ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ; 82 ਅਧਿਆਪਕਾਂ ਦੀ ਤਨਖ਼ਾਹ ਰੋਕਣ ਦੇ ਨਿਰਦੇਸ਼- ਕਾਰਨ ਦੱਸੋ ਨੋਟਿਸ ਜਾਰੀ

 

ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ; 82 ਅਧਿਆਪਕਾਂ ਦੀ ਤਨਖ਼ਾਹ ਰੋਕਣ ਦੇ ਨਿਰਦੇਸ਼-’ਕਾਰਨ ਦੱਸੋ’ ਨੋਟਿਸ ਜਾਰੀ

ਮਰਦਮਸ਼ੁਮਾਰੀ ਸਰਵੇਖਣ ਤੋਂ ਗ਼ੈਰ-ਹਾਜ਼ਰ ਰਹਿਣ ਵਾਲੇ 82 ਅਧਿਆਪਕਾਂ ਦੀ ਤਨਖ਼ਾਹ ਰੋਕਣ ਦੇ ਨਿਰਦੇਸ਼

ਲਾਪਰਵਾਹੀ ਵਰਤਣ ਵਾਲੇ 82 ਸਰਕਾਰੀ ਅਧਿਆਪਕਾਂ ਨੂੰ ਜਾਰੀ ਹੋਇਆ ’ਕਾਰਨ ਦੱਸੋ’ ਨੋਟਿਸ

ਚੋਣ ਤਹਿਸੀਲਦਾਰ ਦੇ ਦਫ਼ਤਰ ਪਹੁੰਚ ਕੇ ਗ਼ੈਰ-ਹਾਜ਼ਰੀ ਦਾ ਕਾਰਨ ਦੱਸਣ ਦੇ ਹੁਕਮ

ਮਰਦਮਸ਼ੁਮਾਰੀ ਡਿਊਟੀ ਦੌਰਾਨ ਸੋਸ਼ਲ ਮੀਡੀਆ ਰੀਲਾਂ ਬਣਾਉਣ ‘ਤੇ ਪਹਿਲਾਂ ਹੀ ਲੱਗ ਚੁੱਕੀ ਹੈ ਰੋਕ

ਜਲੰਧਰ, 1 June 2026:

ਪੰਜਾਬ ਵਿੱਚ ਮਰਦਮਸ਼ੁਮਾਰੀ (ਜਨਗਣਨਾ) ਦੇ ਕੰਮ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਆਪਕਾਂ ਖ਼ਿਲਾਫ਼ ਸਿੱਖਿਆ ਵਿਭਾਗ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ।

ਜਲੰਧਰ ਦੇ 82 ਸਰਕਾਰੀ ਅਧਿਆਪਕਾਂ ਨੂੰ ਮਰਦਮਸ਼ੁਮਾਰੀ ਦੇ ਕਾਰਜਾਂ ਵਿੱਚ ਸ਼ਾਮਲ ਨਾ ਹੋਣ ਕਰਕੇ ’ਕਾਰਨ ਦੱਸੋ’ (Show Cause) ਨੋਟਿਸ ਜਾਰੀ ਕੀਤਾ ਗਿਆ ਹੈ।

ਇਹ ਕਾਰਵਾਈ ਉਨ੍ਹਾਂ ਦੇ ਡਿਊਟੀ ਤੋਂ ਲਗਾਤਾਰ ਗ਼ੈਰ-ਹਾਜ਼ਰ ਰਹਿਣ ਕਾਰਨ ਅਮਲ ਵਿੱਚ ਲਿਆਂਦੀ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਸਖ਼ਤ ਕਦਮ ਚੁੱਕਦੇ ਹੋਏ ਇਨ੍ਹਾਂ ਸਾਰੇ ਗ਼ੈਰ-ਹਾਜ਼ਰ ਅਧਿਆਪਕਾਂ ਦੀ ਤਨਖ਼ਾਹ ਰੋਕਣ ਦੇ ਵੀ ਨਿਰਦੇਸ਼ ਦਿੱਤੇ ਹਨ।

ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਇਨ੍ਹਾਂ ਸਾਰੇ 82 ਅਧਿਆਪਕਾਂ ਨੂੰ ਇਲੈਕਸ਼ਨ (ਚੋਣ) ਤਹਿਸੀਲਦਾਰ ਦੇ ਦਫ਼ਤਰ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਧਿਆਪਕਾਂ ਨੂੰ ਉੱਥੇ ਪਹੁੰਚ ਕੇ ਆਪਣੀ ਗ਼ੈਰ-ਹਾਜ਼ਰੀ ਦਾ ਪੁਖ਼ਤਾ ਅਤੇ ਸਪਸ਼ਟ ਕਾਰਨ ਦੱਸਣਾ ਪਵੇਗਾ।

ਜੇਕਰ ਕੋਈ ਅਧਿਆਪਕ ਯੋਗ ਕਾਰਨ ਦੱਸਣ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸ ਵਿਰੁੱਧ ਵਿਭਾਗੀ ਨਿਯਮਾਂ ਤਹਿਤ ਹੋਰ ਸਖ਼ਤ ਕਾਨੂੰਨੀ ਤੇ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾ ਸਕਦੀ ਹੈ।

ਸੋਸ਼ਲ ਮੀਡੀਆ ਰੀਲਾਂ ਬਣਾਉਣ ‘ਤੇ ਪਹਿਲਾਂ ਹੀ ਹੈ ਪਾਬੰਦੀ

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਮਰਦਮਸ਼ੁਮਾਰੀ ਦੇ ਕੰਮਾਂ ਵਿੱਚ ਤਾਇਨਾਤ ਕੀਤੇ ਗਏ ਅਧਿਆਪਕਾਂ ‘ਤੇ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਸਖ਼ਤੀ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਵਿਭਾਗ ਵੱਲੋਂ ਡਿਊਟੀ ਦੌਰਾਨ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਜਾਂ ਰੀਲਾਂ (Reels) ਬਣਾਉਣ ‘ਤੇ ਮੁਕੰਮਲ ਰੋਕ ਲਗਾਈ ਗਈ ਸੀ, ਤਾਂ ਜੋ ਜਨਗਣਨਾ ਦੇ ਕੰਮ ਨੂੰ ਬਿਨਾਂ ਕਿਸੇ ਰੁਕਾਵਟ ਅਤੇ ਪੂਰੀ ਗੰਭੀਰਤਾ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਪਰ ਹੁਣ ਹਾਜ਼ਰੀ ਵਿੱਚ ਕੁਤਾਹੀ ਵਰਤਣ ਵਾਲੇ ਅਧਿਆਪਕਾਂ ‘ਤੇ ਹੋਈ ਇਸ ਵੱਡੀ ਕਾਰਵਾਈ ਨੇ ਪੂਰੇ ਸਿੱਖਿਆ ਮਹਿਕਮੇ ਵਿੱਚ ਹਲਚਲ ਮਚਾ ਦਿੱਤੀ ਹੈ।