ਪੰਜਾਬ ਨੈੱਟਵਰਕ, ਪਟਿਆਲਾ
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦਾ 29ਵਾਂ ਸੂਬਾ ਡੈਲੀਗੇਟ ਇਜਲਾਸ ਪਟਿਆਲਾ ਦੇ ਪਰਭਾਤ-ਪਰਵਾਨਾ ਟਰੇਡ ਯੂਨੀਅਨ ਸੈਂਟਰ ਵਿਖੇ ‘ਡਾ ਰਵਿੰਦਰ ਸਿੰਘ ਰਵੀ’ ਨੂੰ ਸਮਰਪਤ ਹਾਲ ਵਿੱਚ 3 ਅਤੇ 4 ਸਤੰਬਰ ਨੂੰ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਡੈਲੀਗੇਟ ਇਜਲਾਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਲਵਪ੍ਰੀਤ ਮਾੜੀਮੇਘਾ,ਸੀਨੀਅਰ ਆਗੂ ਅਤੇ ਸਾਬਕਾ ਕੌਮੀ ਗਰਲਜ਼ ਕਨਵੀਨਰ ਕਰਮਵੀਰ ਕੌਰ ਬੱਧਨੀ, ਪ੍ਰਿਤਪਾਲ ਸਿੰਘ,ਸੁਖਵਿੰਦਰ ਮਲੋਟ ਅਤੇ ਸੂਬਾ ਗਰਲਜ਼ ਕਨਵੀਨਰ ਨੀਤੂ ਕੰਬੋਜ ਅਤੇ ਰਮਨ ਧਰਮੂਵਾਲਾ ਨੇ ਕੀਤੀ। ਇਜਲਾਸ ਦੇ ਪਹਿਲੇ ਦਿਨ ਏ. ਆਈ. ਐੱਸ. ਐੱਫ. ਦੇ ਕੌਮੀ ਜਰਨਲ ਸਕੱਤਰ ਵਿੱਕੀ ਮਹੇਸ਼ਰੀ ਨੇ ਝੰਡਾ ਲਹਿਰਾਇਆ, ਸੀਨੀਅਰ ਵਕੀਲ ਅਤੇ ਜੱਥੇਬੰਦੀ ਦੇ ਸਾਬਕਾ ਆਗੂ ਅਤੇ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਮੌਜੂਦਾ ਜਨਰਲ ਸਕੱਤਰ ਸਾਥੀ ਗੁਰਮੀਤ ਸਿੰਘ ਸ਼ੁਗਲੀ ਨੇ ਇਜਲਾਸ ਦਾ ਉਦਘਾਟਨ ਕੀਤਾ, ਉਹਨਾਂ ਜੱਥੇਬੰਦੀ ਨੂੰ ਇਜਲਾਸ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ ਜੱਥੇਬੰਦੀ ਦੇ ਸ਼ਾਨਦਾਰ ਇਤਿਹਾਸ ਤੋਂ ਸੇਧ ਲੈ ਕੇ ਭਵਿੱਖੀ ਗਤੀਵਿਧੀਆਂ ਉਲੀਕਣ ਗੁਰ ਸਿੱਖਣ ਲਈ ਪ੍ਰੇਰਿਆ।
ਇਜਲਾਸ ਵਿੱਚ ਉਚੇਚੇ ਤੌਰ ‘ਤੇ ਪਹੁੰਚੇ ਜੱਥੇਬੰਦੀ ਦੇ ਸਾਬਕਾ ਕੌਮੀ ਪ੍ਰਧਾਨ ਸਾਥੀ ਬੰਤ ਸਿੰਘ ਬਰਾੜ ਨੇ ਜੱਥੇਬੰਦੀ ਦੇ ਉਹਨਾਂ ਦਿਨਾਂ ਨਾਲ ਡੈਲੀਗੇਟਾਂ ਦੀ ਸਾਂਝ ਪਵਾਈ ਜਦੋਂ ਉਹਨਾਂ ਇਸ ਜੱਥੇਬੰਦੀ ਦੀ ਆਗੂ ਭੂਮਿਕਾ ਸੰਭਾਲੀ ਸੀ। ਉਹਨਾਂ ਕਿਹਾ ਕਿ ਇਹ ਜੱਥੇਬੰਦੀ ਸਦਾ ਜਾਲਮਾਂ ਦੇ ਖਿਲਾਫ ਮਜ਼ਲੂਮਾਂ ਦੀ ਧਿਰ ਬਣ ਕੇ ਨਿਤਰੀ ਹੈ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਇਹਦੇ ਤੋਂ ਅੱਗੇ ਹੋ ਕੇ ਲੜਨ ਵਾਲੀ ਕੋਈ ਵੀ ਹੋਰ ਜੱਥੇਬੰਦੀ ਨਹੀਂ ਹੈ। ਉਹਨਾਂ ਕਿਹਾ ਕਿ ਸਾਡੇ ਸਮੇਂ ਅਸੀਂ ‘ਜਾਂ ਨੌਕਰੀ ਜਾਂ ਜੇਲ੍ਹ’ ਦਾ ਨਾਹਰਾ ਦਿੱਤਾ ਸੀ, ਅਤੇ ਅੱਜ ਤੁਹਾਡੀ ਜੱਥੇਬੰਦੀ ਹੁਣ ਰੁਜ਼ਗਾਰ ਦੀ ਗਰੰਟੀ ਕਨੂੰਨ ਬਨੇਗਾ ਦਾ ਨਾਹਰਾ ਦੇ ਕੇ ਉਹੇ ਸ਼ਾਨਾਂਮੱਤੀ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ, ਉਹਨਾਂ ਜੱਥੇਬੰਦੀ ਦੇ ਇਜਲਾਸ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ ਮੌਜੂਦਾ ਹਾਕਮ ਧਿਰ ਕੇ ਖਿਲਾਫ ਲੜਾਈ ਮਜ਼ਬੂਤ ਕਰਨ ਲਈ ਗਤੀਵਿਧੀਆਂ ਹੋਰ ਤੇਜ਼ ਕਰਨ ਲਈ ਕਿਹਾ। ਉਹਨਾਂ ਤੋਂ ਬਾਅਦ ਬੋਲਦਿਆਂ ‘ਰੋਜ਼ਾਨਾ ਨਵਾਂ ਜ਼ਮਾਨਾ’ ਅਖਬਾਰ ਦੇ ਡੈਸਕ ਇੰਚਾਰਜ ਅਤੇ ਸੀਨੀਅਰ ਐਡਵੋਕੇਟ ਰਜਿੰਦਰ ਮੰਡ ਨੇ ਆਪਣੀਆਂ ਸ਼ੁਭਕਾਮਨਾਵਾਂ ਜੱਥੇਬੰਦੀ ਦੇ ਸਫਲ ਇਜਲਾਸ ਲਈ ਭੇਟ ਕੀਤੀਆਂ ਜੱਥੇਬੰਧੀ ਨੂੰ ਵਿੱਦਿਆ ਦੇ ਨਿੱਜੀਕਰਨ ਅਤੇ ਬੇਰੁਜ਼ਗਾਰੀ ਦੇ ਖਿਲਾਫ ਪਹਿਲਾਂ ਨਾਲੋਂ ਵੀ ਵਧੇਰੇ ਡੱਟਣ ਲਈ ਵੰਗਾਰਿਆ।
ਉਹਨਾਂ ਕਿਹਾ ਕਿ ਉਹ ਭਵਿੱਖੀ ਰਾਜਨੀਤਿਕ ਆਗੂਆਂ ਦੀ ਨਵੀਂ ਪਨੀਰੀ ਨੂੰ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ। ਇਜਲਾਸ ਨੂੰ ਵਿੱਕੀ ਮਹੇਸਰੀ ਕੌਮੀ ਜਨਰਲ ਸਕੱਤਰ ਏ. ਆਈ. ਐੱਸ. ਐੱਫ. ਨੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸੂਬਾ ਏ. ਆਈ. ਐੱਸ. ਐੱਫ. ਕੌਮੀ ਪੱਧਰ ਉੱਤੇ ਜੱਥੇਬੰਦੀ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ। ਸਿਧਾਂਤਕ ਗਤੀਵਿਧੀਆਂ ਕਰਨ ਵਿੱਚ ਅਤੇ ਸੇਧ ਦੇਣ ਵਿੱਚ ਇਹ ਦੇਸ਼ ਭਰ ਵਿੱਚ ਆਗੂ ਭੁਮਿਕਾ ਨਿਭਾਉਂਦੀ ਹੈ ਜੋ ਕਿ ਫਾਸ਼ੀਵਾਦ ਦੇ ਅਜੋਕੇ ਸਮੇਂ ਵਿੱਚ ਸਭ ਤੋਂ ਵੱਧ ਲੋੜੀਂਦੀ ਅਤੇ ਮਹੱਤਵਪੂਰਨ ਹੈ। ਸਾਬਕਾ ਪੰਜਾਬ ਪ੍ਰਧਾਨ ਡਾ. ਸੁਮੀਤ ਸ਼ੰਮੀ ਨੇ ਵੀ ਇਜਲਾਸ ਨੂੰ ਸੰਬੋਧਨ ਕੀਤਾ ਉਹਨਾਂ ਵਿਦਿਆਰਥੀ ਲਹਿਰ ਵਿੱਚ ਏ. ਆਈ. ਐੱਸ. ਐੱਫ. ਦੀ ਮੌਜੂਦਾ ਭੂਮਿਕਾ ਨੂੰ ਸ਼ਾਨਦਾਰ ਦੱਸਿਆ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਜੱਥੇਬੰਦੀ ਦੇ ਸਾਬਕਾ ਕੌਮੀ ਆਗੂ ਸਾਥੀ ਕਸ਼ਮੀਰ ਸਿੰਘ ਗਦਾਈਆ ਨੇ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੱਥੇਬੰਦੀ ਨੂੰ ਆਪਣੀ ਆਗੂ ਭੂਮਿਕਾ ਨਿਭਾਉਂਦਿਆਂ ਸਮਾਜ ਵਿੱਚਲੀ ਹਰੇਕ ਕੁਰੀਤੀ ਦੂਰ ਕਰਨ ਲਈ ਲੜਾਈ ਲਈ ਮੈਦਾਨ ਵਿੱਚ ਨਿਰਨਾਇਕ ਭੂਮਿਕਾ ਨਿਭਾਉਣ ਲਈ ਨਿਤਰਣਾ ਚਾਹੀਦਾ ਹੈ। ਸੀਨੀਅਰ ਵਕੀਲ ਅਤੇ ਵਰਲਡ ਫੈਡਰੇਸ਼ਨ ਆਫ ਡੈਮੋਕਰੇਟਿਕ ਯੂਥ ਦੇ ਸਾਬਕਾ ਜਨਰਲ ਸਕੱਤਰ ਅਤੇ ਆੱਲ ਇੰਡੀਆ ਪੀਸ ਐਂਡ ਸੌਲੀਡੈਰਿਟੀ ਓਰਗਨਾਇਜੇਸ਼ਨ ਦੇ ਮੌਜੂਕਾ ਕੌਮੀ ਜਨਰਲ ਸਕੱਤਰ ਹਰਚੰਦ ਬਾਠ ਨੇ ਹਾਊਸ ਨੂੰ ਸੰਬੋਧਨ ਕੀਤਾ ਅਤੇ ਆਪਣੀਆਂ ਸ਼ੁਭ ਕਾਮਨਾਵਾਂ ਭੇਟ ਕਰਦਿਆਂ ਕਿਹਾ ਫਾਸ਼ੀਵਾਦ ਦੇ ਖਿਲਾਫ ਜਮਹੂਰੀ ਧਿਰਾਂ ਦੀ ਮਜ਼ਬੂਤੀ ਲਈ ਵਿਦਿਆਰਥੀਆਂ ਦਾ ਲਾਮਬੱਧ ਹੋਣਾ ਬਹੁਤ ਜ਼ਰੂਰੀ ਹੈ ਜਿਸਨੂੰ ਕਰਨ ਦਾ ਕੰਮ ਏ. ਆਈ. ਐੱਸ. ਐੱਫ. ਦੇ ਹਿੱਸੇ ਆਉਂਦਾ ਹੈ ਅਤੇ ਇਹਨੂੰ ਇਹ ਕੰ ਪਹਿਲਾਂ ਨਾਲੋਂ ਵੀ ਵੱਡੇ ਪੱਧਰ ‘ਤੇ ਕਰਨਾ ਚਾਹੀਦਾ ਹੈ।
