ਫ਼ਿਰਕੂ ਹਿੱਸਿਆਂ ‘ਚ ਭਾਰਤ ਨੂੰ ਵੰਡਣ ਵਾਲਾ, ਨਾਗਰਿਕਤਾ ਕਾਨੂੰਨ

443

ਜਦੋਂ ਤੋਂ ਮੋਦੀ ਸਰਕਾਰ ਨੇ ਨਾਗਰਿਕਤਾ ਸੋਧ ਬਿੱਲ ਪਾਸ ਕੀਤਾ ਹੈ, ਉਦੋਂ ਤੋਂ ਲੈ ਕੇ ਹੀ ਦੇਸ਼ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਮੋਦੀ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਜਾਰੀ ਹੈ। ਮੋਦੀ ਸਰਕਾਰ ਬੇਸ਼ੱਕ ਇਹ ਬਿਆਨ ਜਾਰੀ ਕਰ ਰਹੀ ਹੈ ਕਿ ਇਸ ਕਾਨੂੰਨ ਦਾ ਕਿਸੇ ਵੀ ਭਾਰਤੀ ਨਾਗਰਿਕ ਨੂੰ ਕੋਈ ਵੀ ਮੁਸ਼ਕਲ ਜਾਂ ਫਿਰ ਪ੍ਰੇਸ਼ਾਨੀ ਨਹੀਂ ਆਵੇਗੀ। ਪਰ ਅਸਲੀਅਤ ਤਾਂ ਇਹ ਹੈ ਕਿ ਇਸ ਕਾਨੂੰਨ ਤੋਂ ਮਗਰੋਂ ਐਨਆਰਸੀ ਅਤੇ ਕੌਮੀ ਨਾਗਰਿਕਤਾ ਰਜਿਸਟਰਡ ਨੂੰ ਮੋਦੀ ਸਰਕਾਰ ਲਿਆ ਕੇ ਭਾਰਤੀਆਂ ਨੂੰ ਫਿਰ ਤੋਂ ਭੱਬਲ ਭੂਸਿਆਂ ਵਿੱਚ ਪਾਏਗੀ। ਮੋਦੀ ਸਰਕਾਰ ਦਾ ਹਮੇਸ਼ਾ ਹੀ ਇਹ ਹੀ ਏਜੰਡਾ ਰਿਹਾ ਹੈ ਕਿ ਦੇਸ਼ ਦੇ ਹਿੰਦੂਆਂ ਨੂੰ ਛੱਡ ਕੇ ਬਾਕੀ ਸਭਨਾਂ ਧਰਮਾਂ ਅਤੇ ਜਾਤਾਂ ਦੇ ਲੋਕਾਂ ਨੂੰ ਕੁਚਲਿਆ ਜਾਵੇ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਵੱਧ ਤੋਂ ਵੱਧ ਨਿਸ਼ਾਨਾ ਬਣਾਇਆ ਜਾਵੇ। ਦੱਸ ਦਈਏ ਕਿ ਮੋਦੀ ਸਰਕਾਰ ਦੇ ਵੱਲੋਂ ਸਭ ਤੋਂ ਵੱਧ ਜੇਕਰ ਕਿਸੇ ਵਰਗ ‘ਤੇ ਜ਼ੁਲਮ ਢਾਹਿਆ ਹੈ ਤਾਂ ਉਹ ਸਿੱਖ ਅਤੇ ਮੁਸਲਮਾਨ ਤੋਂ ਇਲਾਵਾ ਦਲਿਤ ਲੋਕ ਹਨ। ਭਾਵੇਂ ਹੀ ਇਨ੍ਹਾਂ ਵਰਗਾਂ ਉੱਪਰ ਮੋਦੀ ਸਰਕਾਰ ਕਹਿਰ ਢਾਹ ਰਹੀ ਹੈ, ਪਰ ਇਨ੍ਹਾਂ ਵਰਗਾਂ ਦਾ ਸਾਥ ਸਾਰੇ ਇਨਕਲਾਬੀ ਦੇ ਰਹੇ ਹਨ। ਭਾਰਤ ਧਰਮ ਨਿਰਪੱਖ ਦੇਸ਼ ਹੈ ਅਤੇ ਇਸ ਲਈ ਸਭਨਾਂ ਧਰਮਾਂ ਤੇ ਜਾਤਾਂ ਦੇ ਲੋਕਾਂ ਨੂੰ ਭਾਰਤ ਦੇ ਅੰਦਰ ਰਹਿਣ ਦਾ ਪੂਰਨ ਤੌਰ ‘ਤੇ ਅਧਿਕਾਰ ਹੈ। ਸਾਡੇ ਦੇਸ਼ ਦਾ ਸੰਵਿਧਾਨ ਵੀ ਸਾਨੂੰ ਸਭਨਾਂ ਧਰਮਾਂ ਅਤੇ ਜਾਤਾਂ ਦੀ ਇੱਜ਼ਤ ਕਰਨੀ ਹੀ ਸਿਖਾਉਂਦਾ ਹੈ, ਪਰ ਮੋਦੀ ਸਰਕਾਰ ਪਤਾ ਨਹੀਂ ਕਿਹੜੇ ਸੰਵਿਧਾਨ ਨੂੰ ਅੱਗੇ ਲਿਆ ਕੇ ਘੱਟ ਗਿਣਤੀਆਂ ਤੋਂ ਇਲਾਵਾ ਸਿੱਖਾਂ, ਮੁਸਲਮਾਨਾਂ ਅਤੇ ਦਲਿਤਾਂ ਨੂੰ ਕੁਚਲ ਰਹੀ ਹੈ ਅਤੇ ਉਨ੍ਹਾਂ ਦੇ ਕੋਲੋਂ ਉਨ੍ਹਾਂ ਦੇ ਅਧਿਕਾਰ ਖੋਹ ਕੇ ਜੇਲ੍ਹਾਂ ਦੇ ਅੰਦਰ ਬੰਦ ਕਰ ਰਹੀ ਹੈ, ਜਿਸ ਦਾ ਅਸੀਂ ਸਭ ਵਿਰੋਧ ਕਰਦੇ ਹਨ। ਹਿੰਦੂ ਰਾਸ਼ਟਰ ਦੇ ਏਜੰਡੇ ਤਹਿਤ ਹਿੰਦੂਤਵ ਜੱਥੇਬੰਦੀਆਂ, ਆਰਐਸਐਸ, ਬਜਰੰਗ ਦਲ, ਸ਼ਿਵ ਸੈਨਾ ਅਤੇ ਸਭ ਤੋਂ ਕੱਟੜ ਹਿੰਦੂਆਂ ਦੀ ਪਾਰਟੀ ਭਾਜਪਾ ਦੇਸ਼ ਦੇ ਲੋਕਾਂ ਨੂੰ ਕਥਿਤ ਤੌਰ ‘ਤੇ ਵੰਡਣ ਲਈ ਆਪਣੀਆਂ ਕਈ ਮੁਹਿੰਮਾਂ ਛੇੜ ਰਹੀ ਹੈ। ਦੱਸ ਦਈਏ ਕਿ ਨਾਗਰਿਕਤਾ ਸੋਧ ਬਿੱਲ ਦਾ ਸਿੱਧਾ ਸਿੱਧਾ ਇਹ ਹੀ ਮਤਲਬ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਭਾਰਤ ਨੂੰ ਹਿੰਦੂ ਰਾਸ਼ਟਰ ਦੇਸ਼ ਬਣਾਉਣਾ ਚਾਹੁੰਦੀ ਹੈ, ਜਿਸ ਦੇ ਕਾਰਨ ਸਮੂਹ ਵਰਗ ਇਸ ਬਿੱਲ ਦਾ ਭਾਰਤ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਵਿਰੋਧ ਕਰ ਰਹੇ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਦਿੱਲੀ ਦੀ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਅੰਦਰ ਕੇਂਦਰ ਦੀ ਸ਼ਹਿ ‘ਤੇ ਪੁਲਿਸ ਨੇ ਜੋ ਅੱਤਿਆਚਾਰ ਵਿਦਿਆਰਥੀ ਵਰਗ ‘ਤੇ ਕੀਤਾ, ਉਹ ਨਾ ਸਹਿਣਯੋਗ ਹੈ। ਕੇਂਦਰ ਨੇ ਨਾਗਰਿਕਤਾ ਸੋਧ ਬਿੱਲ ਨੂੰ ਪਾਸ ਕਰਕੇ ਦੇਸ਼ ਦੇ ਲੋਕਾਂ ਨੂੰ ਪ੍ਰਦਰਸ਼ਨ ਕਰਨ ਵਾਸਤੇ ਮਜ਼ਬੂਰ ਕਰ ਦਿੱਤਾ ਹੈ, ਪਰ ਗੋਦੀ ਮੀਡੀਆ ਇਹ ਸਭ ਕੁਝ ਵਿਖਾ ਨਹੀਂ ਰਿਹਾ। ”ਚੰਦ” ਕੁ ਮੀਡੀਆ ਅਦਾਰੇ ਹੀ ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦੀ ਕਵਰੇਜ ਕਰਕੇ, ਜਨਤਾ ਦੇ ਮੂਹਰੇ ਸੱਚ ਪੇਸ਼ ਕਰ ਰਹੇ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਪ੍ਰਦਰਸ਼ਨ ਹੋਏ, ਉੱਥੇ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਭਰ ਦੀਆਂ ਹੋਰਨਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਵਿਦਿਆਰਥੀ ਵਰਗ ਦੇ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦਾ ਚਿਹਰਾ ਬੇਨਕਾਬ ਕਰਦਿਆਂ ਹੋਇਆ, ਮੋਦੀ ਨੂੰ ਹਿਟਲਰ ਦਾ ਸਾਥੀ ਦੱਸਿਆ। ਵਿਦਿਆਰਥੀਆਂ ਵਰਗ ਨੇ ਦਿੱਲੀ ਦੀ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ‘ਤੇ ਪੁਲਿਸ ਦੇ ਹੋਏ ਅੱਨ੍ਹੇ ਤਸ਼ੱਦਦ ਦੀ ਨਿੰਦਾ ਕੀਤੀ। ਵਿਦਿਆਰਥੀ ਸਾਥੀਆਂ ਨੇ ਕਿਹਾ ਕਿ ਦਿੱਲੀ ਪੁਲਿਸ ਦੀ ਇਸ ਅਣਮਨੁੱਖੀ ਕਾਰਵਾਈ ਲਈ ਉਸ ‘ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਨਾਗਰਿਕਤਾ ਕਾਨੂੰਨ ਦੇਸ਼ ਨੂੰ ਫ਼ਿਰਕੂ ਹਿੱਸਿਆ ਵਿੱਚ ਵੰਡਣ ਵਾਲਾ ਹੈ। ਇਹ ਕਾਨੂੰਨ ਉਨ੍ਹਾਂ ਨੂੰ ਮਨਜ਼ੂਰ ਨਹੀਂ ਤੇ ਸਾਰੇ ਦੇਸ਼ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ। ਇਸ ਕਾਨੂੰਨ ਵਿੱਚ ਸੋਧ ਕਰਕੇ ਮੁਸਲਿਮ ਭਾਈਚਾਰੇ ਨੂੰ ਵੀ ਇਸ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦੇਣੀ ਚਾਹੀਦੀ ਹੈ।