Meghna Patel Indian Origin: ਅਮਰੀਕਾ ‘ਚ ਭਾਰਤੀ ਮੂਲ ਦੀ ਔਰਤ ਦਾ ਗੋਲੀਆਂ ਮਾਰ ਕੇ ਕਤਲ
ਵਰਜੀਨੀਆ ਦੇ ਨੋਰਫੋਕ ਸ਼ਹਿਰ ਸਥਿਤ ਸਟੋਰ ‘ਚ ਨਕਾਬਪੋਸ਼ ਨੇ ਦਿਨ-ਦਿਹੜੇ ਚਲਾਈਆਂ ਤਾਬੜਤੋੜ ਗੋਲੀਆਂ
ਮੇਘਨਾ ਪਟੇਲ ਦੀ ਮੌਕੇ ‘ਤੇ ਹੀ ਦਰਦਨਾਕ ਮੌਤ; ਅਮਰੀਕਾ ‘ਚ ਰਹਿੰਦੇ ਭਾਰਤੀ ਭਾਈਚਾਰੇ ‘ਚ ਸੋਗ ਦੀ ਲਹਿਰ
ਸਨਕੀ ਹਮਲਾਵਰ ਨੇ ਸਟੋਰ ‘ਚ ਵਾਰਦਾਤ ਕਰਨ ਤੋਂ ਪਹਿਲਾਂ ਆਪਣੇ ਸੌਤੇਲੇ ਪਿਤਾ ‘ਤੇ ਵੀ ਕੀਤਾ ਸੀ ਜਾਨਲੇਵਾ ਹਮਲਾ
ਸੈਕਰਾਮੈਂਟੋ (ਕੈਲੀਫੋਰਨੀਆ), 28 ਮਈ 2026-
Meghna Patel Indian Origin: ਅਮਰੀਕਾ ਦੇ ਵਰਜੀਨੀਆ ਸੂਬੇ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਨੋਰਫੋਕ (Norfolk) ਸ਼ਹਿਰ ਵਿੱਚ ਭਾਰਤੀ ਮੂਲ ਦੀ ਇੱਕ 47 ਸਾਲਾ ਔਰਤ ਮੇਘਨਾ ਪਟੇਲ ਦੀ ਦਿਨ-ਦਿਹੜੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।
ਇਸ ਖ਼ੂਨੀ ਵਾਰਦਾਤ ਤੋਂ ਬਾਅਦ ਜਿੱਥੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਉੱਥੇ ਹੀ ਅਮਰੀਕਾ ਵਿੱਚ ਰਹਿੰਦਾ ਸਥਾਨਕ ਭਾਰਤੀ ਭਾਈਚਾਰਾ ਇਸ ਅਚਾਨਕ ਹੋਈ ਦੁਖਦ ਘਟਨਾ ਕਾਰਨ ਡੂੰਘੇ ਸਦਮੇ ਵਿੱਚ ਹੈ।
ਮਿਲੀ ਜਾਣਕਾਰੀ ਮੁਤਾਬਕ ਮੇਘਨਾ ਪਟੇਲ ਨੋਰਫੋਕ ਦੀ ਅਜ਼ਾਲੀਆ ਗਾਰਡਨ ਰੋਡ ‘ਤੇ ਸਥਿਤ ‘ਫੈਟ ਫਿਲੀ’ (Fat Philly) ਨਾਮਕ ਇੱਕ ਸਟੋਰ ਵਿੱਚ ਕੰਮ ਕਰਦੀ ਸੀ।
ਇਹ ਸਨਸਨੀਖੇਜ਼ ਘਟਨਾ ਸਵੇਰੇ ਤਕਰੀਬਨ 8:38 ਵਜੇ ਵਾਪਰੀ, ਜਦੋਂ ਰੋਜ਼ਾਨਾ ਦੀ ਤਰ੍ਹਾਂ ਮੇਘਨਾ ਸਟੋਰ ‘ਤੇ ਮੌਜੂਦ ਸੀ ਅਤੇ ਉਸ ਵੇਲੇ ਸਟੋਰ ਲਗਭਗ ਖਾਲੀ ਸੀ।
