ਪੰਜਾਬ ਕੈਬਨਿਟ ਸਬ-ਕਮੇਟੀ ਨਾਲ ਅਨ-ਏਡਿਡ ਅਧਿਆਪਕਾਂ ਦੀ 4 ਜੂਨ ਨੂੰ ਹੋਵੇਗੀ ਮੀਟਿੰਗ
Punjab News, 2 June 2026-
ਅਨ-ਏਡਿਡ ਅਧਿਆਪਕ ਫਰੰਟ (ਏਡਿਡ ਸਕੂਲ) ਪੰਜਾਬ ਵੱਲੋਂ ਅੱਜ ਇੱਕ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਦੀ ਅਗਵਾਈ ਸਟੇਟ ਪ੍ਰਧਾਨ ਨਿਰਭੈ ਸਿੰਘ ਜਹਾਂਗੀਰ ਅਤੇ ਸਟੇਟ ਉਪ ਪ੍ਰਧਾਨ ਸੁਖਚੈਨ ਸਿੰਘ ਜੌਹਲ ਨੇ ਕੀਤੀ, ਜਿਸ ਵਿੱਚ ਪੰਜਾਬ ਫਰੰਟ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ। ਅੱਜ ਦੀ ਇਸ ਮੀਟਿੰਗ ਦਾ ਮੁੱਖ ਮੁੱਦਾ 4 ਜੂਨ ਦੀ ਸਬ-ਕਮੇਟੀ ਨਾਲ ਮੀਟਿੰਗ ਸਬੰਧੀ ਰਣਨੀਤੀ ਬਣਾਉਣਾ ਸੀ, ਜਿਸ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ।
ਮੀਟਿੰਗ ਵਿੱਚ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕਰਕੇ ਆਪਣੀਆਂ ਮੰਗਾਂ ਲਈ ਆਵਾਜ਼ ਉਠਾਈ ਗਈ ਅਤੇ ਸਰਕਾਰ ਦਾ ਇਸ ਪ੍ਰਤੀ ਕੀ ਰੁੱਖ ਹੋਵੇਗਾ, ਇਸ ‘ਤੇ ਚਰਚਾ ਕੀਤੀ ਗਈ। ਪੰਜਾਬ ਵਿੱਚ ਲਗਭਗ 469 ਏਡਿਡ ਸਕੂਲ ਹਨ ਜੋ ਗਰੀਬ ਪਰਿਵਾਰਾਂ ਦੇ ਹਜ਼ਾਰਾਂ ਬੱਚਿਆਂ ਨੂੰ ਪੜ੍ਹਾ ਕੇ ਉਨ੍ਹਾਂ ਦਾ ਭਵਿੱਖ ਸਵਾਰ ਰਹੇ ਹਨ, ਪਰ ਇਹਨਾਂ ਅਧਿਆਪਕਾਂ ਦਾ, ਜੋ ਕਿ ਮਾਮੂਲੀ ਤਨਖ਼ਾਹਾਂ ‘ਤੇ ਸੇਵਾ ਨਿਭਾ ਰਹੇ ਹਨ, ਆਪਣਾ ਹੀ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ, ਕਿਉਂਕਿ ਸਰਕਾਰ ਨੇ ਹੁਣ ਤੱਕ ਉਨ੍ਹਾਂ ਪ੍ਰਤੀ ਨਕਾਰਾਤਮਕ ਪਹੁੰਚ ਹੀ ਅਪਣਾਈ ਹੈ।
ਹੁਣ ਤੱਕ ਸਰਕਾਰ ਵੱਲੋਂ ਵਾਰ-ਵਾਰ ਅਨ-ਏਡਿਡ ਅਧਿਆਪਕ ਫਰੰਟ ਦੀਆਂ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਦਾ ਵਿਸ਼ਵਾਸ ਦਿਵਾਏ ਜਾਣ ਦੇ ਬਾਵਜੂਦ ਵੀ ਸੇਵਾ ਵਿੱਚ ਲੰਮੀ ਉਮਰ ਲੰਘ ਚੁੱਕੇ ਅਧਿਆਪਕ ਆਪਣੇ ਹੱਕਾਂ ਤੋਂ ਵਾਂਝੇ ਹਨ।
