ਭਗਤ ਸਿੰਘ ਤੇ ਸਾਥੀਆਂ ਦੀਆਂ ਕੁਰਬਾਨੀ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ: ਇਨਕਲਾਬੀ ਵਿਰਾਸਤ ਪ੍ਰਚਾਰ ਮੰਚ
ਦਲਜੀਤ ਕੌਰ
ਸੁਨਾਮ, 31 ਮਾਰਚ, 2026: ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਲੜਕੀਆਂ ) ਸੁਨਾਮ ਊਧਮ ਸਿੰਘ ਵਾਲਾ ਵਿਖੇ ਵਿਦਿਆਰਥੀਆਂ ਨੂੰ ਭਗਤ ਸਿੰਘ ਤੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਦੇ ਵਿਚਾਰਾਂ ਬਾਰੇ ਜਾਣੂ ਕਰਵਾਇਆ ਗਿਆ।
ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਜ਼ਿੰਦਗੀਆਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਭਗਤ ਸਿੰਘ ਦੀ ਜਿੰਦਗੀ ਵਿੱਚ ਕਿਤਾਬਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਹਨਾਂ ਨੇ ਛੋਟੀ ਉਮਰ ਵਿਚ ਕਈ ਲਿਖਤਾਂ ਲਿਖੀਆਂ।
ਰਾਕੇਸ਼ ਕੁਮਾਰ ਇਤਿਹਾਸਕਾਰ ਸੂਬਾ ਜਨਰਲ ਸਕੱਤਰ ਨੇ ਫਿਰੋਜ਼ਪੁਰ ਸਥਿਤ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਗੁਪਤ ਟਿਕਾਣੇ,ਉੱਥੇ ਆਉਣ ਵਾਲੇ ਦੇਸ ਭਗਤਾਂ ਤੇ ਉਹਨਾਂ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ।
ਇਸੇ ਟਿਕਾਣੇ ਵਿਖੇ ਭਗਤ ਸਿੰਘ ਨੇ ਆਪਣੀ ਪਾਰਟੀ ਦੀਆਂ ਲੋੜਾਂ ਮੁਤਾਬਕ ਕੇਸ ਦੇ ਦਾੜ੍ਹੀ ਕਟਵਾਏ, ਨਿਸ਼ਾਨੇਬਾਜ਼ੀ ਦਾ ਅਭਿਆਸ ਕੀਤਾ ਤੇ ‘ਚਾਂਦ’ ਫਾਂਸੀ ਅੰਕ ਲਈ ਕਈ ਸ਼ਹੀਦਾਂ ਦੀਆਂ ਜੀਵਨੀਆਂ ਵੀ ਇੱਥੇ ਹੀ ਸ਼ਿਵ ਵਰਮਾ ਨੇ ਲਿਖੀਆਂ ਸਨ।
ਇੱਥੇ ਉਹ ਸਾਰੇ ਆਪਣਾ ਨਾਮ ਬਦਲ ਕੇ ਰਹਿੰਦੇ ਸੀ। ਉਹਨਾਂ ਮੰਗ ਕੀਤੀ ਕਿ ਸਰਕਾਰ ਨੂੰ ਇਸ ਗੁਪਤ ਟਿਕਾਣੇ ਨੂੰ ਜਲਦੀ ਮਿਊਜ਼ੀਅਮ ਤੇ ਲਾਇਬਰੇਰੀ ਵਿੱਚ ਬਦਲੇ। ਮੰਚ ਵੱਲੋਂ ਭਗਤ ਸਿੰਘ ਤੇ ਸਾਥੀਆਂ ਦੇ ਵਿਚਾਰਾਂ ਬਾਰੇ ਛਪਿਆ ਪਰਚਾ ਵੀ ਵਿਦਿਆਰਥੀਆਂ ਨੂੰ ਵੰਡਿਆ ਗਿਆ।






