ਖ਼ਬਰ ਕਿਸਾਨਾਂ ਲਈ: ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਸਹੀ ਵਿਊਂਤਬੰਦੀ ਕਰਨੀ ਜ਼ਰੂਰੀ

450

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਦੇ ਖੇਤੀ ਮਾਹਿਰਾਂ ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਅਤੇ ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਨੇ ਕਿਸਾਨ ਵੀਰਾਂ ਨੂੰ ਸਿਖਲਾਈ ਦਿੰਦਿਆਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਆਪਣੀ ਜ਼ਮੀਨ ਅਨੁਸਾਰ ਸਹੀ ਵਿਊਂਤਬੰਦੀ ਘੜਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰੇਤਲੀਆਂ ਜਾਂ ਹਲਕੀਆਂ ਜ਼ਮੀਨਾਂ ਜਾਂ ਨਦੀਨਾਂ ਦੀ ਬਹੁਤਾਤ ਵਾਲੀਆਂ ਜ਼ਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਬਿਲਕੁਲ ਨਾ ਕੀਤੀ ਜਾਵੇ ਕਿਉਂਕਿ ਇਨ੍ਹਾਂ ਜ਼ਮੀਨਾਂ ਵਿਚ ਛੋਟੇ ਤੱਤਾਂ ਦੀ ਘਾਟ (ਖਾਸ ਤੌਰ ‘ਤੇ ਲੋਹੇ ਦੀ) ਅਤੇ ਨਦੀਨਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ।

ਇਸ ਲਈ ਕਿਸਾਨ ਕੇਵਲ ਭਾਰੀਆਂ ਜਾਂ ਦਰਮਿਆਨੀ ਜ਼ਮੀਨਾਂ ਵਿੱਚ ਹੀ ਝੋਨੇ ਦੀ ਸਿੱਧੀ ਬਿਜਾਈ ਕਰਨ। ਜੂਨ ਦਾ ਪਹਿਲਾ ਪੰਦਰਵਾੜਾ (1 ਤੋਂ 15 ਜੂਨ) ਝੋਨੇ ਦੀ ਸਿੱਧੀ ਬਿਜਾਈ ਲਈ ਢੁਕਵਾਂ ਸਮਾਂ ਹੈ। ਸਿੱਧੀ ਬਿਜਾਈ ਲਈ ਪੀਏਯੂ ਵਲੋਂ ਸਿਫਾਰਸ਼ ਕੀਤੀਆਂ ਦਰਮਿਆਨੇ ਅਤੇ ਘੱਟ ਸਮੇਂ ਵਾਲੀਆਂ ਕਿਸਮਾਂ ਦੀ ਹੀ ਚੋਣ ਕੀਤੀ ਜਾਵੇ। ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਪੀ ਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ (16 ਤੋਂ 30 ਜੂਨ) ਵਿੱਚ ਵੀ ਕੀਤੀ ਜਾ ਸਕਦੀ ਹੈ।

ਡਾ. ਮਨਦੀਪ ਸਿੰਘ ਨੇ ਕਿਹਾ ਕਿ ਸਿੱਧੀ ਬਿਜਾਈ ਕਰਨ ਵਾਲੇ ਨਵੇਂ ਕਿਸਾਨ ਸਿਰਫ 20-25% ਰਕਬੇ ਵਿੱਚ ਹੀ ਸਿੱਧੀ ਬਿਜਾਈ ਕਰਨ ਪਰ ਤਜ਼ਰਬੇਕਾਰ ਕਿਸਾਨ ਜੋ ਪਹਿਲਾਂ ਤੋਂ  ਹੀ ਇਸ ਤਕਨੀਕ ਤੋਂ ਚੰਗੀ ਤਰ੍ਹਾਂ ਜਾਣੂੰ ਹਨ, ਉਹ ਵੱਧ ਰਕਬੇ ਵਿੱਚ ਵੀ ਸਿੱਧੀ ਬਿਜਾਈ ਕਰ ਸਕਦੇ ਹਨ। ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਲੱਕੀ ਸੀਡ ਡਰਿੱਲ ਜਾਂ ਟੇਢੀਆਂ ਪਲੇਟਾਂ ਵਾਲੀ ਡੀ.ਐਸ.ਆਰ. ਡਰਿੱਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਿੱਧੀ ਬਿਜਾਈ ਲੇਜ਼ਰ ਕਰਾਹੇ ਨਾਲ ਪੱਧਰ ਕੀਤੇ ਤਰ-ਵੱਤਰ ਖੇਤ ਵਿੱਚ ਹੀ ਕਰਨੀ ਚਾਹੀਦੀ ਹੈ। ਬਿਜਾਈ ਇੱਕ ਇੰਚ ਤੋਂ ਸਵਾ ਇੰਚ ਤੱਕ ਹੀ ਡੂੰਘੀ ਕਰਨੀ ਚਾਹੀਦੀ ਹੈ। ਇਸ ਤੋਂ ਜ਼ਿਆਦਾ ਡੂੰਘੀ ਬਿਜਾਈ ਕਰਨ ‘ਤੇ ਬੀਜ ਘੱਟ ਜੰਮਦਾ ਹੈ।

