ਫਿਰੋਜ਼ਪੁਰ 20 ਮਈ:
ਜਣੇਪੇ ਦੌਰਾਨ/ਉਪਰੰਤ ਜੱਚਾ-ਬੱਚਾ ਨੂੰ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੇ ਸ਼ੁਰੂ ਕੀਤੇ ਕੋਰੋਨਾ ਟੈਸਟਾਂ ਤਹਿਤ ਅੱਜ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਰੁਟੀਨ ਦੀ ਜਾਂਚ ਲਈ ਆਈਆਂ ਦੋ ਦਰਜਨ ਗਰਭਵਤੀ ਔਰਤਾਂ ਦੇ ਕੋਰੋਨਾ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ।
ਪ੍ਰਤੱਖ ਦਰਸ਼ੀਆਂ ਅਨੁਸਾਰ ਇਸ ਮੌਕੇ ਹੋਏ ਭਾਰੀ ਇਕੱਠ ਕਾਰਨ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਨਜ਼ਰਅੰਦਾਜ਼ ਤਾਂ ਕੀਤਾ ਹੀ ਗਿਆ, ਸੋਸ਼ਲ ਡਿਸਟੈਂਸਿੰਗ ਦੀ ਵੀ ਪਾਲਨਾ ਨਹੀਂ ਕੀਤੀ ਗਈ।
ਸੈਂਪਲ ਇਕੱਤਰ ਕਰਨ ਦੀ ਜਿੰਮੇਵਾਰੀ ਨਿਭਾਅ ਰਹੀ ਡਾਕਟਰ ਪ੍ਰੇਮਦੀਪ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨੇੜ ਭਵਿੱਖ ਵਿੱਚ ਬੱਚਿਆਂ ਨੂੰ ਜਨਮ ਦੇਣ ਵਾਲੀਆਂ 25 ਗਰਭਵਤੀ ਔਰਤਾਂ ਅਤੇ 4 ਕੈਦੀਆਂ ਦੇ ਅੱਜ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਹਨ।
ਜਿਨ੍ਹਾਂ ਦੀ ਰਿਪੋਰਟ ਦੋ ਦਿਨ ਤੱਕ ਆਉਣ ਦੀ ਸੰਭਾਵਨਾ ਹੈ। ਇਸ ਮੌਕੇ ਸੋਸ਼ਲ ਡਿਸਟੈਂਸਿੰਗ ਦੀ ਪਾਲਨਾ ਨਾ ਹੋਣ ਸਬੰਧੀ ਸਵਾਲ ਨੂੰ ਉਹ ਟਾਲ ਗਏ।