Nursing Student Suicide: ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਸ਼ੇਰੋਂ ਦੀ ਘਟਨਾ; ਕਾਲਜ ਤੋਂ ਪਰਤ ਕੇ ਚੁੱਕਿਆ ਖ਼ੌਫਨਾਕ ਕਦਮ- ਮਾਈ ਭਾਗੋ ਕਾਲਜ ਉਸਮਾਂ ਵਿਖੇ ਨਰਸਿੰਗ ਦਾ ਕੋਰਸ ਕਰ ਰਹੀ ਸੀ ਮ੍ਰਿਤਕ ਗੀਤਿਕਾ- ਮਾਂ ਦੇ ਬਿਆਨਾਂ ‘ਤੇ ਅੰਮ੍ਰਿਤਸਰ ਦੇ ਮੁਲਜ਼ਮ ਰਜਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ; ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ
ਨੌਸ਼ਹਿਰਾ ਪੰਨੂਆਂ/ਤਰਨਤਾਰਨ, 8 ਜੂਨ 2026:
Nursing Student Suicide: ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਸ਼ੇਰੋਂ ਵਿਖੇ ਇੱਕ ਬੇਹੱਦ ਦੁਖਦਾਈ ਅਤੇ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੇ ਨਰਸਿੰਗ ਦੀ ਇੱਕ 23 ਸਾਲਾ ਵਿਦਿਆਰਥਣ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ। ਖ਼ੁਦਕੁਸ਼ੀ ਦਾ ਕਾਰਨ ਦੋਸਤ ਵੱਲੋਂ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰਨਾ ਦੱਸਿਆ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਥਾਣਾ ਸਰਹਾਲੀ ਦੀ ਪੁਲਿਸ ਵੱਲੋਂ ਮੁਲਜ਼ਮ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕਾ ਦੀ ਮਾਂ ਬਲਵਿੰਦਰ ਕੁਮਾਰੀ (ਪਤਨੀ ਸਵ. ਅਯੋਧਿਆ ਨਾਥ, ਵਾਸੀ ਪਿੰਡ ਸ਼ੇਰੋਂ) ਨੇ ਦੱਸਿਆ ਕਿ ਉਸ ਦੀ 23 ਸਾਲਾ ਧੀ ਗੀਤਿਕਾ, ਮਾਈ ਭਾਗੋ ਕਾਲਜ ਉਸਮਾਂ (ਤਰਨਤਾਰਨ) ਵਿਖੇ ਨਰਸਿੰਗ ਦਾ ਕੋਰਸ ਕਰ ਰਹੀ ਸੀ।
ਗੀਤਿਕਾ ਦੀ ਦੋਸਤੀ ਰਜਿੰਦਰ ਸਿੰਘ ਵਾਸੀ ਬੱਲ ਕਲਾਂ (ਨੇੜੇ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ) ਨਾਲ ਸੀ। ਰਜਿੰਦਰ ਅਕਸਰ ਗੀਤਿਕਾ ਨਾਲ ਫ਼ੋਨ ‘ਤੇ ਗੱਲਬਾਤ ਕਰਦਾ ਸੀ ਅਤੇ ਕਈ ਵਾਰ ਉਨ੍ਹਾਂ ਦੇ ਘਰ ਵੀ ਆਇਆ-ਜਾਇਆ ਕਰਦਾ ਸੀ। ਰਜਿੰਦਰ ਨੇ ਗੀਤਿਕਾ ਨਾਲ ਵਿਆਹ ਕਰਵਾਉਣ ਦਾ ਲਾਰਾ ਲਾਇਆ ਹੋਇਆ ਸੀ। ਬਲਵਿੰਦਰ ਕੁਮਾਰੀ ਮੁਤਾਬਕ ਉਨ੍ਹਾਂ ਨੇ ਰਜਿੰਦਰ ਨੂੰ ਇਹ ਵੀ ਕਿਹਾ ਸੀ ਕਿ ਜੇਕਰ ਉਹ ਇੱਕ-ਦੂਜੇ ਨੂੰ ਪਸੰਦ ਕਰਦੇ ਹਨ ਤਾਂ ਬੇਸ਼ੱਕ ਕੋਰਟ ਮੈਰਿਜ (ਅਦਾਲਤੀ ਵਿਆਹ) ਕਰਵਾ ਲੈਣ।
ਸ਼ਿਕਾਇਤਕਰਤਾ ਨੇ ਦੱਸਿਆ ਕਿ 5 ਜੂਨ 2026 ਨੂੰ ਦੁਪਹਿਰ ਕਰੀਬ 3:30 ਵਜੇ ਜਦੋਂ ਗੀਤਿਕਾ ਕਾਲਜ ਤੋਂ ਘਰ ਵਾਪਸ ਆਈ, ਤਾਂ ਉਹ ਬੇਹੱਦ ਪਰੇਸ਼ਾਨ ਸੀ। ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਰਜਿੰਦਰ ਸਿੰਘ ਨੇ ਹੁਣ ਵਿਆਹ ਕਰਵਾਉਣ ਤੋਂ ਸਾਫ਼ ਮਨਾ ਕਰ ਦਿੱਤਾ ਹੈ। ਬਲਵਿੰਦਰ ਕੁਮਾਰੀ ਆਪਣੀ ਧੀ ਨੂੰ ਸਮਝਾ ਕੇ ਬਾਹਰ ਦੁਕਾਨ ‘ਤੇ ਚਲੀ ਗਈ। ਪਰ ਜਦੋਂ ਉਹ ਸ਼ਾਮ ਕਰੀਬ 4 ਵਜੇ ਘਰ ਵਾਪਸ ਪਰਤੀ, ਤਾਂ ਅੰਦਰ ਦਾ ਮੰਜ਼ਰ ਦੇਖ ਕੇ ਉਸ ਦੇ ਹੋਸ਼ ਉੱਡ ਗਏ।
ਗੀਤਿਕਾ ਨੇ ਕੋਠੇ ਦੇ ਬਨੇਰੇ ਨਾਲ ਲੱਗੇ ਪਾਵੇ ਨਾਲ ਪਲਾਸਟਿਕ ਦੀ ਰੱਸੀ ਬੰਨ੍ਹ ਕੇ ਫਾਹਾ ਲਿਆ ਹੋਇਆ ਸੀ। ਰਜਿੰਦਰ ਵੱਲੋਂ ਮਿਲੇ ਧੋਖੇ ਕਾਰਨ ਗੀਤਿਕਾ ਨੇ ਇਹ ਆਤਮਘਾਤੀ ਕਦਮ ਚੁੱਕਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਾਲੀ ਅਧੀਨ ਆਉਂਦੀ ਪੁਲਿਸ ਚੌਕੀ ਨੌਸ਼ਹਿਰਾ ਪੰਨੂਆਂ ਦੇ ਇੰਚਾਰਜ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਗੀਤਿਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਦੇਹ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
ਮ੍ਰਿਤਕਾ ਦੀ ਮਾਂ ਬਲਵਿੰਦਰ ਕੁਮਾਰੀ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਰਜਿੰਦਰ ਸਿੰਘ ਵਾਸੀ ਬੱਲ ਕਲਾਂ (ਅੰਮ੍ਰਿਤਸਰ ਦਿਹਾਤੀ) ਦੇ ਖ਼ਿਲਾਫ਼ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

















