Punjab News: ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਵੱਲੋਂ AAP MLA ਨੂੰ ਮੰਗ ਪੱਤਰ; ਪੰਜਾਬ ਲਾਇਬ੍ਰੇਰੀ ਐਕਟ ਪਾਸ ਕਰਨ ਦੀ ਉੱਠੀ ਮੰਗ
Punjab News: ਸਰਕਾਰੀ ਸਕੂਲਾਂ, ਕਾਲਜਾਂ ਅਤੇ ਜ਼ਿਲ੍ਹਾ ਲਾਇਬ੍ਰੇਰੀਆਂ ‘ਚ ਨਵੀਆਂ ਅਸਾਮੀਆਂ ਤੁਰੰਤ ਕੱਢਣ ਦੀ ਮੰਗ- ਦੇਸ਼ ਦੇ 19 ਰਾਜਾਂ ਵਿੱਚ ਲਾਇਬ੍ਰੇਰੀ ਐਕਟ ਪਾਸ, ਪੰਜਾਬ ‘ਚ ਵੀ ਤੁਰੰਤ ਲਾਗੂ ਕਰਨ ਦੀ ਮੰਗ
ਚੰਡੀਗੜ੍ਹ, 11 ਜੂਨ 2026-
Punjab News: ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਪੰਜਾਬ ਵੱਲੋਂ ਲਾਇਬ੍ਰੇਰੀਆਂ ਦੀ ਹਾਲਤ ਸੁਧਾਰਨ ਅਤੇ ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਕਰਨ ਦੇ ਸਬੰਧ ਵਿੱਚ ਹਲਕਾ ਸੰਗਰੂਰ ਤੋਂ ਵਿਧਾਇਕ (MLA) ਨਰਿੰਦਰ ਕੌਰ ਭਰਾਜ ਨੂੰ ਇੱਕ ਅਹਿਮ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਯੂਨੀਅਨ ਦੇ ਨੁਮਾਇੰਦਿਆਂ ਨੇ ਵਿਧਾਇਕ ਭਰਾਜ ਨਾਲ ਮੁਲਾਕਾਤ ਕਰਕੇ ਲਾਇਬ੍ਰੇਰੀ ਵਿਭਾਗ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ।
ਯੂਨੀਅਨ ਵੱਲੋਂ ਰੱਖੀਆਂ ਗਈਆਂ ਮੁੱਖ ਮੰਗਾਂ
ਮੰਗ ਪੱਤਰ ਰਾਹੀਂ ਯੂਨੀਅਨ ਨੇ ਸਰਕਾਰ ਅੱਗੇ ਮੁੱਖ ਮੁੱਦੇ ਚੁੱਕੇ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀਅਨਾਂ ਦੀਆਂ ਖਾਲੀ ਪਈਆਂ ਪੋਸਟਾਂ ਨੂੰ ਤੁਰੰਤ ਇਸ਼ਤਿਹਾਰ ਦੇ ਕੇ ਭਰਿਆ ਜਾਵੇ। ਸੂਬੇ ਦੇ ਕਾਲਜਾਂ ਵਿੱਚ ਸਹਾਇਕ ਲਾਇਬ੍ਰੇਰੀਅਨ (Assistant Librarian) ਅਤੇ ਰੀਸਟੋਰਰ ਦੀਆਂ ਨਵੀਆਂ ਪੋਸਟਾਂ ਕੱਢੀਆਂ ਜਾਣ।
ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੌਜੂਦ ਜ਼ਿਲ੍ਹਾ ਲਾਇਬ੍ਰੇਰੀ ਲਈ ਪੱਕੇ ਲਾਇਬ੍ਰੇਰੀਅਨ ਤਾਇਨਾਤ ਕੀਤੇ ਜਾਣ, ਕਿਉਂਕਿ ਸਟਾਫ਼ ਦੀ ਘਾਟ ਕਾਰਨ ਇਹ ਲਾਇਬ੍ਰੇਰੀਆਂ ਬੰਦ ਹੋਣ ਦੀ ਕਗਾਰ ‘ਤੇ ਪਹੁੰਚ ਚੁੱਕੀਆਂ ਹਨ। ਦੇਸ਼ ਦੇ 19 ਰਾਜਾਂ ਵਿੱਚ ਪਹਿਲਾਂ ਹੀ ‘ਲਾਇਬ੍ਰੇਰੀ ਐਕਟ’ ਪਾਸ ਹੋ ਚੁੱਕਾ ਹੈ, ਪਰ ਪੰਜਾਬ ਵਿੱਚ ਅਜੇ ਤੱਕ ਇਸ ‘ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਲਈ ਪੰਜਾਬ ਵਿੱਚ ਵੀ ਇਸ ਐਕਟ ਨੂੰ ਤੁਰੰਤ ਪਾਸ ਕੀਤਾ ਜਾਵੇ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਯੂਨੀਅਨ ਦੇ ਨੁਮਾਇੰਦਿਆਂ ਦੀਆਂ ਸਾਰੀਆਂ ਮੰਗਾਂ ਨੂੰ ਬਹੁਤ ਧਿਆਨ ਅਤੇ ਹਮਦਰਦੀ ਨਾਲ ਸੁਣਿਆ। ਉਨ੍ਹਾਂ ਨੁਮਾਇੰਦਿਆਂ ਨੂੰ ਪੂਰਨ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਇਸ ਗੰਭੀਰ ਮਸਲੇ ਨੂੰ ਬਹੁਤ ਜਲਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਮਕਸ਼ ਰੱਖਣਗੇ। ਇਸ ਦੇ ਨਾਲ ਹੀ ਯੋਗ ਕਾਰਵਾਈ ਲਈ ਸਬੰਧਿਤ ਉੱਚ ਅਧਿਕਾਰੀਆਂ ਨਾਲ ਵੀ ਰਾਬਤਾ ਕਾਇਮ ਕੀਤਾ ਜਾਵੇਗਾ।
ਉਨ੍ਹਾਂ ਭਰੋਸਾ ਦਿੱਤਾ ਕਿ ਬਹੁਤ ਹੀ ਘੱਟ ਸਮੇਂ ਦੇ ਅੰਦਰ ਇਨ੍ਹਾਂ ਜਾਇਜ਼ ਮੰਗਾਂ ਦਾ ਸਕਾਰਾਤਮਕ ਹੱਲ ਕੱਢਿਆ ਜਾਵੇਗਾ। ਲਾਇਬ੍ਰੇਰੀ ਵਿਭਾਗ ਦੇ ਮੈਂਬਰਾਂ ਨੇ ਉਮੀਦ ਜਤਾਈ ਕਿ ਸਰਕਾਰ ਦੇ ਇਸ ਹੁੰਗਾਰੇ ਨਾਲ ਪੰਜਾਬ ਦੀਆਂ ਲਾਇਬ੍ਰੇਰੀਆਂ ਅਤੇ ਪਾਠਕ ਵਰਗ ਨੂੰ ਵੱਡਾ ਲਾਭ ਮਿਲੇਗਾ।
ਇਸ ਮੰਗ ਪੱਤਰ ਸੌਂਪਣ ਦੇ ਮੌਕੇ ‘ਤੇ ਸੂਬਾ ਕਨਵੀਨਰ ਰਾਜ ਸਿੰਘ ਬਰਨਾਲਾ, ਸਹਾਇਕ ਸੂਬਾ ਕਨਵੀਨਰ ਭੁਪਿੰਦਰ ਸਿੰਘ ਪਟਿਆਲਾ, ਖਜ਼ਾਨਚੀ ਗਗਨਦੀਪ ਸਿੰਘ ਪਟਿਆਲਾ, ਜ਼ਿਲ੍ਹਾ ਕਨਵੀਨਰ ਰਿੰਕੂ ਸਿੰਘ ਮਾਨਸਾ, ਸ਼ੇਰ ਸਿੰਘ ਬਰਨਾਲਾ, ਜਗਵਿੰਦਰ ਸਿੰਘ ਸੰਗਰੂਰ ਅਤੇ ਹਰਪ੍ਰੀਤ ਸਿੰਘ ਸੰਗਰੂਰ ਸਮੇਤ ਯੂਨੀਅਨ ਦੇ ਕਈ ਪ੍ਰਮੁੱਖ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।