ਸੀਨੀਅਰ ਪੱਤਰਕਾਰ ਅਤੇ ਜੱਥੇਬੰਦੀ ਦੇ ਸਾਬਕਾ ਆਗੂ ਬਲਵਿੰਦਰ ਜੰਮੂ ਨੇ ਕਿਹਾ ਕਿ ਕੌਮੀ ਸਿੱਖਿਆ ਨੀਤੀ ਵੱਲੋਂ ਜੋ ਤਬਾਹੀ ਮਚਾਈ ਜਾਣੀ ਹੈ ਉਹਦਾ ਮੁਕਾਬਲਾ ਸਿਰਫ ਤੇ ਸਿਰਫ ਸਿਧਾਂਤਕ ਤੌਰ ‘ਤੇ ਮਜ਼ਬੂਤ ਧਿਰਾਂ ਹੀ ਕਰ ਸਕਦੀਆਂ ਹਨ ਅਤੇ ਵਿਦਿਆਰਥੀ ਦੀ ਜੱਥੇਬੰਦੀ ਏ. ਆਈ. ਐੱਸ. ਐੱਫ. ਤੋਂ ਇੱਕ ਮਜ਼ਬੂਤ ਸਿਧਾਂਤਕ ਆਧਾਰ ਰੱਖਣ ਕਰਕੇ ਉਮੀਦਾਂ ਵੱਧ ਜਾਂਦੀਆਂ ਹਨ। ਉਹਨਾਂ ਤੋਂ ਬਾਅਦ ਸਾਬਕਾ ਆਗੂ ਅਤੇ ਸੇਵਾ ਮੁਕਤ ਪ੍ਰੌਫੈਸਰ ਹਰਚਰਨ ਸਿੰਘ ਅਤੇ ਪ੍ਰੋਫੈਸਰ ਬਲਵੀਰ ਨੇ ਵੀ ਸੰਬੋਧਨ ਕੀਤਾ ਅਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ।ਇਸ ਮੌਕੇ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਨੂੰਨ (ਬਨੇਗਾ) ਅਤੇ ‘ਲੋਕ ਵਿੱਦਿਆ ਨੀਤੀ’ ਨੂੰ ਲੈ ਕੇ ਬਹੁਤ ਮਹੱਤਵਪੂਰਨ ਚਰਚਾ ਹੋਈ। ਸਾਰੇ ਆਗੂਆਂ ਨੇ ਇਹ ਗੱਲ ਪੂਰੀ ਜ਼ੋਰ ਦੇ ਕੇ ਆਖੀ ਕਿ ਸਮਾਜ ਦੀ ਬਿਹਤਰੀ ਲਈ ‘ਬਨੇਗਾ’ ਅਤੇ ‘ਲੋਕ ਵਿੱਦਿਆ ਨੀਤੀ’ ਹੁਣ ਅਣਸਰਦੀ ਲੋੜ ਹੈ। ਇਸ ਮੌਕੇ ਭਰਾਤਰੀ ਸੰਦੇਸ਼ ਦੇਣ ਲਈ ਐੱਸ.ਐੱਫ.ਆਈ ਤੋਂ ਸਾਥੀ ਅਮ੍ਰਿਤਪਾਲ, ਏ.ਆਈ.ਡੀ.ਐੱਸ.ਓ. ਤੋਂ ਸਾਥੀ ਸ਼ੌਪਤਿਕ ਪਾਲ ਅਤੇ ਪੀ.ਐੱਸ.ਐਫ ਤੋਂ ਸਾਥੀ ਰਵਿੰਦਰ ਰਵੀ ਨੇ ਸ਼ਿਰਕਤ ਕੀਤੀ।
ਇਸ ਮੌਕੇ ਸਟੇਜ ਉੱਤੇ ਇਸਤਰੀ ਆਗੂ ਰੁਪਿੰਦਰ ਕੌਰ ਮਾੜੀਮੇਘਾ,ਸਾਬਕਾ ਆਗੂ ਕੁਲਦੀਪ ਭੋਲਾ, ਸਕੱਤਰ ਚਰਨਜੀਤ ਛਾਂਗਾਰਾਏ,ਏ. ਆਈ. ਵਾਈ. ਐੱਫ. ਦੇ ਕੌਮੀ ਪ੍ਰਧਾਨ ਸਾਥੀ ਸੁਖਜਿੰਦਰ ਮਹੇਸ਼ਰੀ ਅਤੇ ਸੁਖਵਿੰਦਰ ਬਾਜਵਾ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਜੱਥੇਬੰਦੀ ਸਾਬਕਾ ਆਗੂ ਸਾਥੀ ਜਗਰੂਪ ਨੇ ਵੀ ਇਜਲਾਸ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ ਦਾਰਸ਼ਨਿਕ ਸੇਧ ਵਿੱਚ ਗਤੀਵਿਧੀਆਂ ਕਰਨ ਅਤੇ ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਕਨੂੰਨ ਬਨੇਗਾ ਦੀ ਲਹਿਰ ਨੂੰ ਮਜ਼ਬੂਤ ਕਰਨ ਲਈ ਕਿਹਾ। ਸੂਬਾ ਸਕੱਤਰ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਜਿਸ ਤੋਂ ਰਿਪੋਰਟ ਉੱਤੇ ਸਾਰੇ ਡੈਲੀਗੇਟਾਂ ਨੇ ਬਹਿਸ ਕੀਤੀ, ਇਸ ਰਿਪੋਰਟ ਵਿੱਚ ਸ਼ਾਮਲ ਤੱਥਾਂ ਉੱਤੇ ਬਹੁਤ ਬਾਰੀਕੀ ਨਾਲ ਵਿਚਾਰ ਕੀਤਾ ਗਿਆ ਅਤੇ ਦੂਜੇ ਦਿਨ ਸਕੱਤਰ ਦੇ ਜਵਾਬਾਂ ਤੋਂ ਬਾਅਦ ਇਹ ਰਿਪੋਰਟ ਵਾਧਿਆਂ ਸਮੇਤ ਇਜਲਾਸ ਦੇ ਸਰਵਸੰਮਤੀ ਨਾਲ ਪਾਸ ਕਰ ਦਿੱਤੀ ਗਈ। ਕਾਨਫਰੰਸ ਦੇ ਦੂਜੇ ਦਿਨ ‘ਲੋਕ ਵਿੱਦਿਆ ਨੀਤੀ’, ਲੜਕੀਆਂ ਦੀ ਵਿੱਦਿਆ, ਹੋਸਟਲਾਂ ਦੇ ਸੁਚੱਜੇ ਪ੍ਰਬੰਧ, ਫੀਸਾਂ ਦੇ ਵਾਧੇ ਖਿਲਾਫ, ਖੇਡ ਨੀਤੀ, ਵਿਦਿਆਰਥੀ ਚੋਣਾਂ ਆਦਿ ਬਾਰੇ ਮਤੇ ਕੀਤੇ ਗਏ। ਇਸ ਮੌਕੇ 45 ਮੈਂਬਰੀ ਨਵੀਂ ਸੂਬਾ ਕੌਂਸਲ ਅਤੇ 7 ਮੈਂਬਰੀ ਸਕੱਤਰੇਤ ਦੀ ਚੋਣ ਕੀਤੀ ਗਈ। ਸਕੱਤਰੇਤ ਵਿੱਚ ਸਾਥੀ ਪ੍ਰਿਤਪਾਲ, ਸਾਥੀ, ਰਮਨ ਧਰਮੂਵਾਲਾ, ਸਾਥੀ ਨੀਤੂ, ਸੁਖਵਿੰਦਰ ਮਲੋਟ, ਸੰਜਨਾ ਢਾਬਾਂ, ਰਾਹੁਲ ਗਰਗ, ਅਤੇ ਨਵਜੋਤ ਬਿਲਾਸਪੁਰ ਨੂੰ ਚੁਣਿਆ ਗਿਆ। ਏ. ਆਈ. ਐੱਸ. ਐੱਫ. ਦੇ ਸੂਬਾ ਸਕੱਤਰ (ਜਰਨਲ) ਦੀ ਜਿੰਮੇਵਾਰੀ ਲਈ ਸਾਥੀ ਪ੍ਰਿਤਪਾਲ ਅਤੇ ਸੂਬਾ ਪ੍ਰਧਾਨ ਲਈ ਸਾਥੀ ਰਮਨ ਧਰਮੂਵਾਲਾ ਨੀ ਚੁਣਿਆ ਗਿਆ। ਸਾਥੀ ਰਾਹੁਲ ਨੂੰ ਮੀਤ ਸਕੱਤਰ (ਮੀਡੀਆ ਅਤੇ ਪ੍ਰੈਸ) ਸਾਥੀ ਨੀਤੂ ਨੂੰ ਜੁਆਇੰਰ ਸਕੱਤਰ, ਸਾਥੀ ਨਵਜੋਤ ਬਿਲਾਸਪੁਰ ਅਤੇ ਸਾਥੀ ਸੁਖਵਿੰਦਰ ਮਲੋਟ ਨੂੰ ਮੀਤ ਪ੍ਰਧਾਨ ਅਤੇ ਸੰਜਨਾ ਢਾਬਾਂ ਨੂੰ ਖਜਾਨਚੀ ਦੀ ਜੁਮੇਵਾਰੀ ਸੌਂਪੀ ਗਈ।