ਇਸੇ ਦੌਰਾਨ ਇੱਕ ਅਣਪਛਾਤਾ ਨਾਕਬਪੋਸ਼ ਵਿਅਕਤੀ ਸਟੋਰ ਦੇ ਅੰਦਰ ਦਾਖਲ ਹੋਇਆ ਅਤੇ ਸਿੱਧਾ ਬਿਲਿੰਗ ਕਾਊਂਟਰ ਦੇ ਨੇੜੇ ਪਹੁੰਚ ਗਿਆ। ਕਾਊਂਟਰ ‘ਤੇ ਖੜ੍ਹੀ ਮੇਘਨਾ ਨਾਲ ਥੋੜ੍ਹੀ ਦੇਰ ਗੱਲਬਾਤ ਕਰਨ ਤੋਂ ਬਾਅਦ, ਉਸ ਨਕਾਬਪੋਸ਼ ਨੇ ਅਚਾਨਕ ਆਪਣਾ ਹਥਿਆਰ ਕੱਢਿਆ ਅਤੇ ਮੇਘਨਾ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਮੇਘਨਾ ਪਟੇਲ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ।
ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਜਾਂਚ ਕਰ ਰਹੇ ਨੋਰਫੋਕ ਦੇ ਪੁਲਿਸ ਮੁੱਖੀ ਮਾਰਕ ਟੈਲਬੋਟ (Mark Talbot) ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਹਮਲਾਵਰ ਦੀ ਪਛਾਣ ‘ਮਾਰਵੇਲ ਆਰ ਬਾਂਡ’ (Marvel R. Bond) ਵਜੋਂ ਹੋਈ ਹੈ।
ਪੁਲਿਸ ਅਨੁਸਾਰ ਇਸ ਸਿਰਫਿਰੇ ਹਮਲਾਵਰ ਨੇ ਮੇਘਨਾ ਦਾ ਕਤਲ ਕਰਨ ਤੋਂ ਤੁਰੰਤ ਬਾਅਦ ਉੱਥੋਂ ਫ਼ਰਾਰ ਹੋ ਕੇ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਵੀ ਮੌਤ ਹੋ ਚੁੱਕੀ ਹੈ।

ਪੁਲਿਸ ਦੀ ਸ਼ੁਰੂਆਤੀ ਤਫਤੀਸ਼ ਵਿੱਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਮਾਰਵੇਲ ਬਾਂਡ ਇੱਕ ਮਾਨਸਿਕ ਸਨਕੀ ਅਪਰਾਧੀ ਸੀ।
ਸਟੋਰ ਵਿੱਚ ਆ ਕੇ ਮੇਘਨਾ ਪਟੇਲ ‘ਤੇ ਗੋਲੀਆਂ ਚਲਾਉਣ ਤੋਂ ਠੀਕ ਪਹਿਲਾਂ, ਉਸ ਨੇ ਬਲੈਕਵੁੱਡ ਐਵੇਨਿਊ ਸਥਿਤ ਆਪਣੀ ਰਿਹਾਇਸ਼ ਵਿਖੇ ਘਰੇਲੂ ਝਗੜੇ ਦੌਰਾਨ ਆਪਣੇ ਸੌਤੇਲੇ ਪਿਤਾ ‘ਤੇ ਵੀ ਜਾਨਲੇਵਾ ਹਮਲਾ ਕੀਤਾ ਸੀ।
ਉਸ ਨੇ ਆਪਣੇ ਸੌਤੇਲੇ ਪਿਤਾ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਹੀ ਹੈ।
ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਹਮਲਾਵਰ ਦਾ ਭਾਰਤੀ ਮੂਲ ਦੀ ਮੇਘਨਾ ਨਾਲ ਕੀ ਸਬੰਧ ਸੀ ਅਤੇ ਉਸ ਨੇ ਇਸ ਸਟੋਰ ਨੂੰ ਹੀ ਆਪਣਾ ਨਿਸ਼ਾਨਾ ਕਿਉਂ ਬਣਾਇਆ।






