Weather Alert: ਪੰਜਾਬ ‘ਚ ਭਾਰੀ ਮੀਂਹ ਅਤੇ ਗੜੇਮਾਰੀ ਦੀ ਚੇਤਾਵਨੀ

 

Weather Alert: ਪੰਜਾਬ ‘ਚ ਭਾਰੀ ਮੀਂਹ ਅਤੇ ਗੜੇਮਾਰੀ ਦੀ ਚੇਤਾਵਨੀ

ਅਗਲੇ 24 ਘੰਟਿਆਂ ‘ਚ ਮਿਲੇਗੀ ਅੱਗ ਉਗਲਦੀ ਗਰਮੀ ਤੋਂ ਰਾਹਤ; ਮੌਸਮ ਵਿਭਾਗ ਨੇ ਜਾਰੀ ਕੀਤਾ ਹਾਈ ਅਲਰਟ

30, 31 ਮਈ ਅਤੇ 1 ਜੂਨ ਨੂੰ ਤਾਪਮਾਨ ਡਿੱਗ ਕੇ 36 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ

ਕਿਸਾਨਾਂ ਅਤੇ ਆਮ ਲੋਕਾਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ; ਟ੍ਰਾਈਸਿਟੀ (ਚੰਡੀਗੜ੍ਹ) ਵਿੱਚ 90 KM ਦੀ ਰਫ਼ਤਾਰ ਨਾਲ ਚੱਲ ਸਕਦਾ ਹੈ ਤੂਫ਼ਾਨ

ਚੰਡੀਗੜ੍ਹ, 30 ਮਈ 2026:

Weather Alert: ਪੰਜਾਬ ਵਿੱਚ ਪੈ ਰਹੀ ਹੱਡ-ਭੰਨਵੀਂ ਗਰਮੀ ਅਤੇ ਲੂ (Heat Wave) ਦੇ ਕਹਿਰ ਦਰਮਿਆਨ ਆਮ ਲੋਕਾਂ ਲਈ ਸੁੱਖ ਦਾ ਸਾਹ ਲੈਣ ਵਾਲੀ ਖ਼ਬਰ ਹੈ। ਮੌਸਮ ਵਿਭਾਗ ਨੇ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਲਈ ਅਗਲੇ 24 ਘੰਟਿਆਂ ਦਾ ‘ਰੈੱਡ ਅਲਰਟ’ ਜਾਰੀ ਕੀਤਾ ਹੈ।

ਇਸ ਦੌਰਾਨ ਸੂਬੇ ਵਿੱਚ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਗਰਜ-ਤੂਫ਼ਾਨ, ਆਸਮਾਨੀ ਬਿਜਲੀ ਚਮਕਣ ਅਤੇ ਭਾਰੀ ਮੀਂਹ ਦੇ ਨਾਲ-ਨਾਲ ਗੜੇਮਾਰੀ ਹੋਣ ਦੀ ਵੀ ਵੱਡੀ ਚੇਤਾਵਨੀ ਦਿੱਤੀ ਗਈ ਹੈ। ਜਦੋਂ ਕਿ ਸ਼ਨੀਵਾਰ ਨੂੰ ‘ਆਰੇਂਜ ਅਲਰਟ’ ਵੀ ਰਹੇਗਾ, ਜਿਸ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੇ ਅਨੁਸਾਰ, ਇਸ ਮੌਸਮੀ ਤਬਦੀਲੀ ਕਾਰਨ 30 ਮਈ, 31 ਮਈ ਅਤੇ 1 ਜੂਨ ਨੂੰ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਇਨ੍ਹਾਂ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਕਾਫ਼ੀ ਹੇਠਾਂ ਡਿੱਗ ਕੇ 36 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।

