20 ਲੱਖ ਕਰੋੜ ਨਹੀਂ, ਬਲਕਿ 3.22 ਲੱਖ ਕਰੋੜ ਦਾ ਪੈਕੇਜ਼

591

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ 20 ਲੱਖ ਕਰੋੜ ਦੇ ਵਿੱਤੀ ਪੈਕੇਜ ਤੇ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕ ਰਹੀਆਂ ਹਨ। ਕਾਂਗਰਸ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ 20 ਲੱਖ ਕਰੋੜ ਦਾ ਪੈਕੇਜ ਨਹੀਂ। ਇਹ ਸਿਰਫ਼ 3.22 ਲੱਖ ਕਰੋੜ ਰੁਪਏ ਦਾ ਹੈ ਜੋ ਜੀਡੀਪੀ ਦਾ 1.6 ਫੀਸਦ ਹੈ। ਆਨੰਦ ਸ਼ਰਮਾ ਨੇ ਇਸ ਸਬੰਧੀ ਵਿੱਤ ਮੰਤਰੀ ਤੋਂ ਜਵਾਬ ਮੰਗਿਆ ਹੈ।

ਉਨ੍ਹਾਂ ਕਿਹਾ ਕਿ ਸੜਕਾਂ ‘ਤੇ ਪੈਦਲ ਚੱਲਣ ਲਈ ਮਜ਼ਬੂਰ ਪਰਵਾਸੀਆਂ ਦੀ ਹਾਲਤ ‘ਤੇ ਸਰਕਾਰ ਨੂੰ ਜਵਾਬ ਦੇਣਾ ਪਏਗਾ। ਉਨ੍ਹਾਂ ਬਜ਼ੁਰਗਾਂ ਤੇ ਮਹਿਲਾਵਾਂ ਨੂੰ ਦਿੱਤੀ ਪੈਂਸ਼ਨ ‘ਤੇ ਸਵਾਲ ਕੀਤਾ ਕਿ ਸਿਰਫ਼ 21 ਫੀਸਦ ਲੋਕਾਂ ਦਾ ਹੀ ਅਕਾਊਂਟ ਹੈ। ਚੰਗਾ ਹੁੰਦਾ ਕਿ ਇਸ ਨੂੰ ਮਨਰੇਗਾ ਨਾਲ ਜੋੜਿਆ ਜਾਂਦਾ।

ਕਾਂਗਰਸ ਨੇ ਮੰਗ ਕੀਤੀ ਕਿ 150 ਦਿਨ ਹਰ ਮਜ਼ਦੂਰ ਨੂੰ ਮਿਲਣ ਤੇ ਘੱਟੋ ਘੱਟ 300 ਰੁਪਏ ਦਿੱਤੇ ਜਾਣ। ਉਨ੍ਹਾਂ ਕਿਹਾ ਜੋ 20 ਰੁਪਏ ਵਧਾਉਣ ਦਾ ਐਲਾਨ ਕੀਤਾ ਗਿਆ ਉਹ ਸਰਾਸਰ ਮਜ਼ਾਕ ਹੈ। ਹਾਲਾਂਕਿ ਮਨਰੇਗਾ ਬਜ਼ਟ ‘ਚ 40 ਹਜ਼ਾਰ ਕਰੋੜ ਦੇ ਵਾਧੇ ਦਾ ਉਨ੍ਹਾਂ ਸੁਆਗਤ ਕੀਤਾ ਹੈ।

ਉਨ੍ਹਾਂ ਕਿਹਾ ਜਦੋਂ ਤਕ ਗਰੀਬਾਂ-ਮਜ਼ਦੂਰਾਂ ਦੇ ਹੱਥ ‘ਚ ਪੈਸਾ ਸਿੱਧਾ ਨਹੀਂ ਜਾਏਗਾ, ਅਸੀਂ ਉਸ ਨੂੰ ਕਿਸੇ ਵੀ ਤਰ੍ਹਾਂ ਇਨਸੈਨਟਿਵ ਨਹੀਂ ਮੰਨਾਂਗੇ। ਇਸ ਤੋਂ ਇਲਾਵਾ ਪੀਐਮ-ਕਿਸਾਨ ਦਾ ਪੈਸਾ ਵਿੱਤੀ ਪੈਕੇਜ ਦਾ ਹਿੱਸਾ ਨਹੀਂ ਹੈ, ਇਹ ਚੋਣਾਂ ਤੋਂ ਪਹਿਲਾਂ ਦਾ ਐਲਾਨ ਹੈ।

ਆਨੰਦ ਸ਼ਰਮਾ ਨੇ ਕਿਹਾ ਕਈ ਸੁਧਾਰਾਂ ਦਾ ਐਲਾਨ ਕੀਤਾ ਗਿਆ ਹੈ ਪਰ ਇਹ ਸਮਾਂ ਲੜਖੜਾਉਂਦੀ ਵਿਵਸਥਾ ਤੇ ਉਦਯੋਗਾਂ ਨੂੰ ਸਹੀ ਰਾਹ ‘ਤੇ ਲਿਆਉਣ ਦਾ ਹੈ।