ਅਖਿਰ ਵਿੱਚ ਸਾਬਕਾ ਕੌਮੀ ਪ੍ਰਧਾਨ ਪਰਮਜੀਤ ਢਾਬਾਂ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆ ਕਿਹਾ ਕਿ ਵਿਦਿਆਰਥੀਆਂ ਦੇ ਮਸਲਿਆਂ ਲਈ ਕੰਮ ਕਰਨਾ ਇੱਕ ਮਾਣ ਵਾਲੀ ਗੱਲ ਹੁੰਦੀ ਹੈ। ਵਿਦਿਆਰਥੀ ਲਹਿਰ ਨਵੇਂ ਆਗੂ ਪੈਦਾ ਕਰਦੀ ਹੈ ਜੋ ਅੱਗੇ ਜਾ ਕੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੰਦੇ ਹਨ। ਅੱਜ ਦੇ ਸਮੇਂ ਵਿੱਚ ਪੰਜਾਬ ਬੇਰੁਜ਼ਗਾਰੀ, ਨਸ਼ੇ ਅਤੇ ਸਿੱਖਿਆ ਦੇ ਦਿਨੋ ਦਿਨ ਨਿੱਜੀਕਰਨ ਨਾਲ ਜੂਝ ਰਿਹਾ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਇੱਕ ਨਵੇਂ ਰਾਹ ਦੀ ਜਰੂਰਤ ਹੈ। ਸਾਬਕਾ ਕੌਮੀ ਗਰਲਜ਼ ਕਨਵੀਨਰ ਕਰਮਵੀਰ ਬੱਧਨੀ ਅਤੇ ਸਾਬਕਾ ਸੂਬਾ ਸਕੱਤਰ ਵਰਿੰਦਰ ਖੁਰਾਣਾ ਵਿਦਾਇਗੀ ਸ਼ਬਦ ਆਖਦਿਆਂ ਜੱਥੇਬੰਦੀ ਨੂੰ ਭਵਿੱਖ ਲਈ ਸ਼ਾਨਦਾਰ ਗਤੀਵਿਧੀਆਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਚੁਣੀ ਗਈ ਟੀਮ ਨੂੰ ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿੱਚ ਲਾਮਬੰਦ ਕਰਨਾ ਚਾਹੀਦਾ ਹੈ ਅਤੇ ਵਿਦਿਆਰਥੀ ਲਹਿਰ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ ਪੰਜਾਬ ਵਿੱਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਹਰ ਕਦਮ ਤੇ ਸੰਘਰਸ਼ ਤੇਜ਼ ਕਰਨਾ ਚਾਹੀਦਾ ਹੈ। ਇਜਲਾਸ ਦੌਰਾਨ ਸਾਰੇ ਸਾਬਕਾ ਆਗੂਆਂ ਦਾ ਸਨਮਾਨ ਜੱਥਬੰਦੀ ਦੇ ਝੰਡੇ, ਬੈਗ ਅਤੇ ਸਨਮਾਨ ਚਿੰਨ ਨਾਲ ਕੀਤਾ ਗਿਆ। ਇਜਲਾਸ ਦੀ ਸਮਾਪਤੀ ਝੰਡੇ ਨੂੰ ਉਤਾਰਨ ਦੀ ਰਸਮ ਨਾਲ ਹੋਈ ਜਿਹਨੂੰ ਸਾਬਕਾ ਸੂਬਾ ਸਕੱਤਰ ਨੇ ਨਵੀਂ ਆਗੂ ਟੀਮ ਨੂੰ ਭੇਟ ਕੀਤਾ। ਇਹ ਕਾਨਫਰੰਸ ਵਿਦਿਆਰਥੀ ਲਹਿਰ ਨੂੰ ਮਜ਼ਬੂਤ ਕਰਨ ਦੀ ਰਣਨੀਤਿਕ ਵਿਚਾਰ-ਚਰਚਾ ਨਾਲ ਸਫਲਤਾ ਪੂਰਵਕ ਸੰਪੰਨ ਹੋਈ।