ਤਰ-ਵਤਰ ਖੇਤ ਵਿੱਚ ਬੀਜੇ ਸਿੱਧੇ ਝੋਨੇ ਨੂੰ ਪਹਿਲਾ ਪਾਣੀ 18-20 ਦਿਨਾਂ ਬਾਅਦ ਲਾਉਣਾ ਚਾਹੀਦਾ ਹੈ। ਖੇਤੀਬਾੜੀ ਇੰਜੀਨੀਅਰ ਡਾ. ਸੁਨੀਲ ਕੁਮਾਰ ਨੇ ਅੱਗੇ ਦੱਸਿਆ ਕਿ ਰਵਾਇਤੀ ਜ਼ੀਰੋ ਟਿੱਲ ਡਰਿੱਲ ਜਾਂ ਹੈਪੀ ਸੀਡਰ ਮਸ਼ੀਨਾਂ ਦੇ ਗਰਾਊਂਡ ਵੀਲ੍ਹ ਦੀ ਦੰਦਾ ਗਰਾਰੀ ਦੋ ਗੁਣਾ ਅਤੇ ਸੀਡ ਬਕਸੇ ਵਾਲੀ ਗਰਾਰੀ ਡੇਢ ਗੁਣਾ ਕਰਕੇ (ਬਦਲ ਕੇ) ਅਤੇ ਥੋੜਾ ਬੀਜ ਕੇਰਨ ਵਾਲੇ ਸਿਸਟਮ ਦੀ ਅਡਜਸਟਮੈਂਟ ਕਰਕੇ 8-10 ਕਿਲੋ ਝੋਨੇ ਦੇ ਬੀਜ ਨਾਲ ਇੱਕ ਏਕੜ ਰਕਬੇ ‘ਤੇ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ।

ਬਿਜਾਈ ਤੋਂ ਪਹਿਲਾਂ ਬੀਜ ਨੂੰ 10-12 ਘੰਟੇ ਲਈ ਪਾਣੀ ਵਿੱਚ ਭਿਉਂ ਲੈਣਾ ਚਾਹੀਦਾ ਹੈ। ਸਿੱਧੀ ਬਿਜਾਈ ਕਰਨ ਤੋਂ ਤੁਰੰਤ ਬਾਅਦ ਜਾਂ 24 ਘੰਟੇ ਦੇ ਅੰਦਰ-ਅੰਦਰ ਨਦੀਨ ਉੱਗਣ ਤੋਂ ਪਹਿਲਾਂ ਵਾਲੇ ਨਦੀਨ ਨਾਸ਼ਕ ਦੀ ਵਰਤੋਂ ਖੇਤੀ ਮਾਹਿਰਾਂ ਦੀਆਂ ਸਿਫਾਰਿਸ਼ਾਂ ਅਨੁਸਾਰ ਕਰਨੀ ਬੇਹੱਦ ਜ਼ਰੂਰੀ ਹੈ । ਇਸ ਵਿਧੀ ਨਾਲ ਝੋਨੇ ਦੀ ਬਿਜਾਈ ਕਰਨ ਨਾਲ 20-25% ਪਾਣੀ ਦੀ ਬੱਚਤ, ਲੇਬਰ ਦੇ ਵੱਡੇ ਖਰਚੇ ਅਤੇ ਸਮੇਂ ਦੀ ਵੀ ਬੱਚਤ ਹੁੰਦੀ ਹੈ ।