ਅੱਜ ਦੀ ਮੀਟਿੰਗ ਦੇ ਮੁੱਦੇ ‘ਤੇ ਚਰਚਾ ਕਰਦਿਆਂ ਫੈਸਲਾ ਕੀਤਾ ਗਿਆ ਕਿ ਇਸ ਵਾਰ ਸਰਕਾਰ ਨੂੰ ਸਪਸ਼ਟ ਸ਼ਬਦਾਂ ਵਿੱਚ ਸੰਦੇਸ਼ ਦਿੱਤਾ ਜਾਵੇਗਾ ਕਿ ਜੇਕਰ ਸਰਕਾਰ ਫਰੰਟ ਦੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣੀ ਹੈ ਤਾਂ ਵਧੀਆ ਹੋਵੇਗਾ, ਕਿਉਂਕਿ ਸਰਕਾਰ ਦੀਆਂ ਲਾਰਾ-ਲਾਊ ਨੀਤੀਆਂ ਕਾਰਨ ਪਹਿਲਾਂ ਹੀ ਬਹੁਤ ਸਮਾਂ ਬਰਬਾਦ ਹੋ ਚੁੱਕਾ ਹੈ, ਇਸ ਲਈ ਅਸੀਂ ਹੁਣ ਹੋਰ ਸਬਰ ਨਹੀਂ ਕਰ ਸਕਦੇ।
ਚੀਮਾ ਸਾਡੇ ਫਰੰਟ ਦੀਆਂ ਮੰਗਾਂ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਜਾਣੂ ਹਨ, ਕਿਉਂਕਿ ਪਿਛਲੇ ਚਾਰ ਸਾਲਾਂ ਤੋਂ ਸਾਡੀਆਂ ਉਨ੍ਹਾਂ ਨਾਲ ਇਸ ਮਸਲੇ ਪ੍ਰਤੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ; ਇਸ ਲਈ ਸਾਨੂੰ ਇਸ ਵਾਰ ਪੂਰਨ ਆਸ ਹੈ ਕਿ ਮਾਨਯੋਗ ਚੀਮਾ ਸਾਡੇ ਪ੍ਰਤੀ ਸੁਹਿਰਦਤਾ ਨਾਲ ਸਕਾਰਾਤਮਕ ਫੈਸਲਾ ਲੈਣਗੇ।
ਇਸ ਤੋਂ ਬਾਅਦ ਇਹ ਵੀ ਫੈਸਲਾ ਕੀਤਾ ਗਿਆ ਕਿ ਜੇਕਰ ਫਿਰ ਵੀ ਮੀਟਿੰਗ ਬੇਸਿੱਠਾ ਰਹਿੰਦੀ ਹੈ, ਤਾਂ ਆਉਣ ਵਾਲੀ 9 ਜੂਨ ਨੂੰ ਮੁੱਖ ਮੰਤਰੀ ਨਿਵਾਸ, ਸੰਗਰੂਰ ਵੱਲ ਕੂਚ ਕਰਕੇ ਰੋਸ ਪ੍ਰਦਰਸ਼ਨ ਅਤੇ ਧਰਨਾ ਦਿੱਤਾ ਜਾਵੇਗਾ ਅਤੇ ਸਰਕਾਰ ਦਾ ਤਗੜਾ ਵਿਰੋਧ ਕੀਤਾ ਜਾਵੇਗਾ, ਜਿਸ ਲਈ ਪੂਰੇ ਪੰਜਾਬ ਫਰੰਟ ਨੇ ਸਹਿਮਤੀ ਜਤਾਈ ਅਤੇ ਸੰਘਰਸ਼ ਲਈ ਤਿਆਰ ਰਹਿਣ ਦਾ ਅਹਿਦ ਕੀਤਾ। ਆਖ਼ਿਰ ਵਿੱਚ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਸਮੂਹ ਜ਼ਿਲ੍ਹਾ ਪ੍ਰਧਾਨਾਂ ਦਾ ਨਿਰਭੈ ਸਿੰਘ ਜਹਾਂਗੀਰ ਵੱਲੋਂ ਧੰਨਵਾਦ ਕੀਤਾ ਗਿਆ।






