2 ਹਜ਼ਾਰ ਦੇ ਕਰੀਬ ਲੌਕਡਾਊਨ ਦੌਰਾਨ ਸੜਕ ਹਾਦਸੇ, 368 ਲੋਕਾਂ ਦੀ ਮੌਤ

584

ਚੰਡੀਗੜ੍ਹ: ਲੌਕਡਾਊਨ ਲਾਗੂ ਹੋਣ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਘਰ ਪਰਤਣ ਲਈ ਸੜਕਾਂ ਤੇ ਉੱਤਰ ਆਈ। ਆਵਾਜਾਈ ਦੇ ਸਾਦਨ ਬੰਦ ਹੋਣ ਕਾਰਨ ਇਨ੍ਹਾਂ ਮਜ਼ਦੂਰਾਂ ਨੇ ਪੈਦਲ ਹੀ ਪਲਾਇਨ ਸ਼ੁਰੂ ਕਰ ਦਿੱਤਾ। ਪਰ ਇਸ ਕੂਚ ਦੌਰਾਨ ਕਈ ਮਜ਼ਦੂਰਾਂ ਨੂੰ ਵਾਹਨਾਂ ਨੇ ਰੌਂਦ ਦਿੱਤਾ, ਕਈਆਂ ਦੇ ਵਾਹਨ ਉਲਟ ਗਏ, ਕਈਆਂ ਦੀ ਮੌਤ ਦੋ ਵਾਹਨਾਂ ਦੀ ਟਕੱਰ ‘ਚ ਹੋ ਗਈ ਅਤੇ ਕਈ ਮਜ਼ਦੂਰ ਰੇਲਵੇ ਟ੍ਰੈਕ ਤੇ ਆਪਣੀ ਜਾਨ ਗੁਆ ਬੈਠੇ।ਇਸ ਤਰ੍ਹਾਂ ਇਨ੍ਹਾਂ ਮਜ਼ਦੂਰਾਂ ਦੀ ਮੌਤ ਦਾ ਸਿਲਸਲਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ ਨਵੇਂ ਹਾਦਸੇ ਸਾਹਮਣੇ ਆਉਂਦੇ ਹਨ।

ਇੱਕ ਐੱਨਜੀਓ ਸੇਵ ਲਾਇਫ ਫਾਊਂਡੇਸ਼ਨ ਦੇ ਮੁਤਾਬਿਕ 25 ਮਾਰਚ ਨੂੰ ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ 16 ਮਈ ਤੱਕ 2 ਹਜ਼ਾਰ ਦੇ ਕਰੀਬ ਸੜਕ ਹਾਦਸੇ ਵਾਪਰੇ ਹਨ।ਜਿਨ੍ਹਾਂ ‘ਚ 368 ਲੋਕਾਂ ਦੀ ਮੌਤ ਹੋਈ ਹੈ।ਇਨ੍ਹਾਂ ਵਿੱਚ ਆਪਣੇ ਘਰਾਂ ਨੂੰ ਪਰਤਣ ਵਾਲੇ  139  ਪ੍ਰਵਾਸੀ , 27 ਲੋੜੀਂਦੀਆਂ ਚੀਜ਼ਾਂ ਦੀ ਸਪਲਾਈ ਕਰਨ ਵਾਲੇ ਤੇ 202 ਹੋਰ ਸ਼ਾਮਲ ਹਨ।

368 ਵਿੱਚੋਂ ਤਕਰੀਬਨ 100 ਮੌਤਾਂ ਇੱਕਲੇ ਯੂਪੀ ਤੋਂ ਦਰਜ ਹੋਈਆਂ ਹਨ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ‘ਚ 30, ਤੈਲਾਂਗਨਾ ‘ਚ 22, ਮਹਾਰਾਸ਼ਟਰ ‘ਚ 19 ਅਤੇ ਪੰਜਾਬ ‘ਚ 17 ਲੋਕਾਂ ਦੀ ਮੌਤ ਹੋਈ ਹੈ।ਇਨ੍ਹਾਂ ਵਿਚੋਂ ਵਧੇਰੇ ਮਾਮਲੇ ਤੇਜ਼ੀ ਰਫਤਾਰ ਸੜਕ ਦੁਰਘਟਨਾ ਦੇ ਹਨ।

ਅਜਿਹਾ ਹੀ ਇਕ ਹਾਦਸਾ ਸ਼ਨੀਵਾਰ ਤੜਕੇ ਸਾਢੇ ਤਿੰਨ ਵਜੇ ਉੱਤਰ ਪ੍ਰਦੇਸ਼ ਦੇ ਔਰਈਆ ਰਾਜ ਮਾਰਗ ਨੇੜੇ ਵਾਪਰਿਆ, ਜਿੱਥੇ ਇਕ ਵਾਹਨ ਟਰੱਕ ਨਾਲ ਟਕੱਰਾ ਗਿਆ। ਇਸ ਹਾਦਸੇ ਵਿੱਚ ਘੱਟੋ ਘੱਟ 24 ਲੋਕਾਂ ਦੀ ਮੌਤ ਹੋ ਗਈ ਅਤੇ 36 ਹੋਰ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਵਾਹਨ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਲੀ ਤੋਂ ਮੱਧ ਪ੍ਰਦੇਸ਼ ਲੈ ਜਾ ਰਿਹਾ ਸੀ, ਜਦੋਂ ਕਿ ਦੂਜਾ ਵਾਹਨ ਰਾਜਸਥਾਨ ਜਾ ਰਿਹਾ ਸੀ।

ਕੁਝ ਘੰਟਿਆਂ ਬਾਅਦ, ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਇੱਕ ਅਜਿਹਾ ਹੀ ਹਾਦਸਾ ਵਾਪਰਿਆ, ਜਦੋਂ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਜਾ ਰਿਹਾ ਇੱਕ ਟਰੱਕ ਸਾਗਰ-ਕਾਨਪੁਰ ਸੜਕ ‘ਤੇ ਪਲਟ ਗਿਆ। ਇਸ ਹਾਦਸੇ ਵਿੱਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ।

ਸਭ ਤੋਂ ਭਿਆਨਕ ਹਾਦਸਾ ਮਹਾਰਾਸ਼ਟਰ ਦੇ ਔਰੰਗਾਬਾਦ ਨੇੜੇ ਟਰੈਕ ‘ਤੇ ਵਾਪਰਿਆ, ਜਿਥੇ ਮੱਧ ਪ੍ਰਦੇਸ਼ ਜਾ ਰਹੇ 16 ਪ੍ਰਵਾਸੀ ਮਜ਼ਦੂਰਾਂ ਨੂੰ ਮਾਲ ਗੱਡੀ ਨੇ ਵੱਢ ਸੁੱਟਿਆ ਸੀ।