ਹਾਲਾਂਕਿ, ਇਹ ਰਾਹਤ ਅਸਥਾਈ ਹੋਵੇਗੀ, ਕਿਉਂਕਿ 2 ਜੂਨ ਤੋਂ ਮੌਸਮ ਦੁਬਾਰਾ ਸਾਫ਼ ਹੋਣ ਦੇ ਅਸਾਰ ਹਨ, ਜਿਸ ਨਾਲ ਪਾਰਾ ਫਿਰ ਤੋਂ 38 ਡਿਗਰੀ ਸੈਲਸੀਅਸ ਜਾਂ ਇਸ ਤੋਂ ਉੱਪਰ ਜਾ ਸਕਦਾ ਹੈ।

ਭਿਆਨਕ ਗਰਮੀ ਦੀ ਮਾਰ ਝੱਲ ਰਹੇ ਟ੍ਰਾਈਸਿਟੀ (ਚੰਡੀਗੜ੍ਹ, ਮੋਹਾਲੀ, ਪੰਚਕੂਲਾ) ਦੇ ਲੋਕਾਂ ਨੂੰ ਵੀ ਅਗਲੇ 24 ਘੰਟਿਆਂ ਵਿੱਚ ਵੱਡੀ ਰਾਹਤ ਮਿਲੇਗੀ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਅਨੁਸਾਰ 30 ਮਈ ਨੂੰ ਕੁੱਝ ਇਲਾਕਿਆਂ ਵਿੱਚ ਤੇਜ਼ ਗਰਜ-ਚਮਕ ਨਾਲ ਮੀਂਹ ਅਤੇ ਗੜੇਮਾਰੀ ਹੋ ਸਕਦੀ ਹੈ।

ਇਸ ਦੌਰਾਨ ਹਵਾਵਾਂ ਦੀ ਰਫ਼ਤਾਰ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ, ਜੋ ਕਿ ਕੁੱਝ ਥਾਵਾਂ ‘ਤੇ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੀ ਪਹੁੰਚ ਸਕਦੀ ਹੈ।

ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਸੰਭਾਵਿਤ ਗੜੇਮਾਰੀ ਅਤੇ ਤੇਜ਼ ਤੂਫ਼ਾਨ ਕਾਰਨ ਖੜ੍ਹੀਆਂ/ਕੱਟੀਆਂ ਫਸਲਾਂ, ਵਾਹਨਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ। ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਕਟਾਈ ਵਾਲੀਆਂ ਫਸਲਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਸਟੋਰ ਕਰਨ।

ਆਮ ਜਨਤਾ ਨੂੰ ਤੂਫ਼ਾਨ ਦੌਰਾਨ ਦਰੱਖਤਾਂ, ਕੱਚੀਆਂ ਕੰਧਾਂ ਅਤੇ ਬਿਜਲੀ ਦੀਆਂ ਤਾਰਾਂ/ਖੰਭਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਗੜੇਮਾਰੀ ਦੀ ਸਥਿਤੀ ਵਿੱਚ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਅਤੇ ਆਪਣੇ ਸਿਰ ਦੀ ਰੱਖਿਆ ਯਕੀਨੀ ਬਣਾਉਣ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਪੰਜਾਬ ਦੇ ਬਠਿੰਡਾ ਵਿੱਚ ਅਦਾਲਤ ਵਿੱਚ ਪੇਸ਼ੀ ਲਈ ਆਏ ਇੱਕ ਨੌਜਵਾਨ ਦੀ ਅੱਤ ਦੀ ਗਰਮੀ ਕਾਰਨ ਮੌਤ ਹੋ ਗਈ ਸੀ, ਜਦੋਂ ਕਿ ਤਿੰਨ ਹੋਰ ਵੱਖ-ਵੱਖ ਥਾਵਾਂ ‘ਤੇ ਬੇਹੋਸ਼ ਹੋ ਗਏ ਸਨ। ਇਸ ਲਈ ਇਸ ਖ਼ਰਾਬ ਮੌਸਮ ਦੌਰਾਨ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਸਖ਼ਤ ਲੋੜ ਹੈ।