ਫ਼ਿਲਮ ਅਦਾਕਾਰ ਕਿਰਨ ਕੁਮਾਰ ਹੋਏ ਕੋਰੋਨਾ–ਪਾਜ਼ਿਟਿਵ

631

ਫ਼ਿਲਮ ਅਦਾਕਾਰ ਕਿਰਨ ਕੁਮਾਰ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ।  75 ਸਾਲਾ ਕਿਰਨ ਕੁਮਾਰ ਨੇ ਪਿੱਛੇ ਜਿਹੇ ਆਪਣਾ ਮੈਡੀਕਲ ਟੈਸਟ ਕਰਵਾਇਆ ਸੀ, ਜਿਸ ਵਿੱਚ ਉਨ੍ਹਾਂ ਦੀ ਰਿਪੋਰਟ ਪਾਜ਼ਿਟਿਵ ਆਈ। ਰਿਪੋਰਟ ਆਉਣ ਤੋਂ ਬਾਅਦ ਫ਼ਿਲਹਾਲ ਉਨ੍ਹਾਂ ਨੂੰ ਘਰ ਅੰਦਰ ਹੀ ਕੁਆਰੰਟੀਨ ’ਚ ਰੱਖਿਆ ਗਿਆ ਹੈ।

ਖ਼ਬਰ ਏਜੰਸੀ ਪੀਟੀਆਈ ਨੂੰ ਦਿੱਤੇ ਬਿਆਨ ’ਚ ਅਦਾਕਾਰ ਨੇ ਕਿਹਾ ਕਿ – ਮੈਂ ਠੀਕ ਸਾਂ ਤੇ ਮੇਰੇ ਸਰੀਰ ਵਿੱਚ ਕੋਈ ਲੱਛਣ ਵੀ ਨਹੀਂ ਸਨ। ਬੀਤੀ 14 ਮਈ ਨੂੰ ਮੈਡੀਕਲ ਚੈਕਅਪ ਲਈ ਹਸਪਤਾਲ ਗਿਆ ਸਾਂ, ਜਿੱਥੇ ਕੋਵਿਡ–19 ਦਾ ਟੈਸਟ ਲਾਜ਼ਮੀ ਹੈ।

ਮੈਂ ਉੱਥੇ ਖੁਦ ਦਾ ਟੈਸਟ ਕਰਵਾਇਆ ਤੇ ਰਿਜ਼ਲਟ ਪਾਜ਼ਿਟਿਵ ਆਇਆ ਪਰ ਮੇਰੇ ਸਰੀਰ ’ਚ ਨਾ ਤਾਂ ਉਸ ਵੇਲੇ ਕੋਈ ਲੱਛਣ ਸੀ ਤੇ ਨਾ ਹੁਣ ਹੈ। ਨਾ ਬੁਖਾਰ ਹੈ, ਨਾ ਜ਼ੁਕਾਮ, ਮੈਂ ਠੀਕ ਹਾਂ ਤੇ ਮੈਂ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ।

ਕਿਰਨ ਕੁਮਾਰ ਹੁਰਾਂ ਅੱਗੇ ਕਿਹਾ ਕਿ ਮੈਡੀਕਲ ਟੈਸਟ 10 ਦਿਨ ਪਹਿਲਾਂ ਹੋਇਆ ਸੀ ਤੇ ਹਾਲੇ ਤੱਕ ਕਿਰਨ ਕੁਮਾਰ ’ਚ ਕੋਈ ਲੱਛਣ ਨਜ਼ਰ ਨਹੀਂ ਆਇਆ। ਮੇਰਾ ਪਰਿਵਾਰ ਦੂਜੀ ਮੰਜ਼ਿਲ ’ਤੇ ਰਹਿੰਦਾ ਹੈ ਅਤੇ ਮੈਂ ਤੀਜੀ ਮੰਜ਼ਿਲ ’ਤੇ ਰਹਿੰਦਾ ਹਾਂ। ਆਉਂਦੀ 26 ਜਾਂ 27 ਮਈ ਨੂੰ ਮੇਰਾ ਦੂਜਾ ਟੈਸਟ ਹੋਣਾ ਹੈ, ਉਂਝ ਹਾਲੇ ਤੱਕ ਤਾਂ ਮੈਂ ਪੂਰੀ ਤਰ੍ਹਾਂ ਤੰਦਰੁਸਤ ਹਾਂ।

ਬਾਲੀਵੁੱਡ ਨਾਲ ਜੁੜੇ ਕਲਾਕਾਰਾਂ ਵਿੱਚੋਂ ਸਭ ਤੋਂ ਪਹਿਲਾਂ ਗਾਇਕਾ ਕਨਿਕਾ ਕਪੂਰ ਦੇ ਕੋਰੋਨਾ–ਪਾਜ਼ਿਟਿਵ ਹੋਣ ਦੀ ਖ਼ਬਰ ਆਈ ਸੀ। ਫਿਰ ਨਿਰਮਾਤਾ ਕਰੀਮ ਮੋਰਾਨੀ, ਉਨ੍ਹਾਂ ਦੀਆਂ ਦੋਵੇਂ ਧੀਆਂ ਸ਼ਜਾ ਤੇ ਜ਼ੋਆ ਮੋਰਾਨੀ ਕੋਰੋਨਾ–ਪਾਜ਼ਿਟਿਵ ਪਾਏ ਗਏ ਸਨ।

ਆਪਣੇ ਜ਼ਮਾਨੇ ਦੇ ਮਸ਼ਹੂਰ ਫ਼ਿਲਮ ਅਦਾਕਾਰ ਜੀਵਨ ਦੇ ਪੁੱਤਰ ਕਿਰਨ ਕੁਮਾਰ ਨੇ 1960ਵਿਆਂ ਦੌਰਾਨ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕੀਤਾ ਸੀ। ਫ਼ਿਲਮ ‘ਲਵ ਇਨ ਸ਼ਿਮਲਾ’ ਉਨ੍ਹਾਂ ਦੀ ਪਹਿਲੀ ਫ਼ਿਲਮ ਸੀ। ਫਿਹ ਅਪਰਾਧੀ, ਮਿਸਟਰ ਰੋਮੀਓ, ਰਈਸ, ਕੁਲਵਧੂ, ਮੌਤ ਕੇ ਸੌਦਾਗਰ, ਕੁਦਰਤ ਕਾ ਕਾਨੂੰਨ, ਕਾਤਿਲ, ਗੰਗਾ ਤੇਰੇ ਦੇਸ਼ ਮੇਂ, ਕਾਲਾ ਬਾਜ਼ਾਰ, ਦੋਸਤ, ਪੱਥਰ ਕੇ ਫੂਲ, ਖੂਨ ਕਾ ਕਰਜ਼, ਹਿਨਾ, ਖੁਦਾ ਗਵਾਹ, ਬੋਲ ਰਾਧਾ ਬੋਲ, ਯੇ ਹੈ ਜਲਵਾ, ਕਿਉਂਕਿ ਮੈਂ ਝੂਠ ਨਹੀਂ ਬੋਲਤਾ, ਧੜਕਨ, ਮੁਝਸੇ ਸ਼ਾਦਾ ਕਰੋਗੇ, ਬੌਬੀ ਜਾਸੂਸ, ਆਕਾਸ਼ਵਾਣੀ ਸਮੇਤ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਛੋਟੇ ਪਰਦੇ ’ਤੇ ਵੀ ਕਿਰਨ ਕੁਮਾਰ ਨੇ ਆਪਣੀ ਧਾਕ ਜਮਾਈ ਹੈ। Punjabi-Ht