Weather Update: ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ! ਪੰਜਾਬ ‘ਚ ਮਾਨਸੂਨ ਦੀ ਐਂਟਰੀ ਬਾਰੇ ਪੜ੍ਹੋ ਵੱਡੀ ਅਪਡੇਟ

On: ਜੂਨ 6, 2026 6:09 ਬਾਃ ਦੁਃ

 

Weather Update: ਇਸ ਸਾਲ ਪੰਜਾਬ ਵਿੱਚ ਮਾਨਸੂਨੀ ਬਾਰਸ਼ ਆਮ ਨਾਲੋਂ 8 ਤੋਂ 10 ਫ਼ੀਸਦੀ ਘੱਟ ਰਹਿਣ ਦੀ ਸੰਭਾਵਨਾ- ਜੂਨ ਦੇ ਅੱਧ ਤੋਂ ਸ਼ੁਰੂ ਹੋਣਗੀਆਂ ਪ੍ਰੀ-ਮਾਨਸੂਨ ਗਤੀਵਿਧੀਆਂ; 11 ਜੂਨ ਤੋਂ ਨਵਾਂ ਪੱਛਮੀ ਵਿਘਨ (Western Disturbance) ਹੋਵੇਗਾ ਸਰਗਰਮ

ਚੰਡੀਗੜ੍ਹ, 6 ਜੂਨ 2026:

Weather Update: ਪੰਜਾਬ ਵਿੱਚ ਗਰਮੀ ਤੋਂ ਰਾਹਤ ਅਤੇ ਮਾਨਸੂਨ ਦੀ ਉਡੀਕ ਕਰ ਰਹੇ ਲੋਕਾਂ ਲਈ ਮੌਸਮ ਵਿਭਾਗ ਵੱਲੋਂ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਮੌਸਮ ਵਿਭਾਗ ਅਨੁਸਾਰ ਜੇਕਰ ਮਾਨਸੂਨ ਦੀ ਮੌਜੂਦਾ ਰਫ਼ਤਾਰ ਬਣੀ ਰਹੀ ਅਤੇ ਹਾਲਾਤ ਅਨੁਕੂਲ ਰਹੇ, ਤਾਂ ਮਾਨਸੂਨ 20 ਤੋਂ 25 ਜੂਨ ਦੇ ਵਿਚਕਾਰ ਪੰਜਾਬ ਵਿੱਚ ਪ੍ਰਵੇਸ਼ ਕਰ ਸਕਦਾ ਹੈ।

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਸਾਲ ਪੰਜਾਬ ਵਿੱਚ ਮਾਨਸੂਨੀ ਬਾਰਸ਼ ਆਮ ਨਾਲੋਂ 8 ਤੋਂ 10 ਫ਼ੀਸਦੀ ਤੱਕ ਘੱਟ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਜੂਨ ਦੇ ਅੱਧ ਤੋਂ ਸੂਬੇ ਵਿੱਚ ਪ੍ਰੀ-ਮਾਨਸੂਨ ਗਤੀਵਿਧੀਆਂ ਸ਼ੁਰੂ ਹੋ ਸਕਦੀਆਂ ਹਨ, ਜਿਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਗਰਜ-ਚਮਕ ਦੇ ਨਾਲ ਮੀਂਹ ਪੈਣ ਦੇ ਆਸਾਰ ਹਨ।

ਤਾਪਮਾਨ ਵਿੱਚ ਦਰਜ ਕੀਤੀ ਗਈ ਗਿਰਾਵਟ

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੋਈ ਬਾਰਸ਼ ਕਾਰਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 2.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਨਾਲ ਹੁਣ ਪਾਰਾ ਆਮ ਨਾਲੋਂ 3.4 ਡਿਗਰੀ ਹੇਠਾਂ ਪਹੁੰਚ ਗਿਆ ਹੈ। ਬੀਤੇ ਦਿਨੀਂ ਸੂਬੇ ਵਿੱਚ ਸਭ ਤੋਂ ਵੱਧ 42 ਡਿਗਰੀ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ।

ਦੂਜੇ ਪਾਸੇ, ਘੱਟੋ-ਘੱਟ ਤਾਪਮਾਨ ਵਿੱਚ ਵੀ 2.1 ਡਿਗਰੀ ਦੀ ਗਿਰਾਵਟ ਆਈ ਹੈ, ਜੋ ਕਿ ਆਮ ਨਾਲੋਂ 2.1 ਡਿਗਰੀ ਹੇਠਾਂ ਰਿਹਾ। ਪੰਜਾਬ ਵਿੱਚ ਸਭ ਤੋਂ ਘੱਟ 20.7 ਡਿਗਰੀ ਤਾਪਮਾਨ ਐਸ.ਬੀ.ਐਸ. ਨਗਰ (ਨਵਾਂਸ਼ਹਿਰ) ਵਿੱਚ ਰਿਕਾਰਡ ਕੀਤਾ ਗਿਆ।

ਮੌਸਮ ਵਿਭਾਗ ਨੇ ਸ਼ਨੀਵਾਰ ਲਈ ਪੂਰੇ ਪੰਜਾਬ ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਇਸ ਦੌਰਾਨ ਕਈ ਥਾਵਾਂ ‘ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਸੇ ਤਰ੍ਹਾਂ 7 ਜੂਨ ਨੂੰ ਵੀ ਕੁਝ ਇਲਾਕਿਆਂ ਵਿੱਚ ਹਲਕਾ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ।

ਵਿਭਾਗ ਦੇ ਪੂਰਵ-ਅਨੁਮਾਨ ਮੁਤਾਬਕ 8 ਜੂਨ ਤੋਂ ਮੌਸਮ ਮੁੜ ਖ਼ੁਸ਼ਕ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਇਹ ਰਾਹਤ ਜ਼ਿਆਦਾ ਲੰਬੀ ਨਹੀਂ ਹੋਵੇਗੀ ਕਿਉਂਕਿ 11 ਜੂਨ ਤੋਂ ਇੱਕ ਨਵਾਂ ਪੱਛਮੀ ਵਿਘਨ (ਵੈਸਟਰਨ ਡਿਸਟਰਬੈਂਸ) ਸਰਗਰਮ ਹੋਣ ਜਾ ਰਿਹਾ ਹੈ, ਜਿਸ ਕਾਰਨ ਮੌਸਮ ਇੱਕ ਵਾਰ ਫਿਰ ਕਰਵਟ ਲਵੇਗਾ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਸ਼ ਦਰਜ ਕੀਤੀ ਜਾ ਸਕਦੀ ਹੈ।

 

Join WhatsApp

Join Now

Leave a Comment