ਵੱਡੀ ਖ਼ਬਰ: ਅਕਾਲੀ ਲੀਡਰ ਦਾ ਬੇਰਹਿਮੀ ਨਾਲ ਕਤਲ! ਅਕਾਲੀ ਦਲ ਦੇ ਟ੍ਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਨ ਹਰਪਿੰਦਰ ਸਿੰਘ
ਹੁਸ਼ਿਆਰਪੁਰ, 13 ਜੂਨ 2026- ਹੁਸ਼ਿਆਰਪੁਰ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਮੰਨਣ ਤੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਬੇਹੱਦ ਸਨਸਨੀਖੇਜ਼ ਅਤੇ ਦਿਲ ਕੰਬਾਊ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਕਾਲੀ ਦਲ ਦੇ ਸੀਨੀਅਰ ਆਗੂ ਹਰਪਿੰਦਰ ਸਿੰਘ ਉਰਫ਼ ਸੋਨੂ (47) ਦਾ ਜ਼ਮੀਨੀ ਰੰਜਿਸ਼ ਦੇ ਚਲਦਿਆਂ ਬੇਰਹਿਮੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਇਸ ਖ਼ੂਨੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਹਰਪਿੰਦਰ ਸਿੰਘ ਅਕਾਲੀ ਦਲ ਦੇ ਟ੍ਰਾਂਸਪੋਰਟ ਵਿੰਗ ਵਿੱਚ ਜ਼ਿਲ੍ਹਾ ਪੱਧਰ ‘ਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ‘ਤੇ ਤਾਇਨਾਤ ਸਨ। ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਦਾ ਪਿੰਡ ਦੇ ਹੀ ਇੱਕ ਪਰਿਵਾਰ ਨਾਲ ਕਰੀਬ ਤਿੰਨ ਕਨਾਲ ਜ਼ਮੀਨ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ।
ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਸੀ ਅਤੇ ਕਰੀਬ ਸੱਤ ਸਾਲ ਤੱਕ ਚੱਲੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਅਦਾਲਤ ਦਾ ਫੈਸਲਾ ਹਰਪਿੰਦਰ ਸਿੰਘ ਦੇ ਪੱਖ ਵਿੱਚ ਆਇਆ ਸੀ। ਮ੍ਰਿਤਕ ਦੀ ਪਤਨੀ ਸੁਰਜੀਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪਤੀ ਵਿਵਾਦਿਤ ਜ਼ਮੀਨ ਦਾ ਕਬਜ਼ਾ ਲੈਣ ਗਏ ਸਨ, ਜਿੱਥੇ ਦੂਜੀ ਧਿਰ ਦੇ ਲੋਕਾਂ ਨਾਲ ਤਿੱਖੀ ਬਹਿਸਬਾਜ਼ੀ ਹੋਈ ਸੀ। ਇਸ ਸਬੰਧੀ ਪਿੰਡ ਦੇ ਸਰਪੰਚ ਅਤੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ।
ਪਰਿਵਾਰ ਦਾ ਦੋਸ਼ ਹੈ ਕਿ ਇਸੇ ਰੰਜਿਸ਼ ਦੇ ਤਹਿਤ ਇਸ ਖ਼ੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਰਿਵਾਰ ਮੁਤਾਬਕ ਵੀਰਵਾਰ ਦੁਪਹਿਰ ਨੂੰ ਹਰਪਿੰਦਰ ਸਿੰਘ ਆਪਣੇ ਕੰਮ ਤੋਂ ਘਰ ਪਰਤ ਰਹੇ ਸਨ। ਇਸੇ ਦੌਰਾਨ ਪਿੰਡ ਦੇ ਨੇੜੇ ਨਹਿਰ ਕੋਲ ਕੁਝ ਲੋਕਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਉੱਥੋਂ ਨਿਕਲ ਗਏ।
ਦੋਸ਼ ਹੈ ਕਿ ਇਸ ਤੋਂ ਬਾਅਦ ਹਮਲਾਵਰਾਂ ਨੇ ਗੱਡੀਆਂ ‘ਤੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਘਰ ਤੋਂ ਕੁਝ ਹੀ ਦੂਰੀ ‘ਤੇ ਪਹੁੰਚਣ ‘ਤੇ ਹਰਪਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਉਹ ਸੜਕ ‘ਤੇ ਡਿੱਗ ਗਏ। ਇਸ ਤੋਂ ਬਾਅਦ ਕਈ ਲੋਕਾਂ ਨੇ ਮਿਲ ਕੇ ਉਨ੍ਹਾਂ ‘ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਦੇਰ ਰਾਤ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਪੁਲਿਸ ਵੱਲੋਂ ਸੀਸੀਟੀਵੀ (CCTV) ਫੁਟੇਜ ਦੀ ਜਾਂਚ, ਜਲਦ ਗ੍ਰਿਫ਼ਤਾਰੀ ਦਾ ਦਾਅਵਾ
ਘਟਨਾ ਦੀ ਸੂਚਨਾ ਮਿਲਦਿਆਂ ਹੀ ਉੱਚ ਪੁਲਿਸ ਅਧਿਕਾਰੀ ਭਾਰੀ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਘਟਨਾ ਸਥਾਨ ਤੋਂ ਅਹਿਮ ਸਬੂਤ ਇਕੱਠੇ ਕੀਤੇ ਹਨ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਅਤੇ ਉਨ੍ਹਾਂ ਦੇ ਰੂਟ ਦਾ ਪਤਾ ਲਗਾਉਣ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੇ ਸੰਭਾਵਿਤ ਟਿਕਾਣਿਆਂ ‘ਤੇ ਲਗਾਤਾਰ ਰੇਡ ਕੀਤੀ ਜਾ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਵਾਰਦਾਤ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਦੁਖਦਾਈ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਅਤੇ ਭਾਰੀ ਰੋਸ ਦਾ ਮਾਹੌਲ ਹੈ ਅਤੇ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।















