫਿਰ ਵੀ ਪੁਲਿਸ ਨੇ ਇਨਕਲਾਬੀਆਂ ਉਪਰ ਹੀ ਜ਼ੁਲਮ ਢਾਹਿਆ। ਦੱਸ ਦਈਏ ਕਿ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਮਹਿਲਾ ਡਾਕਟਰ ਨੂੰ ਇਨਸਾਫ ਦਵਾਉਣ ਲਈ ਅਤੇ ਗ੍ਰਿਫ਼ਤਾਰ ਕੀਤੇ ਗਏ ਸਾਥੀਆਂ ਨੂੰ ਰਿਹਾਅ ਕਰਵਾਉਣ ਲਈ ਇੱਕ ਵਾਰ ਫਿਰ ਤੋਂ ਇਨਕਲਾਬੀਆਂ ਦੇ ਵੱਲੋਂ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨਸੀ ਸ਼ੋਸ਼ਣ ਦੀ ਪੀੜਤ ਮਹਿਲਾ ਡਾਕਟਰ ਨੂੰ ਇਨਸਾਫ ਦਵਾਉਣ ਲਈ 18 ਦਸੰਬਰ ਨੂੰ ਇਨਕਲਾਬੀ ਧਿਰਾਂ ਵੱਲੋਂ ਸੂਬਾ ਪੱਧਰੀ ਇਕੱਠ ਕਰਨ ਦਾ ਜੋ ਫੈਸਲਾ ਕੀਤਾ ਗਿਆ ਹੈ, ਉਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇੱਥੇ ਦੱਸ ਦਈਏ ਕਿ ਇਨਕਲਾਬੀਆਂ ਦੇ ਇਸ ਸੰਘਰਸ਼ ਦੇ ਦੌਰਾਨ ਮੁੱਖ ਮੰਗਾਂ ਇਹ ਹੋਣਗੀਆਂ ਕਿ, ਜਿਨਸੀ ਸ਼ੋਸ਼ਣ ਕਰਨ ਵਾਲਾ ਡਾਕਟਰ ਅਤੇ ਉਸ ਦੇ ਸਾਥੀਆਂ ‘ਤੇ ਪਰਚਾ ਦਰਜ ਕੀਤਾ ਜਾਵੇ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜ ਬਹਾਦਰ ਨੂੰ ਚੱਲਦਾ ਕੀਤਾ ਜਾਵੇ। ਜਿਨਸੀ ਸ਼ੋਸ਼ਣ ਦੀ ਪੀੜਤ ਮਹਿਲਾ ਡਾਕਟਰ ਸਮੇਤ ਹੋਰਨਾਂ ਪ੍ਰਦਰਸ਼ਨਕਾਰੀਆਂ ਨੂੰ ਜ਼ਖਮੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਜਿੰਦਰ ਸਿੰਘ ਸਮੇਤ ਐਕਸ਼ਨ ਕਮੇਟੀ ਦੇ ਆਗੂਆਂ ਉਪਰ ਪਾਏ ਪਰਚੇ ਰੱਦ ਕੀਤੇ ਜਾਣ। ਸਾਥੀ ਰਜਿੰਦਰ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।  ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਨਿਭਾਈ ਭੂਮਿਕਾ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ 7 ਦਸੰਬਰ ਨੂੰ ਪੁਲਿਸ ਵੱਲੋਂ ਧਰਨਾਕਾਰੀਆਂ ਦੇ ਨੁਕਸਾਨੇ ਗਏ ਸਾਮਾਨ ਦਾ ਮੁਆਵਜ਼ਾ ਦਿੱਤਾ ਜਾਵੇ। ਦੱਸ ਦਈਏ ਕਿ ਇਨ੍ਹਾਂ ਸਭ ਮੰਗਾਂ ਨੂੰ ਲੈ ਕੇ ਇਨਕਲਾਬੀ ਸੰਘਰਸ਼ ਕਰਨ ਜਾ ਰਹੇ ਹਨ। ਦੇਖਣਾ ਹੁਣ ਇਹ ਹੋਵੇਗਾ ਕਿ ਕੀ ਹਕੂਮਤ ਮੁਲਜ਼ਮਾਂ ਤੇ ਪਰਚੇ ਦਰਜ ਕਰਕੇ, ਪੀੜਤ ਮਹਿਲਾ ਡਾਕਟਰ ਨੂੰ ਇਨਸਾਫ ਦਿੰਦੀ ਹੈ ਜਾਂ ਨਹੀਂ। ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਕਿ ਕੀ ਬਣਦਾ, ਬਾਕੀ ਕੁੱਲ ਮਿਲਾ ਕੇ ਜਿਸ ਹਿਸਾਬ ਦੇ ਨਾਲ ਇਨਕਲਾਬੀਆਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉਸ ਤੋਂ ਇਹ ਹੀ ਜਾਪਦਾ ਹੈ ਕਿ ਪ੍ਰਸ਼ਾਸਨ ਨੂੰ ਲੋਕ ਰੋਹ ਅੱਗੇ ਝੁਕਣਾ ਹੀ ਹੋਵੇਗਾ।